ਬਸਤੀ ਨੌ ਦੇ ਪਰਿਵਾਰ ਨੂੰ ਅਮਰੀਕਾ ਭੇਜਣ ਦੇ ਨਾਂ ''ਤੇ ਮਾਰੀ 60 ਲੱਖ ਦੀ ਠੱਗੀ

03/04/2020 4:42:31 PM

ਜਲੰਧਰ (ਸ਼ੋਰੀ)— ਬਿਨਾਂ ਜਾਂਚ-ਪੜਤਾਲ ਕੀਤੇ ਲੋਕਾਂ 'ਤੇ ਭਰੋਸਾ ਕਦੇ-ਕਦੇ ਮਹਿੰਗਾ ਪੈ ਜਾਂਦਾ ਹੈ। ਬਸਤੀ ਨੌ ਨਿਵਾਸੀ ਇਕ ਪਰਿਵਾਰ ਨਾਲ ਅਜਿਹਾ ਹੀ ਹੋਇਆ। ਅਮਰੀਕਾ ਪਰਿਵਾਰ ਸਮੇਤ ਸੈੱਟ ਹੋਣ ਦੀ ਆਸ ਰੱਖ ਕੇ 60 ਲੱਖ ਰੁਪਏ ਵਿਅਕਤੀ ਨੂੰ ਦਿੱਤੇ ਪਰ ਅਮਰੀਕਾ ਪਹੁੰਚਾਉਣ ਦੀ ਥਾਂ ਉਨ੍ਹਾਂ ਨੂੰ ਧੋਖਾ ਦਿੱਤਾ। ਪੀੜਤ ਨੇ ਇਸ ਬਾਰੇ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ 5 ਦੀ ਪੁਲਸ ਨੇ ਐੱਫ. ਆਈ. ਆਰ. ਦਰਜ ਕਰਦੇ ਹੋਏ ਦੋ ਭਰਾਵਾਂ ਨੂੰ ਕੇਸ ਵਿਚ ਨਾਮਜ਼ਦ ਕੀਤਾ। ਇਸ ਮਾਮਲੇ 'ਚ ਪੁਲਸ ਨੇ ਇਕ ਭਰਾ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦਾ ਸਿਵਲ ਹਸਪਤਾਲ 'ਚ ਮੈਡੀਕਲ ਵੀ ਕਰਵਾ ਲਿਆ ਹੈ।

ਜਾਂਚ ਅਧਿਕਾਰੀ ਐੱਸ. ਆਈ. ਸੋਢੀ ਲਾਲ ਨੇ ਦੱਸਿਆ ਕਿ ਏ. ਸੀ. ਪੀ. ਕ੍ਰਾਈਮ ਕਮਲਜੀਤ ਸਿੰਘ ਸੰਧੂ ਦੇ ਆਦੇਸ਼ਾਂ ਮੁਤਾਬਕ ਉਨ੍ਹਾਂ ਨੇ ਇਸ ਕੇਸ 'ਚ ਲੋੜੀਂਦੇ ਦੋਸ਼ੀ ਨਿਤਿਨ ਕੁਮਾਰ ਪੁੱਤਰ ਵਿਨੋਦ ਕੁਮਾਰ ਨਿਵਾਸੀ ਗਾਂਧੀ ਕੈਂਪ ਬਟਾਲਾ ਜ਼ਿਲਾ ਗੁਰਦਾਸਪੁਰ ਹਾਲ ਨਿਵਾਸੀ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਦੋਸ਼ੀ ਨਿਤਿਨ ਤੇ ਉਸ ਦੇ ਵੱਡੇ ਭਰਾ ਮੁਕੇਸ਼ ਨੇ ਬਸਤੀ ਨੌ ਨਿਵਾਸੀ ਨਰੇਸ਼ ਪੁੱਤਰ ਸ਼ਾਮ ਲਾਲ ਦੇ ਪਰਿਵਾਰ ਨੂੰ ਅਮਰੀਕਾ ਸੈੱਟ ਕਰਨ ਦਾ ਝਾਂਸਾ ਦੇ ਕੇ 60 ਲੱਖ ਦੀ ਠੱਗੀ ਮਾਰੀ। ਪੀੜਤ ਨੇ ਕੈਸ਼ ਦੇਣ ਦੇ ਨਾਲ ਕਾਫੀ ਰਕਮ ਦੋਸ਼ੀ ਦੇ ਬੈਂਕ ਅਕਾਊਂਟ 'ਚ ਵੀ ਟਰਾਂਸਫਰ ਕੀਤੀ। ਪੈਸੇ ਲੈਣ ਦੇ ਬਾਅਦ ਵੀ ਪੀੜਤ ਪੱਖ ਨੂੰ ਦੋਸ਼ੀ ਨਿਤਿਨ ਨਾ ਤਾਂ ਪੈਸੇ ਵਾਪਸ ਕਰ ਰਿਹਾ ਸੀ, ਨਾ ਹੀ ਵਿਦੇਸ਼ ਭੇਜ ਸਕਿਆ।

ਪੀੜਤ ਨਰੇਸ਼ ਨੇ ਆਪਣੀ ਪਤਨੀ, ਬੇਟੇ ਅਤੇ ਬੇਟੀ ਨੂੰ ਵਿਦੇਸ਼ ਭੇਜਣ ਦਾ ਮਨ ਬਣਾਇਆ ਸੀ। ਦੋਸ਼ੀ ਨੇ ਚਾਰਾਂ ਦੇ ਭਾਰਤੀ ਪਾਸਪੋਰਟ ਵੀ ਆਪਣੇ ਕੋਲ ਰੱਖ ਲਏ। ਐੱਸ. ਆਈ. ਸੋਢੀ ਲਾਲ ਨੇ ਦੱਸਿਆ ਕਿ ਪੁਲਸ ਨੇ ਨਰੇਸ਼ ਅਤੇ ਉਸ ਦੀ ਪਤਨੀ ਦੇ ਪਾਸਪੋਰਟ ਬਰਾਮਦ ਕਰ ਲਏ ਹਨ ਅਤੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਦੇ ਭਰਾ ਦੀ ਭਾਲ 'ਚ ਪੁਲਸ ਲੱਗੀ ਹੋਈ ਹੈ।


shivani attri

Content Editor

Related News