ਬਜ਼ੁਰਗਾਂ ਤੇ ਅੰਗਹੀਣਾਂ ਲਈ ਰੈਂਪ ਫੰਡਾਂ ਦੀ ਘਾਟ ਕਾਰਨ ਦੋ ਸਾਲਾਂ ਤੋਂ ਅਧੂਰਾ

12/24/2018 2:34:08 AM

ਰੂਪਨਗਰ,   (ਵਿਜੇ)-  ਸਥਾਨਕ ਮਿੰਨੀ ਸਕੱਤਰੇਤ ’ਚ ਸੀਨੀਅਰ ਸਿਟੀਜ਼ਨ ਅਤੇ ਅੰਗਹੀਣ/ਅਪੰਗ ਲੋਕਾਂ ਲਈ ਰੈਂਪ ਬਣਾਉਣ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਲਟਕਦਾ  ਆ ਰਿਹਾ ਹੈ, ਜਿਸ ਕਾਰਨ ਸੀਨੀਅਰ ਸਿਟੀਜ਼ਨਾਂ ਤੇ ਅੰਗਹੀਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 2016 ’ਚ ਜਦੋਂ ਡੀ. ਸੀ. ਕਰਨੇਸ਼ ਸ਼ਰਮਾ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ ਸੀ ਤਾਂ ਉਨ੍ਹਾਂ ਮਹਿਸੂਸ ਕੀਤਾ ਸੀ ਕਿ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਦਫਤਰ ਪਹਿਲੀ ਮੰਜ਼ਿਲ ’ਤੇ ਹੋਰ ਦਫਤਰਾਂ ਲਈ ਦੂਜੀ ਮੰਜ਼ਿਲ ’ਤੇ ਚਡ਼੍ਹਨਾ ਕਾਫੀ ਅੌਖਾ ਹੁੰਦਾ ਸੀ। ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਰੈਂਪ ਬਣਾਉਣ ਲਈ ਸਿਫਾਰਸ਼ ਕੀਤੀ ਸੀ ਅਤੇ ਸਰਕਾਰ ਨੇ ਇਸ ਰੈਂਪ ਨੂੰ ਲੋਕ ਸੰਪਰਕ ਵਿਭਾਗ ਵਾਲੇ ਪਾਸੇ ਬਣਾਉਣ ਲਈ ਕਰੀਬ 32 ਲੱਖ ਰੁਪਏ ਦਾ ਐਸਟੀਮੇਟ ਪਾਸ ਕੀਤਾ ਸੀ, ਜਿਸ ’ਚੋਂ ਕਰੀਬ 28 ਲੱਖ ਰੁਪਏ ਇਸ ਕੰਮ ਲਈ ਜਾਰੀ ਹੋਏ ਸਨ, ਜਿਸ ਮਗਰੋਂ ਇਹ ਕੰਮ ਫੰਡ ਦੀ ਘਾਟ ਕਾਰਨ ਅਧੂਰਾ ਪਿਆ ਹੈ। ਇਹ ਕੰਮ ਸਿਰਫ 9 ਮਹੀਨਿਅਾਂ ’ਚ ਮੁਕੰਮਲ ਹੋਣਾ ਸੀ ਪਰ ਹੁਣ ਦੋ ਸਾਲ ਬੀਤਣ ਦੇ ਬਾਵਜੂਦ ਇਹ ਕੰਮ ਪੂਰਾ ਨਹੀਂ ਹੋ ਸਕਿਆ। ਹੁਣ ਮੌਜੂਦਾ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਸਰਕਾਰ ਨੂੰ ਫਿਰ ਬੇਨਤੀ ਕੀਤੀ ਹੈ ਕਿ ਇਸ ਕੰਮ ਨੂੰ ਜਲਦ ਪੂਰਾ ਕਰਵਾਇਆ ਜਾਵੇ, ਜਿਸ ਮਗਰੋਂ ਲੋਕ ਨਿਰਮਾਣ ਵਿਭਾਗ ਨੇ ਸ਼ੁਰੂ ਕੀਤਾ ਸੀ ਪਰ ਫੰਡਾਂ ਦੀ ਘਾਟ ਕਾਰਨ ਕੰਮ ਰੁਕ ਗਿਆ, ਇਸ ਕਰ ਕੇ ਇਹ ਕੰਮ ਹਾਲੇ ਤੱਕ ਅਧੂਰਾ ਪਿਆ ਹੈ ਅਤੇ ਆਮ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਰਿੰਡਾ ਨਿਵਾਸੀ ਇਕ ਅੰਗਹੀਣ ਵਿਅਕਤੀ ਅਭਿਸ਼ੇਕ ਨੇ ਦੱਸਿਆ ਕਿ ਉਸ ਨੂੰ ਪੌਡ਼ੀਆਂ ਚਡ਼੍ਹਨ ’ਚ ਪ੍ਰੇਸ਼ਾਨੀ ਹੁੰਦੀ ਹੈ ਅਤੇ ਉਸਨੇ ਦੂਜੀ ਮੰਜ਼ਿਲ ’ਤੇ ਸਿੱਖਿਆ ਵਿਭਾਗ ਵਿਖੇ ਆਪਣੇ ਕੰਮ ਲਈ ਆਉਣਾ-ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੈਂਪ ਦਾ ਕੰਮ ਜਲਦ ਤੋਂ ਜਲਦ ਪੂਰਾ ਹੋਣਾ ਚਾਹੀਦਾ ਹੈ। 
    ਇਸੇ ਤਰ੍ਹਾਂ ਪਿੰਡ ਮੰਗਰੋਡ਼ ਨਿਵਾਸੀ ਨਸੀਬ ਸਿੰਘ ਨੇ ਦੱਸਿਆ ਕਿ ਉਸ ਨੂੰ ਦੂਜੀ ਮੰਜ਼ਿਲ ’ਤੇ ਫੂਡ ਸਪਲਾਈ ਦਫਤਰ ਜਾਣਾ ਹੁੰਦਾ ਹੈ ਪਰ ਉਹ ਜਾ ਨਹੀਂ ਸਕਦਾ। 
 


Related News