ਵਿਧਾਨ ਸਭਾ/ਲੋਕ ਸਭਾ ਚੋਣਾਂ ਤੋਂ ਮਹਿੰਗੀਆਂ ਸਾਬਿਤ ਹੋ ਰਹੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ

03/10/2024 12:23:42 PM

ਜਲੰਧਰ (ਜਤਿੰਦਰ ਚੋਪੜਾ)–ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਭਰ ਵਿਚ ਬਹੁ-ਚਰਚਿਤ ਜਿਮਖਾਨਾ ਕਲੱਬ ਦੀਆਂ 10 ਮਾਰਚ ਨੂੰ ਹੋ ਰਹੀਆਂ ਚੋਣਾਂ ਵਿਚ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾ ਰਹੇ ਹਰ ਹੱਥਕੰਡੇ ਨੇ ਹਰੇਕ ਵਰਗ ਨੂੰ ਹੈਰਾਨ ਕੀਤਾ ਹੋਇਆ ਹੈ। ਕਲੱਬ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਦੇ ਵੱਡੇ-ਵੱਡੇ ਹੋਟਲਾਂ ਵਿਚ ਸ਼ਰਾਬ ਅਤੇ ਕਬਾਬ ਦੇ ਦੌਰ ਚਲਾ ਕੇ ਜਿਸ ਤਰ੍ਹਾਂ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ, ਉਸ ਨਾਲ ਹਰੇਕ ਵਿਅਕਤੀ ਦੀ ਜ਼ੁਬਾਨ ’ਤੇ ਇਕ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਆਖਿਰ ਇਕ ਕਲੱਬ ਦੀਆਂ ਚੋਣਾਂ ਵਿਚ ਜਿੱਤਣ ਵਾਲੇ ਉਮੀਦਵਾਰਾਂ ਨੂੰ ਅਜਿਹਾ ਕੀ ਮਿਲਣ ਵਾਲਾ ਹੈ, ਜਿਸ ਨੂੰ ਹਾਸਲ ਕਰਨ ਖਾਤਿਰ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਪੈਸੇ ਦਾ ਨੰਗਾ ਨਾਚ ਕਰ ਰਹੇ ਹਨ। ਲੋਕਾਂ ਦੇ ਜ਼ਿਹਨ ਵਿਚ ਵੱਡਾ ਸਵਾਲ ਇਹ ਘੁੰਮ ਰਿਹਾ ਹੈ ਕਿ ਆਖਿਰ ਲੱਖਾਂ ਰੁਪਿਆ ਫੂਕ ਕੇ ਇਕ ਕਲੱਬ ਦਾ ਅਹੁਦਾ ਹਾਸਲ ਕਰਨ ਵਾਲੇ ਅਹੁਦੇਦਾਰ ਦੇ ਹੱਥ ਅਜਿਹਾ ਕਿਹੜਾ ਜਾਦੂਈ ਚਿਰਾਗ ਲੱਗੇਗਾ, ਜਿਸ ਨੂੰ ਹਾਸਲ ਕਰਨ ਖਾਤਿਰ ਸਾਰੇ ਗਰੁੱਪ ਲੱਖਾਂ ਰੁਪਿਆ ਪਾਰਟੀਆਂ ’ਤੇ ਖਰਚ ਕਰਨ ਤੋਂ ਇਲਾਵਾ ਆਪਣੇ ਕੰਮ-ਧੰਦੇ ਛੱਡ ਕੇ ਪਿਛਲੇ ਕਈ ਹਫ਼ਤਿਆਂ ਵਿਚ ਦਿਨ-ਰਾਤ ਚੋਣ ਪ੍ਰਚਾਰ ਵਿਚ ਜੁਟੇ ਹੋਏ ਹਨ।

ਸ਼ਹਿਰ ਵਿਚ ਚੋਣ ਪ੍ਰਚਾਰ ਨੂੰ ਲੈ ਕੇ ਬਣੇ ਹਾਲਾਤ ਦੇਖ ਕੇ ਆਮ ਲੋਕ ਤਾਂ ਸ਼ਰੇਆਮ ਹੁਣ ਇਹ ਕਹਿਣ ਲੱਗੇ ਹਨ ਕਿ ਕੀ ਇਹ ਚੋਣਾਂ ਕਿਸੇ ਕਲੱਬ ਦੀਆਂ ਹਨ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ। ਇੰਨਾ ਪੈਸਾ ਅਤੇ ਤਾਮ-ਝਾਮ ਤਾਂ ਸ਼ਾਇਦ ਵਿਧਾਨ ਸਭਾ/ਲੋਕ ਸਭਾ ਚੋਣਾਂ ਵਿਚ ਵੀ ਦੇਖਣ ਨੂੰ ਨਹੀਂ ਮਿਲਦਾ। ਕਲੱਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਵੱਲੋਂ ਇਸ ਸਾਲ ਦੇ ਚੋਣ ਪ੍ਰਚਾਰ ਵਿਚ ਜਿਸ ਸ਼ਾਨੋ-ਸ਼ੌਕਤ ਦਾ ਪ੍ਰਦਰਸ਼ਨ ਕੀਤਾ ਗਿਆ, ਸ਼ਾਇਦ ਇੰਨਾ ਕਲੱਬ ਦੇ ਇਤਿਹਾਸ ਵਿਚ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ।

