ਫਿਰ ਚਰਚਾ ’ਚ ਗੋਰਾਇਆ ਦੀ ਅਨਾਜ ਮੰਡੀ ਵਿਚ ਬਣਿਆ ਸੇਵਾ ਕੇਂਦਰ, ਸਟਾਫ਼ ’ਤੇ ਲੱਗੇ ਬਦਸਲੂਕੀ ਦੇ ਦੋਸ਼

01/31/2021 10:01:40 AM

ਗੋਰਾਇਆ (ਜ. ਬ.)- ਗੋਰਾਇਆ ਦਾ ਇਕ ਸੇਵਾ ਕੇਂਦਰ, ਜੋ ਪਹਿਲਾਂ ਵੀ ਆਪਣੇ ਕਾਰਨਾਮਿਆਂ ਕਾਰਨ ਚਰਚਾ ਵਿਚ ਆ ਚੁੱਕਾ ਹੈ ਅਤੇ ਕਿਸ ਤਰ੍ਹਾਂ ਅਨਾਜ ਮੰਡੀ ਵਿਚ ਬਣੇ ਸੇਵਾ ਕੇਂਦਰ ਵਿਚ ਲੋਕਾਂ ਦੀ ਲੁੱਟ ਕਰ ਕੇ ਜਿੱਥੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ ਉੱਥੇ ਹੀ ਸਰਕਾਰੀ ਰਿਕਾਰਡ ਨਾਲ ਛੇੜਖਾਨੀ ਕਰਦੇ ਹੋਏ ਵਿਆਹ ਵਾਲੀ ਫ਼ਾਈਲ ਚੋਂ ਫੀਸ ਕੋਡ ਹੀ ਗ਼ਾਇਬ ਕੀਤੇ ਹੋਏ ਹਨ,ਜਿਸ ਦਾ ਖ਼ੁਲਾਸਾ ਜਗ ਬਾਣੀ ਵੱਲੋਂ ਉਸ ਸਮੇਂ ਕੀਤਾ ਗਿਆ ਸੀ। 

ਜਾਂਚ ਕਰਨ ਆਈ ਟੀਮ ਨੂੰ ਅਹਿਮ ਸੁਰਾਗ ਵੀ ਮਿਲੇ ਸਨ ਅਤੇ ਜਿਨ੍ਹਾਂ ਤੋਂ ਪੈਸੇ ਲਏ ਸਨ, ਉਨ੍ਹਾਂ ਨੇ ਲਿਖਤ ਵਿਚ ਸ਼ਿਕਾਇਤ ਵੀ ਉਸ ਸਮੇਂ ਜਾਂਚ ਕਰਨ ਆਈ ਟੀਮ ਨੂੰ ਦਿੱਤੀ ਸੀ, ਜਿਸ ਤੋਂ ਬਾਅਦ ਇਥੇ ਇਕ ਕਰਮਚਾਰੀ, ਜਿਸ ਦੀ ਸਾਰੇ ਘਪਲੇ ਵਿਚ ਅਹਿਮ ਭੂਮਿਕਾ ਸੀ, ਉਹ ਖੁਦ ਹੀ ਕਾਨੂੰਨੀ ਕਾਰਵਾਈ ਦੇ ਡਰ ਤੋਂ ਨੌਕਰੀ ਛੱਡ ਗਈ। ਜਦਕਿ ਇਕ ਕਰਮਚਾਰੀ ਨੂੰ ਟਰਮੀਨੈਟ ਕਰ ਦਿੱਤਾ ਗਿਆ ਸੀ ਪਰ ਕਾਨੂੰਨੀ ਕਾਰਵਾਈ ਦੇ ਨਾਂ ’ਤੇ ਮਹਿਜ਼ ਖਾਨਾਪੂਰਤੀ ਕਰ ਕੇ ਅਧਿਕਾਰੀ ਵੀ ਇਸ ਜਾਂਚ ਮਾਮਲੇ ਵਿਚ ਹੁਣ ਸਵਾਲਾਂ ਦੇ ਘੇਰੇ ਵਿਚ ਹਨ। ਜੇਕਰ ਉਸ ਵੇਲੇ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਮੁੜ ਤੋਂ ਸੇਵਾ ਕੇਂਦਰ ’ਚ ਘਪਲੇ ਜਾਂ ਹੋਰ ਸ਼ਿਕਾਇਤਾਂ ਨਾ ਮਿਲਦੀਆਂ। ਹੁਣ ਇਕ ਵਾਰ ਫਿਰ ਤੋਂ ਉਕਤ ਸੇਵਾ ਕੇਂਦਰ ਚਰਚਾ ਵਿਚ ਹੈ। ਸੇਵਾ ਕੇਂਦਰ ਦੇ ਸਕਿਉਰਿਟੀ ਗਾਰਡ ਨੂੰ ਬਿਨਾਂ ਜਾਂਚ ਕੀਤੇ ਕੱਢ ਦਿੱਤਾ ਗਿਆ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ ਵੱਡਾ ਦਾਅਵਾ, ਦਿੱਲੀ ਪੁਲਸ ਵੱਲੋਂ ਚਲਾਈ ਗੋਲੀ ਨਾਲ ਹੋਈ ਸੀ ਨਵਰੀਤ ਸਿੰਘ ਦੀ ਮੌਤ

ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਸੇਵਾ ਕੇਂਦਰ ਵਿਚ ਕੁਝ ਮੁਲਾਜ਼ਮ ਇਥੇ ਕੰਮ ਕਰਵਾਉਣ ਆਏ ਲੋਕਾਂ ਤੋਂ ਕੰਮ ਦੇ ਇਵਜ਼ ਵਿਚ ਵਾਧੂ ਪੈਸੇ ਲੈਣ ਲਈ ਕਹਿੰਦੇ ਸਨ ਪਰ ਉਸ ਨੇ ਉਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਣ ਉਨ੍ਹਾਂ ਨੇ ਉਸ ਦੀ ਝੂਠੀ ਸ਼ਿਕਾਇਤ ਕਰ ਦਿੱਤੀ ਅਤੇ ਬਿਨਾ ਕੋਈ ਜਾਂਚ ਕੀਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਉਕਤ ਲੜਕੇ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬਣੇ ਸੇਵਾ ਕੇਂਦਰ ਵਿਚ ਨੌਕਰੀ ਕਰ ਰਿਹਾ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦੀ ਬਦਲੀ ਇਥੇ ਕੀਤੀ ਗਈ ਸੀ।ਉਸ ਨੇ ਕਿਹਾ ਕਿ ਜਿੱਥੇ ਉਹ ਕਈ ਸਾਲਾਂ ਤੋਂ ਨੌਕਰੀ ਕਰ ਰਿਹਾ ਸੀ ਉਥੋਂ ਤਾਂ ਉਸ ਦੀ ਕੋਈ ਸ਼ਿਕਾਇਤ ਨਹੀਂ ਆਈ ਪਰ ਇਸ ਸੇਵਾ ਕੇਂਦਰ ਵਿਚ ਜਿਥੇ ਲੋਕਾਂ ਦੀ ਲੁੱਟ ਅਤੇ ਕੰਮ ਦੇ ਬਦਲੇ ਪੈਸੇ ਲਏ ਜਾਂਦੇ ਹਨ ਅਤੇ ਬਦਸਲੂਕੀ ਕੀਤੀ ਜਾਂਦੀ ਹੈ, ਉਨ੍ਹਾਂ ਦਾ ਸਾਥ ਨਾ ਦੇਣ ਦੀ ਉਸ ਨੂੰ ਸਜ਼ਾ ਮਿਲੀ ਹੈ ਅਤੇ ਬਿਨਾ ਕਿਸੇ ਪੜਤਾਲ ਤੋਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਇਸ ਸਬੰਧੀ ਸਾਬਕਾ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਨੇ ਕਿਹਾ ਕਿ ਉਕਤ ਸੇਵਾ ਕੇਂਦਰ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪਹਿਲਾਂ ਵੀ ਇਸ ਸੇਵਾ ਕੇਂਦਰ ਵਿਚ ਲੋਕਾਂ ਦੀ ਲੁੱਟ ਕੀਤੀ ਜਾਂਦੀ ਰਹੀ ਹੈ ਅਤੇ ਸਰਕਾਰੀ ਰਿਕਾਰਡ ਵਿਚੋਂ ਫੀਸ ਕੋਡ ਹੀ ਗਾਇਬ ਕੀਤੇ ਹੋਏ ਹਨ, ਜੋ ਮੀਡੀਆ ਵਿਚ ਮਾਮਲਾ ਆਉਣ ਦੇ ਬਾਅਦ ਕੁਝ ਸ਼ਾਂਤੀ ਹੋਈ ਸੀ ਪਰ ਉਹੀ ਪੁਰਾਣਾ ਸਟਾਫ਼ ਇਥੇ ਹੀ ਤਾਇਨਾਤ ਹੈ।ਉਹ ਆਪਣਾ ਕੰਮ ਕਰਵਾਉਣ ਲਈ ਜਦ ਇਸ ਸੇਵਾ ਕੇਂਦਰ ਵਿੱਚ ਆਏ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਮਾੜਾ ਵਿਵਹਾਰ ਕੀਤਾ ਗਿਆ। ਇਸ ਦੀ ਸ਼ਿਕਾਇਤ ਲਿਖਤ ਵਿਚ ਉਨ੍ਹਾਂ ਨੇ ਡੀ. ਐੱਮ. ਨੂੰ ਮੇਲ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਸ ਸੇਵਾ ਕੇਂਦਰ ਵਿਚ ਭ੍ਰਿਸ਼ਟਾਚਾਰ ਅਤੇ ਸਟਾਫ ਨੂੰ ਨਾ ਸੁਧਾਰਿਆ ਗਿਆ ਤਾਂ ਉਹ ਧਰਨਾ-ਪ੍ਰਦਰਸ਼ਨ ਕਰਨਗੇ ਅਤੇ ਜੋ ਅਧਿਕਾਰੀ ਇਸ ਵਿੱਚ ਸ਼ਾਮਿਲ ਹੋਣਗੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਲਈ ਉਚ ਅਧਿਕਾਰੀਆਂ ਤੋਂ ਮੰਗ ਕਰਨਗੇ। ਇਸ ਬਾਬਤ ਜਦ ਡੀ. ਐੱਮ. ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਪਹਿਲਾਂ ਭ੍ਰਿਸ਼ਟਾਚਾਰ ਕੀਤਾ ਸੀ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਜੇਕਰ ਕੋਈ ਵੀ ਸਟਾਫ ਲੋਕਾਂ ਨਾਲ ਮਾੜਾ ਵਿਵਹਾਰ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਗੇ।

ਇਹ ਵੀ ਪੜ੍ਹੋ :  ਜਲੰਧਰ ਤੋਂ ਵੱਡੀ ਖ਼ਬਰ: ਭਾਰਗਵ ਕੈਂਪ ’ਚ ਨਸ਼ੇ ਦੇ ਆਦੀ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ


shivani attri

Content Editor

Related News