ਗੁਰਾਇਆ ਪੁਲਸ ਦੀ ਕਾਰਗੁਜ਼ਾਰੀ : ਪਹਿਲਾਂ ਬੰਦੇ ਫੜ ਲਈਏ, ਫ਼ਿਰ ਮਾਮਲਾ ਦਰਜ ਕਰਾਂਗੇ

07/12/2020 3:44:22 PM

ਗੁਰਾਇਆ (ਮੁਨੀਸ਼) - ਪਹਿਲਾਂ ਤਾਂ ਗੁਰਾਇਆ ਪੁਲਸ ਵਾਰਦਾਤਾਂ ਨੂੰ ਰੋਕਣ ’ਚ ਸਫ਼ਲ ਨਹੀਂ ਹੁੰਦੀ, ਜੇਕਰ ਵਾਰਦਾਤ ਹੋ ਜਾਵੇ ਤਾਂ ਫ਼ਿਰ ਜੋ ਪਹਿਲਾਂ ਹੀ ਪੀੜਤ ਹੈ ਉਸਦੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਨਾ ਹੀ ਮਾਮਲਾ ਦਰਜ ਕੀਤਾ ਜਾਂਦਾ ਹੈ। ਗੁਰਾਇਆ ਪੁਲਸ ਪਹਿਲਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ, ਜੇਕਰ ਉਹ ਫੜ ਹੋ ਜਾਣ ਤਾਂ ਐੱਫ਼. ਆਰ. ਆਈ. ਦਰਜ ਕੀਤੀ ਜਾਂਦੀ ਹੈ। ਜੇਕਰ ਨਾ ਫੜ ਹੋਏ ਤਾਂ ਪੀੜਤ ਦੀ ਸ਼ਿਕਾਇਤ ਫਾਈਲਾਂ ’ਚ ਹੀ ਦੱਬ ਕੇ ਰਹਿ ਜਾਂਦੀ ਹੈ, ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ। ਗੁਰਾਇਆ ਥਾਣੇ ਦੇ ਪਿੰਡ ਜੱਜਾਂ ਕਲਾਂ ’ਚ ਇਕ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ 7 ਜੁਲਾਈ ਨੂੰ ਦਿਨ-ਦਿਹਾੜੇ ਇਕ ਘਰ ’ਚ ਦਾਖ਼ਲ ਹੋ ਕੇ ਇਕ ਬਜ਼ੁਰਗ ਔਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸਦੇ ਗਲੇ ’ਚੋਂ ਤਿੰਨ ਤੋਲੇ ਦੇ ਕਰੀਬ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ। ਇਸਦੀ ਜਾਣਕਾਰੀ ਦਿੰਦੇ ਹੋਏ ਯੁਵਰਾਜ ਕੁਮਾਰ ਤੇ ਉਸਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ 85 ਸਾਲਾ ਬਜ਼ੁਰਗ ਭਜਨ ਕੌਰ ਪਤਨੀ ਕਰਤਾਰ ਸਿੰਘ ਰਹਿੰਦੀ ਹੈ, ਜਿਸ ਦਾ ਪਰਿਵਾਰ ਵਿਦੇਸ਼ ’ਚ ਰਹਿੰਦਾ ਹੈ। ਉਹ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਦੁਪਹਿਰ 2:27 ’ਤੇ ਯੁਵਰਾਜ ਬਜ਼ੁਰਗ ਭਜਨ ਕੌਰ ਦੇ ਗੇਟ ਦਾ ਕੁੰਡਾ ਲਾ ਕੇ ਨਾਲ ਹੀ ਆਪਣੇ ਘਰ ਗਿਆ ਸੀ। 2.35 ’ਤੇ ਜਦੋਂ ਉਹ ਵਾਪਸ ਆਇਆ ਤਾਂ ਮਗਰੋਂ ਇਕ ਸੀ. ਟੀ. 100 ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਆਏ, ਜਿਨ੍ਹਾਂ 5 ਮਿੰਟਾਂ ’ਚ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਾਰੀ ਵਾਰਦਾਤ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਬੀਬੀ ਦੇ ਕੰਨਾਂ ’ਚ ਸੋਨੇ ਦੀਆਂ ਵਾਲੀਆਂ, ਹੱਥ ’ਚ ਸੋਨੇ ਦੀ ਅੰਗੂਠੀ ਤੇ ਉਸ ਕੋਲ 10500 ਰੁਪਏ ਦੀ ਨਕਦੀ ਵੀ ਸੀ ਪਰ ਬਾਹਰੋਂ ਗੱਡੀ ਦੀ ਆਵਾਜ਼ ਸੁਣ ਕੇ ਲੁਟੇਰੇ ਮੌਕੇ ਤੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਗੁਰਾਇਆ ਪੁਲਸ ਨੂੰ ਦੇ ਦਿੱਤੀ ਸੀ। ਮੌਕੇ ’ਤੇ ਐੱਸ. ਆਈ. ਜਗਦੀਸ਼ ਰਾਜ ਆਏ ਸਨ ਪਰ ਚਾਰ ਦਿਨ ਬੀਤ ਜਾਣ ਮਗਰੋਂ ਵੀ ਨਾ ਤਾਂ ਗੁਰਾਇਆ ਪੁਲਸ ਉਨ੍ਹਾਂ ਲੁਟੇਰਿਆਂ ਨੂੰ ਕਾਬੂ ਕਰ ਸਕੀ, ਨਾ ਹੀ ਪੁਲਸ ਨੇ ਅੱਜ ਤੱਕ ਮਾਮਲਾ ਦਰਜ ਕੀਤਾ ਹੈ, ਜਿਸ ਤੋਂ ਗੁਰਾਇਆ ਪੁਲਸ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਆਉਂਦੀ ਹੈ।

ਇਸ ਸਬੰਧੀ ਜਦ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਜਗਦੀਸ਼ ਰਾਜ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਵਲੋਂ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਨਾਂਹ-ਨੁੱਕਰ ਕੀਤੀ ਗਈ। ਜਦੋਂ ਉਨ੍ਹਾਂ ਪਾਸੋਂ ਚਾਰ ਦਿਨ ਬੀਤ ਜਾਣ ਮਗਰੋਂ ਵੀ ਦੋਸ਼ੀਆਂ ਦੀ ਸ਼ਨਾਖਤ ਹੋਣ ਦੇ ਬਾਵਜੂਦ ਲੁੱਟ ਦਾ ਮਾਮਲਾ ਦਰਜ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਹੈਰਾਨ ਕਰਨ ਵਾਲਾ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਬੰਦੇ ਫੜ ਲਈਏ, ਫ਼ਿਰ ਮਾਮਲਾ ਦਰਜ ਕਰਾਂਗੇ। ਇਸ ਤੋਂ ਸਾਫ਼ ਹੁੰਦਾ ਹੈ ਕਿ ਜੇਕਰ ਗੁਰਾਇਆ ਪੁਲਸ ਵਾਰਦਾਤ ਕਰਨ ਵਾਲਿਆਂ ਨੂੰ ਫੜਿਆਂ ਕਰੇਗੀ ਤਾਂ ਹੀ ਮਾਮਲਾ ਦਰਜ ਕੀਤਾ ਜਾਵੇਗਾ।
 


Harinder Kaur

Content Editor

Related News