PunjabKesari

ਇਹ ਵੀ ਪੜ੍ਹੋ: ਜਲੰਧਰ ਪੁਲਸ ਵੱਲੋਂ ਵੱਡੇ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਪਰਦਾਫ਼ਾਸ਼, 22 ਕਿਲੋ ਅਫ਼ੀਮ ਸਣੇ 9 ਗ੍ਰਿਫ਼ਤਾਰ
ਜਿਮਖਾਨਾ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਅਤੇ ਹਰੇਕ ਗਰੁੱਪ ਆਪਣਾ ਵੱਕਾਰ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਕੇ ਚੋਣ ਪ੍ਰਚਾਰ ਕਰਨ ਵਿਚ ਜੁਟਿਆ ਰਿਹਾ। ਦੂਜੇ ਪਾਸੇ 10 ਮਾਰਚ ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਜਿਮਖਾਨਾ ਕਲੱਬ ਦੇ ਬਾਹਰ ਸਕਾਈਲਾਰਕ ਚੌਂਕ ਤੋਂ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ, ਇਥੋਂ ਤਕ ਕਿ ਸਰਕਟ ਹਾਊਸ ਦੇ ਬਾਹਰ ਤਕ ਸੈਂਕੜਿਆਂ ਦੀ ਗਿਣਤੀ ਵਿਚ ਰੰਗ-ਬਿਰੰਗੇ ਹੋਰਡਿੰਗਜ਼ ਲਾ ਕੇ ਕਲੱਬ ਦੇ ਸੰਵਿਧਾਨ ਵਿਚ ਬਣਾਏ ‘ਕੋਡ ਆਫ ਕੰਡਕਟ’ ਦੀ ਜੰਮ ਕੇ ਉਲੰਘਣਾ ਕੀਤੀ ਗਈ। ਇੰਨਾ ਹੀ ਨਹੀਂ, ਕਲੱਬ ਚੋਣਾਂ ਵਿਚ ਸ਼ਾਮਲ ਅਚੀਵਰਸ ਗਰੁੱਪ ਨੇ ਤਾਂ ਮੈਂਬਰਾਂ ਅਤੇ ਵੋਟਰਾਂ ਨੂੰ ਲੁਭਾਉਣ ਲਈ ਕਲੱਬ ਕਬਾਨਾ ਰਿਜ਼ਾਰਟ ਵਿਚ ਵੋਟਿੰਗ ਤੋਂ ਇਕ ਰਾਤ ਪਹਿਲਾਂ 9 ਮਾਰਚ ਨੂੰ 8 ਵਜੇ ਇਕ ਪਾਰਟੀ ਵੀ ਰੱਖੀ ਸੀ, ਜਿਸ ਨੂੰ ਲੈ ਕੇ ਕਲੱਬ ਦੇ ਵ੍ਹਟਸਐਪ ਗਰੁੱਪਾਂ ਵਿਚ ਮੈਂਬਰਾਂ ਨੂੰ ਸੱਦਾ-ਪੱਤਰ ਭੇਜਿਆ ਗਿਆ ਸੀ।

ਜਿਮਖਾਨਾ ਕਲੱਬ ਨੇੜਲੀਆਂ ਸੜਕਾਂ ’ਤੇ ਲੱਗੇ ਹੋਰਡਿੰਗਜ਼ ਅਤੇ ਪਾਰਟੀ ਦੇ ਆਯੋਜਨ ਨੂੰ ਲੈ ਕੇ ਕਈ ਮੈਂਬਰਾਂ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਕਲੱਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਸ਼ੇਸ਼ ਸਾਰੰਗਲ ਅਤੇ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ, ਜਿਸ ਉਪਰੰਤ ਪ੍ਰਸ਼ਾਸਨ ਨੇ ‘ਕੋਡ ਆਫ਼ ਕੰਡਕਟ’ ਦਾ ਚਾਬੁਕ ਚਲਾਉਂਦਿਆਂ ਤੁਰੰਤ ਕਲੱਬ ਕਬਾਨਾ ਵਿਚ ਆਯੋਜਿਤ ਕੀਤੀ ਜਾ ਰਹੀ ਪਾਰਟੀ ਨੂੰ ਲੈ ਕੇ ਅਚੀਵਰਸ ਗਰੁੱਪ ਦੇ 12 ਉਮੀਦਵਾਰਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰ ਦਿੱਤਾ।

