ਸ਼ਹਿਰ ’ਚ ਸੀਵਰੇਜ ਜਾਮ ਤੇ ਹੜ੍ਹ ਵਰਗੇ ਹਾਲਾਤ ਦਾ ਕਾਰਨ ਬਣ ਰਿਹੈ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ

02/18/2023 4:31:01 PM

ਜਲੰਧਰ (ਖੁਰਾਣਾ)–ਇਸ ਸਮੇਂ ਜਲੰਧਰ ਸ਼ਹਿਰ ਦੇ ਲੱਖਾਂ ਲੋਕ ਸੀਵਰੇਜ ਜਾਮ ਦੀ ਸਮੱਸਿਆ ਝੱਲ ਰਹੇ ਹਨ ਅਤੇ ਸ਼ਹਿਰ ਦੇ ਦਰਜਨਾਂ ਹਿੱਸਿਆਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਚੁੱਕੇ ਹਨ, ਜਿਸ ਦਾ ਮੁੱਖ ਕਾਰਨ ਇਸ ਸਮੇਂ ਫੋਲੜੀਵਾਲ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਮੰਨਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਫੋਲੜੀਵਾਲ ਪਲਾਂਟ ਵਿਚ 100 ਐੱਮ. ਐੱਲ. ਡੀ. ਦਾ ਜਿਹੜਾ ਮੁੱਖ ਯੂਨਿਟ ਲੱਗਾ ਹੋਇਆ ਹੈ, ਉਹ ਫਿਲਹਾਲ 30 ਫ਼ੀਸਦੀ ਸਮਰੱਥਾ ਨਾਲ ਹੀ ਕੰਮ ਕਰ ਰਿਹਾ ਹੈ ਕਿਉਂਕਿ ਉਥੇ ਮੋਟਰਾਂ ਦੀ ਰਿਪੇਅਰ ਆਦਿ ਦਾ ਕੰਮ ਚੱਲ ਰਿਹਾ ਹੈ। ਜਲੰਧਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੇ ਐੱਸ. ਈ. ਅਨੁਰਾਗ ਮਹਾਜਨ ਨੇ ਸ਼ੁੱਕਰਵਾਰ ਫੋਲੜੀਵਾਲ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਕੰਪਨੀ ਨੂੰ ਨਿਰਦੇਸ਼ ਦਿੱਤੇ ਕਿ ਰਿਪੇਅਰ ਦਾ ਕੰਮ ਜਲਦ ਨਿਪਟਾਇਆ ਜਾਵੇ ਅਤੇ ਪਲਾਂਟ ਨੂੰ ਪੂਰੀ ਸਮਰੱਥਾ ਨਾਲ ਚਾਲੂ ਕੀਤਾ ਜਾਵੇ ਤਾਂ ਕਿ ਸ਼ਹਿਰ ਵਿਚ ਥਾਂ-ਥਾਂ ਜੋ ਸੀਵਰੇਜ ਜਾਮ ਦੀ ਸਮੱਸਿਆ ਆ ਰਹੀ ਹੈ, ਉਸ ਨਾਲ ਨਿਪਟਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਫੋਲੜੀਵਾਲ ਪਲਾਂਟ ਵਿਚ ਇਸ ਸਮੇਂ 200 ਐੱਮ. ਐੱਲ. ਡੀ. ਪਾਣੀ ਨੂੰ ਟਰੀਟ ਕਰਨ ਦੀ ਸਮਰੱਥਾ ਹੈ ਪਰ ਇਸ ਪਲਾਂਟ ਦੀ ਵਰਕਿੰਗ ਸਦਾ ਹੀ ਵਿਵਾਦਾਂ ਵਿਚ ਰਹੀ ਹੈ। ਅਕਸਰ ਦੋਸ਼ ਲੱਗਦੇ ਹਨ ਕਿ ਪਲਾਂਟ ਨੂੰ ਪੂਰੀ ਸਮਰੱਥਾ ਨਾਲ ਚਲਾਇਆ ਹੀ ਨਹੀਂ ਜਾ ਰਿਹਾ, ਜਿਸ ਕਾਰਨ ਸ਼ਹਿਰ ਦੀਆਂ ਸਾਰੀਆਂ ਸੀਵਰ ਲਾਈਨਾਂ ਗਾਰ ਅਤੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਹਨ। ਇਹ ਵੱਖ ਗੱਲ ਹੈ ਕਿ ਕਰੋੜਾਂ ਰੁਪਏ ਲਾ ਕੇ ਜਿਸ ਗੰਦੇ ਪਾਣੀ ਨੂੰ ਫੋਲੜੀਵਾਲ ਪਲਾਂਟ ਤੱਕ ਲਿਆ ਕੇ ਟਰੀਟ ਕੀਤਾ ਜਾਂਦਾ ਹੈ, ਉਸ ਨੂੰ ਸਾਫ਼ ਕਰਨ ਤੋਂ ਬਾਅਦ ਫਿਰ ਉਸੇ ਕਾਲਾ ਸੰਘਿਆਂ ਡਰੇਨ ਵਿਚ ਸੁੱਟ ਦਿੱਤਾ ਜਾਂਦਾ ਹੈ, ਜਿਹੜੀ ਪਹਿਲਾਂ ਹੀ ਗੰਦੇ ਪਾਣੀ ਅਤੇ ਗਾਰ ਨਾਲ ਭਰੀ ਹੋਈ ਹੈ।

ਇਹ ਵੀ ਪੜ੍ਹੋ : ਚਾਚੇ ਦੀਆਂ ਅੱਖਾਂ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਵੇਂਹਦਿਆਂ-ਵੇਂਹਦਿਆਂ ਮੌਤ ਦੇ ਮੂੰਹ ’ਚ ਚਲਾ ਗਿਆ 17 ਸਾਲਾ ਭਤੀਜਾ

