ਅਧਿਆਪਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਪੂਟਾ ਚੋਣਾਂ ’ਚ ਇਕੱਲੀ ਡਟੀ ਡਾ. ਨਿੰਮੀ

Sunday, Feb 09, 2025 - 03:25 PM (IST)

ਅਧਿਆਪਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਲਈ ਪੂਟਾ ਚੋਣਾਂ ’ਚ ਇਕੱਲੀ ਡਟੀ ਡਾ. ਨਿੰਮੀ

ਪਟਿਆਲਾ (ਰਾਜੇਸ਼ ਪੰਜੌਲਾ) : ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਯੂਨੀਵਰਸਿਟੀ ਕਲੰਡਰ ਅਨੁਸਾਰ ਬਣਾਈ ਗਈ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀਆਂ ਚੋਣਾਂ 11 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਜਿੱਥੇ ਇਨ੍ਹਾਂ ਚੋਣਾਂ ਵਿਚ ਪੂਟਾ ’ਤੇ ਕਾਬਜ਼ ਮੌਜੂਦਾ ਪ੍ਰੋਗਰੈਸਿਵ ਟੀਚਰਜ਼ ਅਲਾਇੰਸ (ਪੀ. ਟੀ. ਏ.) ਅਤੇ ਪ੍ਰੋਗਰੈਸਿਵ ਟੀਚਰ ਫਰੰਟ (ਪੀ. ਟੀ. ਐਫ.) ਵਿਚ ਆਹਮੋ-ਸਾਹਮਣੇ ਟੱਕਰ ਹੈ, ਉੱਥੇ ਹੀ ਅਧਿਆਪਕਾਂ ਦੇ ਵੋਟ ਦੇ ਅਧਿਕਾਰ ਦੀ ਰਾਖੀ ਅਤੇ ਅਧਿਆਪਕਾਂ ਦੇ ਸੋਸ਼ਣ ਦੇ ਖ਼ਿਲਾਫ਼ ਇਨ੍ਹਾਂ ਗਰੁੱਪਾਂ ਦੇ ਖ਼ਿਲਾਫ਼ ਆਜ਼ਾਦ ਤੌਰ ’ਤੇ ਯੂਨੀਵਰਸਿਟੀ ਦੇ ਲਾਅ ਦੀ ਪ੍ਰੋਫੈਸਰ ਡਾ. ਨਿੰਮੀ ਚੋਣ ਮੈਦਾਨ ਵਿਚ ਡੱਟ ਗਏ ਹਨ।

ਉਹ ਪੂਟਾ ਦੇ ਸਕੱਤਰ ਅਤੇ ਕਾਰਜਕਾਰਨੀ ਮੈਂਬਰ ਦੀ ਚੋਣ ਲਈ ਆਜ਼ਾਦ ਤੌਰ ’ਤੇ ਖੜ੍ਹੇ ਹਨ। ਯੂਨੀਵਰਸਿਟੀ ਦੇ ਆਮ ਪ੍ਰੋਫੈਸਰਾਂ ਦਾ ਸਮਰਥਨ ਡਾ. ਨਿੰਮੀ ਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਉਹ ਦੋਹਾਂ ਗਰੁੱਪਾਂ ਦੇ ਪੋਤੜੇ ਫਰੋਲ ਕੇ ਅਧਿਆਪਕਾਂ ਨੂੰ ਜਾਗਰੂਕ ਕਰ ਰਹੇ ਹਨ ਕਿ ਇਹ ਦੋਵੇਂ ਗਰੁੱਪ ਸਿਰਫ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ, ਜਦੋਂ ਕਿ ਦੋਵੇਂ ਆਪਸ ਵਿਚ ਮਿਲੇ ਹੋਏ ਹਨ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਹਿੱਤਾਂ ਲਈ ਇਨ੍ਹਾਂ ਵਲੋਂ ਕੁੱਝ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਪਹਿਲੀ ਵਾਰ ਕੈਰੀਅਰ ਅਡਵੈਂਸ ਸਕੀਮ (ਸੀ. ਏ. ਐਸ.) ਵਿਚ ਅਧਿਆਪਕਾਂ ਦੀ ਪ੍ਰਮੋਸ਼ਨ ਦੇ ਕੇਸ ਵੱਡੇ ਪੱਧਰ ’ਤੇ ਰੱਦ ਕੀਤੇ ਗਏ ਹਨ ਅਤੇ ਅਧਿਆਪਕਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ।

ਜਿਨ੍ਹਾਂ ਅਧਿਆਪਕਾਂ ਨੂੰ ਚੋਣ ਜਿਤਾ ਕੇ ਅਧਿਆਪਕਾਂ ਨੇ ਪੂਟਾ ਦੀ ਜ਼ਿੰਮੇਵਾਰੀ ਦਿੱਤੀ ਸੀ, ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਜਿਸ ਕਰਕੇ ਉਹ ਚੋਣ ਮੈਦਾਨ ਵਿਚ ਡਟੇ ਹਨ। ਡਾ. ਨਿੰਮੀ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਯੂਨੀਵਰਸਿਟੀ ਦੇ ਅਧਿਆਪਕਾਂ ਨਾਲ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਰੈਗੂਲਰ ਅਧਿਆਪਕਾਂ ਨੂੰ ਵਰਕਲੋਡ ਨਾ ਦੇ ਕੇ ਗੈਸਟ ਫੈਕਲਟੀ ਨੂੰ ਵਰਕਲੋਡ ਦੇ ਕੇ ਰੈਗੂਲਰ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਮਹਿਲਾ ਅਧਿਆਪਕਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਯੋਨ ਸੋਸ਼ਣ ਕੀਤੇ ਜਾ ਰਹੇ ਹਨ। ਜੇਕਰ ਕੋਈ ਅਧਿਆਪਕ ਇਸ ਬਾਰੇ ਸ਼ਿਕਾਇਤ ਕਰਦਾ ਹੈ ਤਾਂ ਉਸ ਨੂੰ ਵੀ ਇਨਸਾਫ਼ ਨਹੀਂ ਮਿਲਦਾ ਅਤੇ ਇਹ ਇਕਜੁੱਟ ਹੋ ਕੇ ਪੀੜ੍ਹਤ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਰਕੇ ਹੀ ਉਹ ਚੋਣ ਮੈਦਾਨ ਵਿਚ ਆਏ ਹਨ। 
 


author

Babita

Content Editor

Related News