ਏ. ਆਰ. ਓ. ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ 10 ਮਾਰਚ ਨੂੰ ਹੋਣ ਵਾਲੀਆਂ ਕਲੱਬ ਦੀਆਂ ਆਮ ਚੋਣਾਂ ਵਿਚ ਜਿਮਖਾਨਾ ਦੇ ਵੱਖ-ਵੱਖ ਅਹੁਦਿਆਂ ਲਈ ਚੋਣ ਲੜ ਰਹੇ ਉਮੀਦਵਾਰ ਆਦਰਸ਼ ਚੋਣ ਜ਼ਾਬਤੇ ਅਤੇ ਚੋਣ ਨਿਯਮਾਂ ਦੇ ਰੂਲ 24 ਅਨੁਸਾਰ ਵੋਟਿੰਗ ਤੋਂ 24 ਘੰਟੇ ਪਹਿਲਾਂ ਪ੍ਰਚਾਰ ਕਰਨਾ ਬੰਦ ਕਰੇਗਾ, ਜਿਸ ਕਾਰਨ 9 ਮਾਰਚ ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਬੰਦ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਦੇ ਧਿਆਨ ਵਿਚ ਸ਼ਿਕਾਇਤਾਂ ਆਈਆਂ ਹਨ ਕਿ ਅਚੀਵਰਸ ਗਰੁੱਪ ਦੇ ਬੈਨਰ ਹੇਠ ਅਮਿਤ ਕੁਕਰੇਜਾ (ਜੂਨੀਅਰ ਮੀਤ ਪ੍ਰਧਾਨ), ਤਰੁਣ ਸਿੱਕਾ (ਸੈਕਟਰੀ), ਸੌਰਭ ਖੁੱਲਰ (ਕੈਸ਼ੀਅਰ), ਸੁਮਿਤ ਸ਼ਰਮਾ (ਜੁਆਇੰਟ ਸੈਕਟਰੀ) ਤੇ ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ, ਅਤੁਲ ਤਲਵਾੜ, ਮੁਕੇਸ਼ ਮੋਨੂੰ ਪੁਰੀ, ਨਿਤਿਨ ਬਹਿਲ, ਹਰਪ੍ਰੀਤ ਸਿੰਘ ਗੋਲਡੀ, ਐੱਮ. ਬੀ. ਬਾਲੀ ਅਤੇ ਕਰਣ ਅਗਰਵਾਲ (ਕਾਰਜਕਾਰੀ ਮੈਂਬਰ) ਲਈ ਚੋਣ ਲੜ ਰਹੇ ਹਨ, ਨੇ ‘ਕੋਡ ਆਫ਼ ਕੰਡਕਟ’ ਲਾਗੂ ਹੋਣ ਤੋਂ ਬਾਅਦ ਵੀ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਲੱਬ ਕਬਾਨਾ ਵਿਚ ਆਯੋਜਿਤ ਅਚੀਵਰਸ ਗਰੁੱਪ ਦੇ ਇਨ੍ਹਾਂ ਉਮੀਦਵਾਰਾਂ ਲਈ ਰਾਤ ਦੇ ਖਾਣੇ ਦਾ ਸੱਦਾ-ਪੱਤਰ ਕਲੱਬ ਮੈਂਬਰਾਂ ਅਤੇ ਵੋਟਰਾਂ ਵਿਚਕਾਰ ਵੰਡਿਆ ਗਿਆ ਹੈ, ਜੋਕਿ ਸਾਫ਼ ਤੌਰ ’ਤੇ ‘ਕੋਡ ਆਫ਼ ਕੰਡਕਟ’ ਦਾ ਉਲੰਘਣ ਹੈ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਜਿਮਖਾਨਾ ਕਲੱਬ ਚੋਣਾਂ ਅੱਜ: ਮੋਬਾਇਲ ਫੋਨ ਦੀ ਵਰਤੋਂ ’ਤੇ ਪਾਬੰਦੀ ਸਣੇ ਰਹੇਗੀ ਇਹ ਸਖ਼ਤੀ