ਮੋਟਰਾਂ ਦੀ ਰਿਪੇਅਰ ਨਾ ਹੋਣ ਕਾਰਨ ਆਉਂਦੀ ਹੈ ਇਕਹਿਰੀ ਪੁਲੀ ਦੀ ਸਮੱਸਿਆ
ਨਾਰਥ ਹਲਕੇ ਦੇ ਵਿਧਾਇਕ ਬਾਵਾ ਹੈਨਰੀ ਅਤੇ ਸਾਬਕਾ ਮੰਤਰੀ ਅਵਤਾਰ ਹੈਨਰੀ ਦੇ ਦਫ਼ਤਰ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਇਕਹਿਰੀ ਪੁਲੀ ਦੀ ਸੀਵਰੇਜ ਸਮੱਸਿਆ ਜਿਥੇ ਹਜ਼ਾਰਾਂ ਲੋਕਾਂ ਲਈ ਮੁਸੀਬਤ ਦਾ ਕਾਰਨ ਬਣੀ ਹੋਈ ਹੈ, ਉਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਵੱਡੀ ਨਾਲਾਇਕੀ ਸਾਹਮਣੇ ਆ ਰਹੀ ਹੈ। ਪਤਾ ਲੱਗਾ ਹੈ ਕਿ ਪੁਲੀ ਨੇੜੇ ਡਿਸਪੋਜ਼ਲ ਵਿਚ 5 ਮੋਟਰਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਜ਼ਰੀਏ ਪਾਣੀ ਨੂੰ ਲਿਫਟ ਕਰਕੇ ਵੱਡੇ ਡਿਸਪੋਜ਼ਲ ਤੱਕ ਲਿਜਾਇਆ ਜਾਂਦਾ ਹੈ। ਇਨ੍ਹਾਂ ਵਿਚੋਂ ਅਕਸਰ ਕਈ ਮੋਟਰਾਂ ਖ਼ਰਾਬ ਹੀ ਰਹਿੰਦੀਆਂ ਹਨ। ਪਿਛਲੇ ਦਿਨੀਂ ਪੁਲੀ ਵਿਚ ਪਾਣੀ ਭਰ ਜਾਣ ਦਾ ਮੁੱਖ ਕਾਰਨ 3 ਮੋਟਰਾਂ ਦੀ ਖਰਾਬੀ ਰਿਹਾ, ਜਿਸ ਨੂੰ ਲੈ ਕੇ ਲਗਾਤਾਰ 2 ਦਿਨ ਰੋਸ ਪ੍ਰਦਰਸ਼ਨ ਹੋਏ। ਇਸ ਤੋਂ ਬਾਅਦ ਨਿਗਮ ਨੇ 2 ਮੋਟਰਾਂ ਨੂੰ ਤਾਂ ਰਿਪੇਅਰ ਕਰਵਾ ਦਿੱਤਾ ਹੈ ਪਰ ਅਜੇ ਵੀ ਇਕ ਮੋਟਰ ਖ਼ਰਾਬ ਪਈ ਹੈ। ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਡੀਜ਼ਲ ਬਚਾਉਣ ਦੇ ਚੱਕਰ ਵਿਚ ਅਕਸਰ ਡਿਸਪੋਜ਼ਲ ਮੋਟਰਾਂ ਨੂੰ ਚਲਾਇਆ ਹੀ ਨਹੀਂ ਜਾਂਦਾ। ਇਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਗਲੀਆਂ, ਸੜਕਾਂ ਤੇ ਬਾਜ਼ਾਰਾਂ ਵਿਚ ਖੜ੍ਹਾ ਰਹਿੰਦਾ ਹੈ।

ਜਾਮ ਹੀ ਰਹਿੰਦੇ ਹਨ ਸੰਤਪੁਰਾ ਦੇ ਸੀਵਰੇਜ
ਦੋਆਬਾ ਚੌਂਕ ਅਤੇ ਕਿਸ਼ਨਪੁਰਾ ਚੌਂਕ ਦੇ ਵਿਚਕਾਰ ਪੈਂਦੇ ਸੰਤਪੁਰਾ ਮੁਹੱਲੇ ਦੇ ਲੋਕ ਪਿਛਲੇ ਕਾਫ਼ੀ ਸਮੇਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਕਾਰਨ ਕਾਫ਼ੀ ਪ੍ਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਾ ਤਾਂ ਸੀਵਰ ਲਾਈਨਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਇਲਾਕੇ ਵਿਚੋਂ ਕੂੜੇ ਦੀ ਲਿਫਟਿੰਗ ਦਾ ਕੋਈ ਪ੍ਰਬੰਧ ਹੈ, ਜਿਸ ਕਾਰਨ ਹਰ ਪਾਸੇ ਗੰਦਗੀ ਫੈਲੀ ਹੋਈ ਹੈ। ਲੋਕਾਂ ਨੇ ਮੰਗ ਕੀਤੀ ਕਿ ਪੂਰੇ ਇਲਾਕੇ ਦੀਆਂ ਸੀਵਰ ਲਾਈਨਾਂ ਨੂੰ ਮਸ਼ੀਨਾਂ ਨਾਲ ਸਾਫ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਨੂੰ ਨਰਕ ਵਰਗੇ ਮਾਹੌਲ ਤੋਂ ਮੁਕਤੀ ਮਿਲੇ।

ਇਹ ਵੀ ਪੜ੍ਹੋ : ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ 'ਚੋਂ ਮਿਲਿਆ ਭਰੂਣ ਵੇਖ ਲੋਕਾਂ ਦੇ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News