ਨਿਗਮ ਨੇ ਖੁਦ 500 ਟਨ ਕੂੜਾ ਖਿਲਾਰਿਆ ਅਤੇ ਫਿਰ 5 ਰੇਹੜੀਆਂ ਦੇ ਚਲਾਨ ਕੱਟੇ

12/17/2019 12:49:42 PM

ਜਲੰਧਰ— ਨਗਰ ਨਿਗਮ ਨੇ ਬੀਤੇ ਦਿਨ ਸ਼ਹਿਰ 'ਚ ਇਕੱਠੇ ਹੋਏ ਕੂੜੇ ਨੂੰ ਨਹੀਂ ਚੁੱਕਿਆ। ਇਸ ਕਾਰਨ ਸ਼ਹਿਰ ਦੀਆਂ ਸਾਰੀਆਂ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਦਿਖਾਈ ਦਿੱਤੇ। ਇਸ ਮਾਮਲੇ 'ਚ ਨਗਰ ਨਿਗਮ ਦਾ ਤਾਂ ਕਿਸੇ ਨੇ ਚਲਾਨ ਨਹੀਂ ਕੱਟਿਆ ਪਰ ਨਿਗਮ ਸਟਾਫ ਨੇ ਗੰਦਗੀ ਖਿਲਾਰਨ ਦੇ ਦੋਸ਼ 'ਚ 5 ਗਰੀਬ ਦੁਕਾਨਦਾਰਾਂ ਦੇ ਚਲਾਨ ਜ਼ਰੂਰ ਕੱਟ ਦਿੱਤੇ। ਨਿਗਮ ਦੇ ਏ. ਐੱਚ. ਓ. ਡਾ. ਰਾਜਕਮਲ ਦੇ ਨਿਰਦੇਸ਼ਾਂ 'ਤੇ ਸੈਨੇਟਰੀ ਇੰਸਪੈਕਟਰ ਰਿੰਪੀ ਕਲਿਆਣ ਅਤੇ ਚੀਫ ਸੈਨੇਟਰੀ ਇੰਸਪੈਕਟਰ ਸੋਨੀ ਗਿੱਲ ਨੇ ਮਾਈ ਹੀਰਾਂ ਗੇਟ ਨੂੰ ਜਾਂਦੀ ਸੜਕ 'ਤੇ ਸਾਈਂ ਦਾਸ ਸਕੂਲ ਗੇਟ ਸਾਹਮਣੇ ਇਹ ਕਾਰਵਾਈ ਕੀਤੀ। ਜਿਥੇ ਕਈ ਰੇਹੜੀਆਂ ਖੜ੍ਹੀਆਂ ਹੁੰਦੀਆਂ ਹਨ।

ਇਨ੍ਹਾਂ ਰੇਹੜੀਆਂ ਦਾ ਚਲਾਨ ਇਸ ਕਾਰਨ ਕੱਟਿਆ ਗਿਆ ਕਿਉਂਕਿ ਇਨ੍ਹਾਂ ਦੇ ਆਸ-ਪਾਸ ਗੰਦਗੀ ਖਿੱਲਰੀ ਹੋਈ ਸੀ ਅਤੇ ਪਾਣੀ ਦੀ ਲੀਕੇਜ ਸੀ। ਹਾਲਾਤ ਇਹ ਹਨ ਕਿ ਇਸ ਸਮੇਂ ਪ੍ਰਾ ਸ਼ਹਿਰ ਕੂੜੇ ਨਾਲ ਭਰਿਆ ਹੋਇਆ ਹੈ ਅਤੇ ਮਾਮੂਲੀ ਬਰਸਾਤ ਤੋਂ ਬਾਅਦ ਵੀ ਕਈ ਸੜਕਾਂ ਕਿਨਾਰੇ ਪਾਣੀ ਖੜ੍ਹਾ ਹੈ, ਜਿਸ ਪਾਸੇ ਨਿਗਮ ਦਾ ਕੋਈ ਧਿਆਨ ਨਹੀਂ ਹੈ।

ਵਰਿਆਣਾ ਡੰਪ ਮਾਮਲੇ 'ਚ ਚੀਫ ਸੈਕਟਰੀ ਨੇ ਬੁਲਾਈ ਮੀਟਿੰਗ
ਪੰਜਾਬ ਚੀਫ ਸੈਕਟਰੀ ਨੇ 17 ਦਸੰਬਰ ਨੂੰ ਚੰਡੀਗੜ੍ਹ 'ਚ ਜਲੰਧਰ ਦੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੱਦਿਆ ਹੈ, ਜਿਸ ਦੌਰਾਨ ਵਰਿਆਣਾ ਡੰਪ 'ਤੇ ਨਿਗਮ ਅਧਿਕਾਰੀਆਂ ਨੂੰ ਐਕਸ਼ਨ ਟੇਕਨ ਰਿਪੋਰਟ ਦੇਣੀ ਹੋਵੇਗੀ। ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਦੀ ਟੀਮ ਨੇ ਬੀਤੇ ਦਿਨ ਸ਼ਹਿਰ ਦਾ ਦੌਰਾ ਕਰਕੇ ਵਰਿਆਣਾ ਡੰਪ ਮਾਮਲੇ 'ਚ ਨਿਗਮ ਨੂੰ ਕਈ ਨਿਰਦੇਸ਼ ਦਿੱਤੇ ਸਨ। ਇਸ ਤੋਂ ਪਹਿਲਾਂ ਵੀ ਐੱਨ. ਜੀ. ਟੀ. ਦੀ ਟੀਮ ਨਿਗਮ ਨੂੰ ਕਈ ਵਾਰ ਵਰਿਆਣਾ ਡੰਪ ਦੀ ਸਥਿਤੀ ਸੁਧਾਰਨ ਬਾਰੇ ਕਹਿ ਚੁੱਕੀ ਹੈ ਪਰ ਨਿਗਮ ਇਸ ਬਾਰੇ ਕੁਝ ਜ਼ਿਆਦਾ ਨਹੀਂ ਕਰ ਸਕਿਆ। ਹੁਣ ਚੀਫ ਸੈਕਟਰੀ ਦੇ ਸਾਹਮਣੇ ਪੇਸ਼ ਹੋ ਕੇ ਨਿਗਮ ਨੂੰ ਜਵਾਬ ਦੇਣਾ ਹੋਵੇਗਾ ਕਿ ਵਰਿਆਣਾ ਡੰਪ ਦੀ ਹਾਲਤ ਕਦੋਂ ਸੁਧਰੇਗੀ।


shivani attri

Content Editor

Related News