1.55 ਲੱਖ ਠੱਗਣ ਵਾਲੀ ਕੰਪਨੀ ਦੇ ਐੱਮ. ਡੀ. ਸਣੇ 10 ਵਿਅਕਤੀਆਂ ਖਿਲਾਫ ਮਾਮਲਾ ਦਰਜ

09/17/2019 1:28:30 PM

ਨਵਾਂਸ਼ਹਿਰ (ਤ੍ਰਿਪਾਠੀ)— ਦਰਜਨ ਭਰ ਲੋਕਾਂ ਨੂੰ ਵੱਧ ਵਿਆਜ ਦਾ ਝਾਂਸਾ ਦੇ ਕੇ ਮਾਸਿਕ ਕਿਸ਼ਤਾਂ ਦੀ ਮਾਰਫਤ 1.55 ਲੱਖ ਰੁਪਏ ਦੀ ਠੱਗੀ ਕਰਨ ਵਾਲੀ ਕੰਪਨੀ ਕੇਨ ਐਗਰੀਕਲਚਰ ਡਿਵੈੱਲਪਰਜ਼ ਇੰਡੀਆ. ਲਿ. ਫਿਰੋਜ਼ਪੁਰ ਦੇ ਮੈਨੇਜਿੰਗ ਡਾਇਰੈਕਟਰ ਸਣੇ 10 ਲੋਕਾਂ ਦੇ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਕਾਂਤਾ ਰਾਣੀ ਪਤਨੀ ਸਤਪਾਲ, ਰਾਜ ਕੁਮਾਰ ਪੁੱਤਰ ਸਤਪਾਲ ਵਾਸੀ ਜਾਡਲਾ ਨੇ ਦੱਸਿਆ ਕਿ ਕੇਨ ਐਗਰੀਕਲਚਰ ਡਿਵੈੱਲਪਰਜ਼ ਇੰਡੀਆ ਲਿ. ਜਿਸ ਦਾ ਮੁੱਖ ਦਫਤਰ ਫਿਰੋਜ਼ਪੁਰ 'ਚ ਹੈ, ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਕੰਪਨੀ ਦੇ ਕੋਲ 500 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਂਦੇ ਹਨ ਤਾਂ ਕੰਪਨੀ ਵੱਲੋਂ 5 ਸਾਲ ਦੇ ਬਾਅਦ ਉਨ੍ਹਾਂ ਨੂੰ 45 ਹਜ਼ਾਰ ਦੀ ਰਾਸ਼ੀ ਮਿਲੇਗੀ। ਉਨ੍ਹਾਂ ਦੇ ਸਣੇ ਕਰੀਬ ਦਰਜਨ ਭਰ ਲੋਕਾਂ ਨੇ ਉਕਤ ਸਕੀਮ ਦੇ ਤਹਿਤ ਪ੍ਰਤੀ ਮਹੀਨਾ 500 ਰੁਪਏ ਦੀ ਰਾਸ਼ੀ ਜਮ੍ਹਾ ਕਰਵਾਉਣੀ ਸ਼ੁਰੂ ਕਰ ਦਿੱਤੀ। ਕਿਸ਼ਤ ਦੇ ਲੇਟ ਹੋਣ 'ਤੇ ਉਨ੍ਹਾਂ ਨੂੰ ਵਿਆਜ ਸਣੇ ਕਿਸ਼ਤ ਜਮ੍ਹਾ ਕਰਵਾਉਣੀ ਪੈਂਦੀ ਸੀ। ਪਰ ਹੁਣ ਕੰਪਨੀ ਉਨ੍ਹਾਂ ਦੀ ਰਾਸ਼ੀ ਵਾਪਸ ਨਹੀਂ ਕਰ ਰਹੀ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤਕਰਤਾਵਾਂ ਨੇ ਕੰਪਨੀ ਦੇ ਅਧਿਕਾਰੀਆਂ ਦੇ ਖਿਲਾਫ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਆਰਥਿਕ ਅਪਰਾਧ ਵਿੰਗ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਵੱਲੋਂ ਕੀਤੀ ਗਈ। ਜਾਂਚ ਦੇ ਉਪਰੰਤ ਨਤੀਜਾ ਰਿਪੋਰਟ 'ਚ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਯਾਰੋ ਸ਼ਾਹਪੁਰ (ਫਿਰੋਜ਼ਪੁਰ), ਸੁਖਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮੱਲਨਵਾਲਾ ਤਹਿਸੀਲ ਜ਼ੀਰਾ, ਗੁਰਵਿੰਦਰ ਸਿੰਘ ਪੁੱਤਰ ਚਮਨ ਲਾਲ ਵਾਸੀ ਪੀਰਾ ਵਾਲਾ, ਯੋਗਰਾਜ ਸਿੰਘ ਪੁੱਤਰ ਕਰਮ ਸਿੰਘ ਵਾਸੀ ਬੱਸੀ, ਰਾਮ ਲਾਲ (ਫਿਰੋਜ਼ਪੁਰ), ਮਹਾਵੀਰ ਸਿੰਘ ਪੁੱਤਰ ਸ਼ਵਿੰਦਰ ਸਿੰਘ ਵਾਸੀ ਕਮਲਮਿੰਡਾ, ਰਾਜ ਕੁਮਾਰ ਪੁੱਤਰ ਖਰੈਤੀ ਲਾਲ ਵਾਸੀ ਫਿਰੋਜ਼ਪੁਰ, ਸੰਦੀਪ ਪੁਰੀ ਪੁੱਤਰ ਜੋਗਰਾਜ ਪੁਰੀ ਅਤੇ ਮੈਨੇਜਿੰਗ ਡਾਇਰੈਕਟਰ ਕੇਨ ਇਨਕਫ੍ਰਾਟੇਕ ਲਿ. ਫਿਰੋਜ਼ਪੁਰ, ਕੇਨ ਐਗਰੀਕਲਚਰ ਡਿਵੈੱਲਪਰਜ਼ ਇੰਡੀਆ ਲਿ. ਫਿਰੋਜ਼ਪੁਰ ਅਤੇ ਕੇਨ ਐਗਰੋਪਰਪਜ਼ ਕੋ-ਆਪ੍ਰੇਟਿਵ ਸੋਸਾਇਟੀ ਫਿਰੋਜ਼ਪੁਰ ਵੱਲੋਂ ਸ਼ਿਕਾਇਤਕਰਤਾ ਪੱਖ ਦੇ ਨਾਲ ਕਰੀਬ 1.55 ਲੱਖ ਰੁਪਏ ਦੀ ਠੱਗੀ ਕੀਤੀ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਜਾਂਚ ਅਧਿਕਾਰੀ ਦੀ ਰਿਪੋਰਟ ਦੇ ਆਧਾਰ 'ਤੇ ਉਕਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News