ਏ. ਆਰ. ਓ. ਨੇ ਇਨ੍ਹਾਂ ਉਮੀਦਵਾਰਾਂ ਨੂੰ ਭੇਜੇ ਨੋਟਿਸ ਵਿਚ ਨਿਯਮ 25 ਤਹਿਤ ਕਾਰਵਾਈ ਕਰਦੇ ਹੋਏ ‘ਕੋਡ ਆਫ ਕੰਡਕਟ’ ਦੇ ਕਿਸੇ ਵੀ ਅਨੁਛੇਦ ਦੇ ਉਲੰਘਣ ਦਾ ਦੋਸ਼ੀ ਪਾਏ ਜਾਣ ਵਾਲੇ ਉਮੀਦਵਾਰ ਨੂੰ ਚੋਣ ਲੜਨ ਲਈ ਲਗਾਤਾਰ 2 ਕਾਰਜਕਾਲ ਵਾਸਤੇ ਅਯੋਗ ਐਲਾਨਿਆ ਜਾ ਸਕਦਾ ਹੈ। ਏ. ਆਰ. ਓ. ਦੇ ਨੋਟਿਸ ਜਾਰੀ ਹੁੰਦੇ ਹੋਏ ਕਾਰਵਾਈ ਤੋਂ ਖੌਫ਼ਜ਼ਦਾ ਉਮੀਦਵਾਰਾਂ ਵਿਚ ਭਾਜੜ ਮਚ ਗਈ ਅਤੇ ਉਨ੍ਹਾਂ ਅਜਿਹੀ ਕਿਸੇ ਵੀ ਪਾਰਟੀ ਦੇ ਆਯੋਜਨ ਤੋਂ ਹੱਥ ਪਿੱਛੇ ਖਿੱਚ ਲਏ ਅਤੇ ਇਸ ਪਾਰਟੀ ਨੂੰ ਅਚੀਵਰਸ ਗਰੁੱਪ ਦੀ ਬਜਾਏ ਕੁਝ ਲੋਕਾਂ ਦੀ ਨਿੱਜੀ ਪਾਰਟੀ ਕਰਾਰ ਦਿੰਦਿਆਂ ਨੋਟਿਸ ਦਾ ਜਵਾਬ ਏ. ਆਰ. ਓ. ਨੂੰ ਭੇਜਿਆ ਹੈ।

ਚੋਣਾਂ ਧਨਾਢ ਲੋਕਾਂ ਦੇ ਹੱਥਾਂ ਤਕ ਸੀਮਤ ਰਹਿਣ ਨਾਲ ਕਈ ਮੈਂਬਰਾਂ ਵਿਚ ਫੈਲਣ ਲੱਗਾ ਰੋਹ
ਜਿਮਖਾਨਾ ਦੇ ਕਈ ਮੈਂਬਰਾਂ ਦਾ ਤਾਂ ਦੱਬੀ ਜ਼ੁਬਾਨ ਵਿਚ ਕਹਿਣਾ ਹੈ ਕਿ ਕੁਝ ਧਨਾਢ ਲੋਕਾਂ ਨੇ ਕਲੱਬ ਦੀਆਂ ਚੋਣਾਂ ਇੰਨੀਆਂ ਖਰਚੀਲੀਆਂ ਬਣਾ ਿਦੱਤੀਆਂ ਹਨ ਕਿ ਕੋਈ ਮੱਧ ਵਰਗ ਦਾ ਮੈਂਬਰ ਤਾਂ ਭਵਿੱਖ ਵਿਚ ਚੋਣਾਂ ਲੜਨ ਦੀ ਹਿੰਮਤ ਵੀ ਨਹੀਂ ਕਰ ਪਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬੇਹੱਦ ਖਰਚੀਲੀਆਂ ਸਾਬਿਤ ਹੋ ਰਹੀਆਂ ਜਿਮਖਾਨਾ ਦੀਆਂ ਚੋਣਾਂ ਵਿਚ ਕਿਹੜਾ ਮੈਂਬਰ ਅਹੁਦੇਦਾਰ ਅਤੇ ਕਿਸ ਪੱਧਰ ਦਾ ਅਹੁਦਾ ਪਾਵੇਗਾ, ਇਹ ਸਿਰਫ਼ ਕੁਝ ਧਨਾਢ ਲੋਕਾਂ ਦੇ ਹੱਥਾਂ ਤਕ ਸੀਮਤ ਰਹਿ ਗਿਆ ਹੈ। ਕਈ ਮੈਂਬਰਾਂ ਵਿਚ ਪੈਦਾ ਹੋ ਰਹੇ ਰੋਹ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਕਲੱਬ ਚੋਣਾਂ ਵਿਚ ਭਾਰਤੀ ਚੋਣ ਕਮਿਸ਼ਨ ਦੇ ਨਿਯਮ ਮੁਤਾਬਕ ਹਰੇਕ ਅਹੁਦੇ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਦਾ ਖਰਚ ਨਿਰਧਾਰਿਤ ਕਰਨ ਦੀ ਮੰਗ ਉੱਠੇਗੀ ਤਾਂ ਕਿ ਕੋਈ ਵੀ ਮੈਂਬਰ ਨਿੱਜੀ ਵੱਕਾਰ ਅਤੇ ਸਵਾਰਥ ਦੀ ਬਜਾਏ ਕਲੱਬ ਦੀ ਤਰੱਕੀ ਅਤੇ ਸੇਵਾ ਲਈ ਅੱਗੇ ਆਉਣ ਦੀ ਹਿੰਮਤ ਕਰ ਸਕੇ।

