ਇਕ ਨਾਲ 2 ਮੁਫ਼ਤ ਖਾਣੇ ਦੀਆਂ ਥਾਲੀਆਂ ਦੇ ਲਾਲਚ ਨੇ ਲਗਵਾਇਆ 25 ਹਜ਼ਾਰ ਦਾ ਚੂਨਾ

07/05/2020 5:10:55 PM

ਲਾਂਬੜਾ (ਵਰਿੰਦਰ)— ਜਿਵੇਂ-ਜਿਵੇਂ ਸਾਡਾ ਸਮਾਜ ਆਧੁਨਿਕ ਹੁੰਦਾ ਜਾ ਰਿਹਾ ਹੈ, ਉਸੇ ਹਿਸਾਬ ਨਾਲ ਲੋਕਾਂ ਨਾਲ ਠੱਗੀਆਂ ਮਾਰਨ ਦੇ ਸਾਧਨ ਵੀ ਆਧੁਨਿਕ ਹੁੰਦੇ ਜਾ ਰਹੇ ਹਨ। ਅਕਸਰ ਭੋਲੇ-ਭਾਲੇ ਲੋਕ ਇਸ ਤਰ੍ਹਾਂ ਦੀਆਂ ਠੱਗੀਆਂ ਸ਼ਿਕਾਰ ਬਣ ਹੀ ਜਾਂਦੇ ਹਨ| ਇਸੇ ਤਰ੍ਹਾਂ ਦੀ ਇਕ ਅਜੀਬ ਠੱਗੀ ਥਾਣਾ ਲਾਂਬੜਾ ਦੇ ਅਧੀਨ ਆ ਦੇ ਨਜ਼ਦੀਕੀ ਪਿੰਡ ਤਾਜਪੁਰ ਦੇ ਇਕ ਵਿਅਕਤੀ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਪੀੜਤ ਹੀਰਾ ਲਾਲ ਵਾਸੀ ਤਾਜਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਮੋਬਾਈਲ ਫ਼ੋਨ 'ਤੇ ਫੇਸਬੁੱਕ ਦਾ ਇਸਤੇਮਾਲ ਕਰ ਰਿਹਾ ਸੀ, ਇਸੇ ਦੌਰਾਨ ਜਲੰਧਰ-ਫਗਵਾੜਾ ਰੋਡ 'ਤੇ ਇਕ ਮਸ਼ਹੂਰ ਹੋਟਲ ਦਾ ਖਾਣੇ ਦੀ ਇਕ ਥਾਲੀ ਬੁੱਕ ਕਰਨ ਨਾਲ ਦੋ ਥਾਲੀਆਂ ਮੁਫ਼ਤ ਦਾ ਇਸ਼ਤਿਹਾਰ ਆਇਆ। ਖਾਣੇ ਦੀਆਂ 2 ਥਾਲੀਆਂ ਮੁਫਤ ਮਿਲਣ ਅਤੇ ਹੋਮ ਡਿਲੀਵਰੀ ਕਰਨ ਦਾ ਦਾਅਵਾ ਕਰਨ 'ਤੇ ਉਸ ਨੇ ਬਿਨਾਂ ਕੁਝ ਹੋਰ ਸੋਚਿਆ ਖਾਣੇ ਦਾ ਆਰਡਰ ਦੇ ਦਿੱਤਾ। ਕੁਝ ਹੀ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਤੁਹਾਡੇ ਖਾਣੇ ਦਾ ਆਰਡਰ ਬੁੱਕ ਕਰ ਦਿੱਤਾ ਗਿਆ ਹੈ। ਖਾਣੇ ਦੀ ਇਕ ਥਾਲੀ ਦੀ ਕੀਮਤ 200 ਹੈ, ਨਾਲ 2 ਥਾਲੀਆਂ ਮੁਫਤ ਹਨ। ਤੁਸੀਂ ਸਿਰਫ ਸਾਨੂੰ 10 ਰੁਪਏ ਆਨਲਾਈਨ ਭੇਜ ਦਿਓ, ਬਾਕੀ ਪੈਸੇ ਡਿਲੀਵਰੀ ਹੋਣ 'ਤੇ ਦੇ ਦੇਣਾ। ਉਸ ਤੋਂ ਬਾਅਦ ਉਸ ਦਾ ਏ. ਟੀ. ਐੱਮ. ਕਾਰਡ ਦਾ ਨੰਬਰ ਪੁੱਛਿਆ ਗਿਆ, ਜੋ ਉਸ ਨੇ ਦੱਸ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ 'ਕੋਰੋਨਾ' ਕਰਨ ਲੱਗਾ ਤਾਂਡਵ, 71 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਪੀੜਤ ਹੀਰਾ ਲਾਲ ਨੇ ਦੱਸਿਆ ਕਿ ਫਿਰ ਉਸ ਤੋਂ ਓ. ਟੀ. ਪੀ. ਨੰਬਰ ਪੁੱਛਿਆ ਗਿਆ|ਉਸ ਨੇ ਉਹ ਵੀ ਦੱਸ ਦਿੱਤਾ|ਕੁਝ ਹੀ ਸਮੇਂ ਬਾਅਦ ਉਹ ਹੈਰਾਨ ਰਹਿ ਗਿਆ ਜਦ ਬੈਂਕ ਵੱਲੋਂ ਉਸ ਦੇ ਮੋਬਾਈਲ ਕ੍ਰ'ਤੇ ਉਸ ਦੇ ਅਕਾਊਂਟ 'ਚੋਂ 10 ਹਜ਼ਾਰ ਰੁਪਏ ਕੱਢਵਾ ਲੈਣ ਦਾ ਮੈਸੇਜ ਆਇਆ|ਉਸ ਨੇ ਤੁਰੰਤ ਇਸ਼ਤਿਹਾਰ ਵਾਲੇ ਨੰਬਰ 'ਤੇ ਬੈਕ ਕਾਲ ਕਰਕੇ ਉਸ ਦੇ ਅਕਾਊਂਟ 'ਚੋਂ 10 ਹਜ਼ਾਰ ਰੁਪਏ ਕੱਢਾਉਣ ਦਾ ਪੁੱਛਿਆ ਤਾਂ ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਗਲਤੀ ਨਾਲ ਉਨ੍ਹਾਂ ਕੋਲੋਂ ਵੱਧ ਪੈਸੇ ਕਢਵਾ ਹੋ ਗਏ ਹਨ। ਹੁਣ ਤੁਹਾਨੂੰ ਦੋਬਾਰਾ 2 ਵਾਰ ਮੈਸੇਜ ਆਉਣਗੇ, ਤੁਸੀਂ ਦਾ ਓ. ਟੀ. ਪੀ. ਨੰਬਰ ਦੱਸ ਦੇਣਾ ਤਾਂ ਜੋ ਤੁਹਾਡੇ ਪੈਸੇ ਵਾਪਸ ਕੀਤੇ ਜਾ ਸਕਣ|ਇਸ 'ਤੇ ਉਸ ਨੇ ਦੋ ਵਾਰ ਓ. ਟੀ. ਪੀ. ਨੰਬਰ ਦੱਸ ਦਿੱਤਾ।

