ਬਾਰ ਐਸੋਸੀਏਸ਼ਨ ਚੋਣਾਂ: ਪ੍ਰਧਾਨਗੀ ਲਈ 3 ਉਮੀਦਵਾਰਾਂ ਸਣੇ 28 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

Thursday, Feb 06, 2025 - 05:52 AM (IST)

ਬਾਰ ਐਸੋਸੀਏਸ਼ਨ ਚੋਣਾਂ: ਪ੍ਰਧਾਨਗੀ ਲਈ 3 ਉਮੀਦਵਾਰਾਂ ਸਣੇ 28 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਕਾਗਜ਼

ਗੁਰਦਾਸਪੁਰ (ਹਰਮਨ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਤਹਿਤ ਬੀਤੇ ਦਿਨ ਪ੍ਰਧਾਨਗੀ ਸਮੇਤ ਹੋਰ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਸ਼ਾਮ ਤੱਕ ਕੁੱਲ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਇਨ੍ਹਾਂ ਤੋਂ ਇਲਾਵਾ ਸਕੱਤਰ ਅਤੇ ਕੈਸ਼ੀਅਰ ਬਿਨਾਂ ਮੁਕਾਬਲਾ ਹੀ ਚੁਣੇ ਗਏ ਹਨ। 

ਜਾਣਕਾਰੀ ਮੁਤਾਬਕ, ਇਨ੍ਹਾਂ ਚੋਣਾਂ ਲਈ ਪਰਮਿੰਦਰ ਸਿੰਘ ਘੁੰਮਣ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ, ਜਦੋਂਕਿ ਵਰੁਣ ਗੋਸਾਈਂ ਅਤੇ ਕੇਕੇ ਮਹਾਜਨ ਨੂੰ ਸਹਾਇਕ ਰਿਟਰਨਿੰਗ ਅਫਸਰ ਬਣਾਇਆ ਗਿਆ ਹੈ। ਨਾਮਜ਼ਦਗੀ ਕਾਗਜ਼ ਭਰਨ ਦੇ ਆਖਰੀ ਦਿਨ ਤੱਕ ਪ੍ਰਧਾਨਗੀ ਦੇ ਇੱਕ ਅਹੁਦੇ ਲਈ ਤਿੰਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ ਜਿਨ੍ਹਾਂ ਵਿੱਚ ਐਡਵੋਕੇਟ ਜੋਗਿੰਦਰ ਸਿੰਘ ਕਲੇਰ, ਐਡਵੋਕੇਟ ਨਰਿੰਦਰਪਾਲ ਸਿੰਘ ਲੇਹਲ ਅਤੇ ਐਡਵੋਕੇਟ ਰਾਜਪਾਲ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਉਪ ਪ੍ਰਧਾਨ ਦੀ ਚੋਣ ਲਈ ਹਰਪਾਲ ਸਿੰਘ ਅਤੇ ਸਚਿਨ ਮਹਾਜਨ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਸਕੱਤਰ ਦੇ ਅਹੁਦੇ ਲਈ ਸਿਰਫ ਪਲਵਿੰਦਰ ਸਿੰਘ ਵੱਲੋਂ ਹੀ ਨਾਮਜ਼ਦਗੀ ਕਾਗਜ਼ ਭਰੇ ਜਾਣ ਕਾਰਨ ਪਲਵਿੰਦਰ ਸਿੰਘ ਬਿਨਾਂ ਮੁਕਾਬਲਾ ਸਕੱਤਰ ਦੀ ਚੋਣ ਜਿੱਤਣ ਵਿੱਚ ਸਫਲ ਰਹੇ ਹਨ।

ਇਹ ਵੀ ਪੜ੍ਹੋ : ਸਿੱਖਿਆ ਕ੍ਰਾਂਤੀ ਸਦਕਾ ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਮੋਹਰੀ ਸਕੂਲ ਬਣਾਏ ਜਾਣਗੇ : ਸ਼ਮਸ਼ੇਰ ਸਿੰਘ 

ਜਾਇੰਟ ਸਕੱਤਰ ਦੇ ਅਹੁਦੇ ਲਈ ਰੋਹਿਨ ਕੁਮਾਰ ਸ਼ਰਮਾ ਅਤੇ ਸੁਖਦੀਪ ਕੌਰ ਨੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ, ਜਦੋਂਕਿ ਕੈਸ਼ੀਅਰ ਦੇ ਅਹੁਦੇ ਲਈ ਅਤੁਲ ਲੁਥਰਾ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ। ਇਸ ਤੋਂ ਇਲਾਵਾ 21 ਮੈਂਬਰਾਂ ਨੇ ਐਗਜੀਕਿਊਟਿਵ ਮੈਂਬਰ ਲਈ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਰਿਟਰਨਿੰਗ ਅਫਸਰ ਪਰਮਿੰਦਰ ਘੁੰਮਣ ਅਤੇ ਸਹਾਇਕ ਰਿਟਰਨਿੰਗ ਅਫਸਰ ਐਡਵੋਕੇਟ ਵਰੁਣ ਗੋਸਾਈਂ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਕੁੱਲ 817 ਮੈਂਬਰ ਹਨ, ਜੋ ਵੋਟਾਂ ਪਾ ਸਕਦੇ ਹਨ। ਉਹਨਾਂ ਦੱਸਿਆ ਬੁੱਧਵਾਰ ਨਾਮਜ਼ਦਗੀ ਪੇਪਰ ਭਰਨ ਵਾਲੇ ਵੱਖ-ਵੱਖ ਉਮੀਦਵਾਰਾਂ ਵਿੱਚੋਂ 7 ਫਰਵਰੀ ਤੱਕ ਨਾਮਜ਼ਦਗੀ ਕਾਗਜ਼ ਵਾਪਸ ਲੈ ਜਾ ਸਕਦੇ ਹਨ। ਇਸ ਤੋਂ ਇਲਾਵਾ ਵੀਰਵਾਰ ਇਹ ਫੈਸਲਾ ਕੀਤਾ ਜਾਵੇਗਾ ਕਿ 21 ਐਗਜੀਕਿਊਟਿਵ ਮੈਂਬਰਾਂ ਦੀ ਚੋਣ ਲਈ ਵੋਟਿੰਗ ਕਰਵਾਈ ਜਾਣੀ ਹੈ ਜਾਂ ਬਿਨਾਂ ਚੋਣ ਹੀ ਇਹਨਾਂ ਮੈਂਬਰਾਂ ਨੂੰ ਚੁਣ ਲਿਆ ਜਾਵੇਗਾ। ਉਹਨਾਂ ਦੱਸਿਆ ਕਿ 28 ਫਰਵਰੀ ਨੂੰ ਵੱਖ-ਵੱਖ ਅਹੁਦਿਆਂ ਲਈ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਵੋਟਾਂ ਪਾਈਆਂ ਜਾਣਗੀਆਂ ਅਤੇ ਉਸੇ ਦਿਨ ਹੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News