ਜਿਮਖਾਨਾ ਦੇ ਬਾਹਰ ਸੈਂਕੜੇ ਹੋਰਡਿੰਗਜ਼ ਲਾਉਣ ਵਾਲੇ ਉਮੀਦਵਾਰਾਂ ’ਤੇ ਵੀ ਹੋਵੇਗੀ ਕਾਰਵਾਈ : ਏ. ਆਰ. ਓ. ਅਮਰਜੀਤ ਬੈਂਸ
ਜਿਮਖਾਨਾ ਕਲੱਬ ਦੇ ਬਾਹਰ ‘ਕੋਡ ਆਫ ਕੰਡਕਟ’ ਦਾ ਉਲੰਘਣਾ ਕਰਕੇ ਲਾਏ ਗਏ ਸੈਂਕੜਿਆਂ ਦੀ ਗਿਣਤੀ ਵਿਚ ਵੱਡੇ-ਵੱਡੇ ਹੋਰਡਿੰਗਜ਼ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਰਿਟਰਨਿੰਗ ਅਧਿਕਾਰੀ ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਜਿਹੜੇ ਉਮੀਦਵਾਰਾਂ ਨੇ ਨਿਯਮਾਂ ਦਾ ਉਲੰਘਣ ਕਰਦਿਆਂ ਹੋਰਡਿੰਗਜ਼ ਲਾਏ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਅਮਰਜੀਤ ਬੈਂਸ ਨੇ ਕਿਹਾ ਕਿ ਜਿਮਖਾਨਾ ਦੀਆਂ ਦੋਵਾਂ ਸੜਕਾਂ ’ਤੇ ਲੱਗੇ ਹੋਰਡਿੰਗਜ਼ ਵੀ ਮੈਂਬਰ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾ ਰਹੇ ਚੋਣ ਪ੍ਰਚਾਰ ਦਾ ਹਿੱਸਾ ਹਨ। ਹੋਰਡਿੰਗਜ਼ ਨੂੰ ਲੈ ਕੇ ਵੀ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਹਨ। ਦੂਜੇ ਪਾਸੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਨਗਰ ਨਿਗਮ ਸੜਕਾਂ ’ਤੇ ਨਾਜਾਇਜ਼ ਤੌਰ ’ਤੇ ਲੱਗੇ ਹੋਰਡਿੰਗਜ਼ ’ਤੇ ਕਾਰਵਾਈ ਕਰਕੇ ਹੋਰਡਿੰਗਜ਼ ਨੂੰ ਉਤਾਰ ਚੁੱਕਾ ਹੈ ਪਰ ਕਾਰਵਾਈ ਦੇ ਕੁਝ ਮਿੰਟਾਂ ਬਾਅਦ ਧੜਾਧੜ ਉਸੇ ਥਾਂ ’ਤੇ ਦੋਬਾਰਾ ਨਵੇਂ ਹੋਰਡਿੰਗਜ਼ ਲੁਆਏ ਜਾ ਰਹੇ ਹਨ, ਜਿਸ ਕਾਰਨ ਹੁਣ ਨਗਰ ਨਿਗਮ ਕਲੱਬ ਦੇ ਬਾਹਰ ਸੜਕਾਂ ’ਤੇ ਲੱਗੇ ਨਾਜਾਇਜ਼ ਹੋਰਡਿੰਗਜ਼ ਨੂੰ ਉਤਾਰਨ ਦੀ ਕਾਰਵਾਈ ਨੂੰ ਦੇਰ ਰਾਤ ਅਮਲ ਵਿਚ ਲਿਆਵੇਗਾ।

ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News