ਮੈਕਸੀਕੋ ਦੇ ਰਸਤੇ ਅਮਰੀਕਾ ਭੇਜਣ ਦੇ ਨਾਂ ''ਤੇ ਠੱਗੇ 46.30 ਲੱਖ, ਕੈਂਪ ''ਚ ਫਸਿਆ ਨੌਜਵਾਨ
Sunday, Feb 17, 2019 - 12:39 PM (IST)
ਕਪੂਰਥਲਾ (ਭੂਸ਼ਣ)— ਮੈਕਸੀਕੋ ਦੇ ਰਸਤੇ ਅਮਰੀਕਾ ਭੇਜਣ ਦੇ ਨਾਂ 'ਤੇ ਭਾਰਤੀ ਫੌਜ ਦੇ ਇਕ ਸਾਬਕਾ ਫੌਜੀ ਤੋਂ 46.30 ਲੱਖ ਰੁਪਏ ਠੱਗਣ ਦੇ ਮਾਮਲੇ 'ਚ ਥਾਣਾ ਸੁਭਾਨਪੁਰ ਦੀ ਪੁਲਸ ਨੇ ਇਕ ਔਰਤ ਸਮੇਤ 5 ਮੁਲਜ਼ਮਾਂ ਖਿਲਾਫ ਧਾਰਾ 420, 370, 13 ਪੰਜਾਬ ਹਿਊਮਨ ਸਮੱਗਲਿੰਗ ਐਕਟ 2012 ਤਹਿਤ ਮਾਮਲਾ ਦਰਜ ਕਰਕੇ ਇਕ ਮੁਲਜ਼ਮ ਨੂੰ ਛਾਪਾਮਾਰੀ ਦੌਰਾਨ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਦਿਆਲਪੁਰ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਭਾਰਤੀ ਫੌਜ ਦਾ ਸਾਬਕਾ ਫੌਜੀ ਹੈ ਅਤੇ ਉਸ ਦਾ ਲੜਕਾ ਤਰਲੋਕ ਸਿੰਘ ਅਮਰੀਕਾ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਆਪਣੇ ਕਿਸੇ ਜਾਣਕਾਰ ਦੇ ਮਾਰਫਤ ਇਕ ਟਰੈਵਲ ਏਜੰਟ ਜੱਸ ਪੁੱਤਰ ਸਟੀਫਨ ਕਾਲਾ ਵਾਸੀ ਰਾਏਪੁਰ ਅਰਾਈਆਂ ਥਾਣਾ ਢਿੱਲਵਾਂ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਜੱਸ ਨੇ 25 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਉਸ ਨੂੰ ਮੈਕਸੀਕੋ ਤੋਂ ਅਮਰੀਕਾ ਦੀ ਦੀਵਾਰ ਪਾਰ ਕਰਵਾ ਦੇਵੇਗਾ। ਜਿਸ ਤੋਂ ਬਾਅਦ ਉਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਜਿਸ 'ਤੇ ਉਸ ਨੇ ਜੱਸ ਨੂੰ 2 ਕਿਸ਼ਤਾਂ 'ਚ ਪੈਸੇ ਦੇਣ ਦੀ ਮੰਗ ਕੀਤੀ। ਜਿਸ ਤਹਿਤ ਉਸ ਨੇ ਪਹਿਲੀ ਕਿਸ਼ਤੀ 'ਚ 12 ਲੱਖ ਰੁਪਏ ਆਪਣੇ ਲੜਕੇ ਦੇ ਪਨਾਮਾ ਪੁੱਜਣ 'ਤੇ ਦਿੱਤੇ ਅਤੇ ਬਾਕੀ 13 ਲੱਖ ਰੁਪਏ ਉਸ ਦੇ ਲੜਕੇ ਵਲੋਂ ਮੈਕਸੀਕੋ ਦੀ ਦੀਵਾਰ ਪਾਰ ਕਰਨ ਦੇ ਸਮੇਂ ਜੁਲਾਈ 2018 ਨੂੰ ਦਿੱਤੀ। ਇਹ ਸਾਰੀ ਰਕਮ ੲੈਜੰਟ ਜੱਸ ਉਸ ਦੇ ਘਰ ਦਿਆਲਪੁਰ 'ਚ ਆ ਕੇ ਲੈ ਗਿਆ ਸੀ ਅਤੇ ਉਸ ਨੇ ਇਹ ਸਾਰੀ ਰਕਮ ਆਪਣੀ ਜ਼ਮੀਨ ਵੇਚ ਕੇ ਦਿੱਤੀ ਸੀ। ਉਸ ਤੋਂ ਬਾਅਦ ਉਸ ਦਾ ਲੜਕਾ ਅਮਰੀਕਾ ਦੇ ਕੈਂਪ 'ਚ ਪਹੁੰਚ ਗਿਆ । ਜਿੱਥੇ ਉਸ ਨੂੰ 23 ਹਜ਼ਾਰ ਰੁਪਏ ਡਾਲਰ ਜੁਰਮਾਨਾ ਹੋਇਆ। ਜਿਸ ਨੂੰ ਬਾਹਰ ਕੱਢਣ ਲਈ ਉਸ ਨੇ ਆਪਣੇ ਇਕ ਰਿਸ਼ਤੇਦਾਰ ਸੋਢੀ ਵਾਸੀ ਪਿੰਡ ਅਕਬਰਪੁਰ ਦੇ ਮਾਰਫਤ ਇਕ ਏਜੰਟ ਕੁਲਵਿੰਦਰ ਸਿੰਘ ਉਰਫ ਦਾਰਾ ਵਾਸੀ ਨਾਰਾਇਣਗੜ੍ਹ ਤਹਿਸੀਲ ਦਸੂਹਾ ਜ਼ਿਲਾ ਹੁਸ਼ਿਆਰਪੁਰ ਨਾਲ ਮਿਲਿਆ। ਕੁਲਵਿੰਦਰ ਸਿੰਘ ਦਾਰਾ ਏਜੰਟੀ ਕੰਮ ਕਰਦਾ ਸੀ ਅਤੇ ਉਸ ਦਾ ਦਫਤਰ ਦਾਣਾ ਮੰਡੀ ਦਸੂਹਾ ਦੇ ਕੋਲ ਸੀ। ਜਿਸ ਦੇ ਏਜੰਟੀ ਦੇ ਧੰਦੇ 'ਚ ਉਸ ਦੀ ਭਰਜਾਈ ਅਤੇ ਗਗੂ ਵਾਸੀ ਅਕਬਰਪੁਰ ਵੀ ਸ਼ਾਮਲ ਸਨ। ਕੁਲਵਿੰਦਰ ਸਿੰਘ ਦਾਰਾ ਨੇ ਉਸ ਨੂੰ ਦੱਸਿਆ ਕਿ ਉਸ ਦੇ ਬੇਟੇ ਤਰਲੋਕ ਸਿੰਘ ਨੂੰ ਕੈਂਪ ਤੋਂ ਕੱਢਣ ਦੇ ਬਦਲੇ 3.30 ਲੱਖ ਰੁਪਏ ਦੀ ਰਕਮ ਵਕੀਲ ਅਤੇ ਗ੍ਰੇਟਰ ਲਈ ਲਵੇਗਾ ਅਤੇ 17 ਲੱਖ ਰੁਪਏ ਦੀ ਰਕਮ ਦਾ ਬਾਂਡ ਭਰਨਾ ਪਵੇਗਾ। ਜਿਸ 'ਤੇ ਉਸ ਨੇ 14 ਜਨਵਰੀ 2019 ਨੂੰ ਸੋਢੀ ਦੇ ਕਹਿਣ ਅਤੇ ਆਪਣੇ ਸਟੇਟ ਬੈਂਕ ਆਫ ਇੰਡੀਆ ਕਰਤਾਰਪੁਰ ਦੀ ਬੈਂਕ ਤੋਂ 14 ਲੱਖ ਰੁਪਏ ਦੀ ਰਕਮ ਆਰ. ਟੀ. ਜੀ. ਐੱਸ. ਦੇ ਮਾਰਫਤ ਕੁਲਵਿੰਦਰ ਸਿੰਘ ਉਰਫ ਦਾਰਾ ਦੇ ਖਾਤੇ 'ਚ ਭੇਜ ਦਿੱਤੀ ਅਤੇ ਬਾਕੀ 7.30 ਲੱਖ ਰੁਪਏ ਦੀ ਰਕਮ ਉਸ ਨੇ ਸੋਢੀ ਦੇ ਕਹਿਣ 'ਤੇ ਕੁਲਵਿੰਦਰ ਸਿੰਘ ਉਰਫ ਦਾਰਾ ਦੇ ਦਫਤਰ 'ਚ ਦੇ ਦਿੱਤੀ। ਕੁਲਵਿੰਦਰ ਸਿੰਘ ਨੇ ਇਹ ਰਕਮ ਆਪਣੇ ਕੋਲ ਬੈਠੀ ਭਰਜਾਈ ਦੇ ਹਵਾਲੇ ਕਰ ਦਿੱਤੀ। ਆਪਣੀ ਸਾਰੀ ਜ਼ਮੀਨ ਵੇਚ ਕੇ ਉਸ ਨੇ ਪੂਰੀ 46.30 ਲੱਖ ਰੁਪਏ ਦੀ ਰਕਮ ਉਕਤ ਮੁਲਜ਼ਮਾਂ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਇਸ ਮੁਲਜ਼ਮਾਂ ਨੇ ਨਾ ਤਾਂ ਉਸ ਦੇ ਬੇਟੇ ਦਾ ਬਾਂਡ ਭਰਿਆ ਨਾ ਹੀ ਉਸ ਨੂੰ ਕੈਂਪ ਤੋਂ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਦੇ ਮੁਲਜ਼ਮਾਂ ਨੇ ਆਪਣੀ ਰਕਮ ਵਾਪਸ ਮੰਗੀ ਤਾਂ ਉਹ ਧਮਕੀਆਂ ਦੇਣ ਲੱਗੇ ।
ਜਿਸ 'ਤੇ ਉਸ ਨੇ ਤੰਗ ਆ ਕੇ ਐੱਸ. ਐੱਸ. ਪੀ. ਕਪੂਰਥਲਾ ਤੋਂ ਇਨਸਾਫ ਦੀ ਗੁਹਾਰ ਲਗਾਈ, ਜਿਨ੍ਹਾਂ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਨੂੰ ਜਾਂਚ ਦੇ ਹੁਕਮ ਦਿੱਤੇ । ਜਾਂਚ ਦੌਰਾਨ ਜੱਸ ਪੁੱਤਰ ਸਟੀਫਨ ਕਾਲਾ, ਸੋਢੀ, ਕੁਲਵਿੰਦਰ ਸਿੰਘ ਉਰਫ ਦਾਰਾ ਅਤੇ ਗਗੂ ਅਤੇ ਕੁਲਵਿੰਦਰ ਸਿੰਘ ਦੀ ਭਰਜਾਈ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ। ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ ਦੀ ਅਗਵਾਈ 'ਚ ਪੁਲਸ ਟੀਮ ਨੇ ਛਾਪਾਮਾਰੀ ਕਰਕੇ ਇਕ ਮੁਲਜ਼ਮ ਸੋਢੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਦੂਜੇ ਮੁਲਜ਼ਮਾਂ ਦੀ ਤਲਾਸ਼ 'ਚ ਛਾਪਾਮਾਰੀ ਜਾਰੀ ਹੈ।