ਪੀੜਤ ਹੀਰਾ ਲਾਲ ਨੇ ਦੱਸਿਆ ਕੁਝ ਹੀ ਦੇਰ ਬਾਅਦ ਬੈਂਕ ਵੱਲੋਂ ਫਿਰ ਭੇਜੇ ਗਏ 2 ਮੈਸੇਜ ਪੜ੍ਹ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ| ਮੈਸੇਜਾਂ ਤੋਂ ਪਤਾ ਲੱਗਾ ਕਿ ਉਸ ਦੀ ਬਿਨਾਂ ਸਹਿਮਤੀ ਤੋਂ ਉਸ ਦੇ ਅਕਾਊਂਟ 'ਚੋਂ 2 ਵਾਰ 10-10 ਹਜ਼ਾਰ ਰੁਪਏ ਅਤੇ ਇਕ ਵਾਰ 5 ਹਜ਼ਾਰ ਰੁਪਏ ਕਢਵਾ ਲਾਏ ਗਏ ਹਨ।|ਹੀਰਾ ਲਾਲ ਨੂੰ ਹੁਣ ਸਮਝ ਲੱਗ ਚੁੱਕੀ ਸੀ ਕਿ 2 ਥਾਲੀਆਂ ਮੁਫਤ ਦਾ ਲਾਲਚ ਦੇ ਕੇ ਠੱਗ ਗਿਰੋਹ ਵੱਲੋਂ ਉਸ ਨੂੰ 25 ਹਜ਼ਾਰ ਦਾ ਚੂਨਾ ਲਗਾ ਦਿੱਤਾ ਗਿਆ ਹੈ।\

ਇਹ ਵੀ ਪੜ੍ਹੋ: ਜਲੰਧਰ: ਦੇਰ ਰਾਤ ਅਸ਼ੋਕ ਨਗਰ ''ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ

ਪੀੜਤ ਹੀਰਾ ਲਾਲ ਵੱਲੋਂ ਇਸ ਠੱਗੀ ਸਬੰਧੀ ਲਾਂਬੜਾ ਪੁਲਸ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।  ਜਗ ਬਾਣੀ ਵੱਲੋਂ ਪਾਠਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਕ ਸ਼ਾਤਰ ਠੱਗ ਗਿਰੋਹ ਵੱਲੋਂ ਅੱਜਕਲ੍ਹ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਜਲੰਧਰ ਦੇ ਇਕ ਮਸ਼ਹੂਰ ਹੋਟਲ ਦਾ ਜਾਅਲੀ ਇਸ਼ਤਿਹਾਰ ਫੇਸਬੁੱਕ ਆਦਿ 'ਤੇ ਪਾ ਕੇ ਮੁਫ਼ਤ ਖਾਣੇ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੈ। ਇਸ ਤਰ੍ਹਾਂ ਦੇ ਹੋਰ ਮਾਮਲੇ ਹੋਣ ਦੀ ਵੀ ਸੂਚਨਾ ਹੈ|ਲੋਕਾਂ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਵਸਤੂ ਨੂੰ ਖਰੀਦਣ ਜਾ ਪੇਮੈਂਟ ਕਰਨ ਤੋਂ ਪਹਿਲਾਂ ਉਸ ਇਸ਼ਤਿਹਾਰ, ਕੰਪਨੀ ਜਾਂ ਉਤਪਾਦ ਸਬੰਧੀ ਸੱਚਾਈ ਦਾ ਜ਼ਰੂਰ ਪਤਾ ਲਗਵਾ ਲੈਣਾ ਚਾਹੀਦਾ ਹੈ।


shivani attri

Content Editor

Related News