ਕਿਰਾਏ ਨੂੰ ਲੈ ਕੇ ਠੇਕੇਦਾਰ ਦੇ ਪਾਰਟਨਰ ਨੇ ਪਿਓ-ਪੁੱਤ ਦੀ ਕੀਤੀ ਕੁੱਟਮਾਰ

03/25/2019 1:51:57 PM

ਰੋਪੜ (ਦਲਜੀਤ)— ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਸਪਾਸ ਕਮੇਟੀ ਦੀ ਜਗ੍ਹਾ ਦਾ ਠੇਕਾ ਲੈਣ ਵਾਲੇ ਕਥਿਤ ਠੇਕੇਦਾਰ ਵੱਲੋਂ ਆਰਜ਼ੀ ਦੁਕਾਨਾਂ, ਫੜ੍ਹੀਆਂ ਅਤੇ ਰੇਹੜੀਆਂ ਵਾਲਿਆਂ ਨਾਲ ਕੀਤੀ ਜਾ ਰਹੀ ਕਥਿਤ ਤੌਰ 'ਤੇ ਕੁੱਟਮਾਰ ਅਤੇ ਧੱਕੇਸ਼ਾਹੀ ਕਾਰਨ ਸ਼ਹਿਰ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ ਹੈ। ਇਸੇ ਨੂੰ ਲੈ ਕੇ ਬੀਤੇ ਦਿਨੀਂ ਠੇਕੇਦਾਰ ਵੱਲੋਂ ਆਪਣੇ ਕਰਿੰਦਿਆਂ ਨੂੰ ਨਾਲ ਲੈ ਕੇ ਕਥਿਤ ਤੌਰ 'ਤੇ ਠੇਕੇ ਦੇ ਘੇਰੇ ਤੋਂ ਬਾਹਰ ਲੱਗੀਆਂ ਫੜ੍ਹੀਆਂ, ਦੁਕਾਨਾਂ ਤੋਂ ਕਿਰਾਇਆ ਵਸੂਲਣ ਮੌਕੇ ਇਕ ਬਜ਼ੁਰਗ ਅਤੇ ਉਸ ਦੇ ਪੁੱਤਰ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਬਜ਼ੁਰਗ ਅਤੇ ਉਸ ਦੇ ਪੁੱਤਰ ਦੇ ਸੱਟਾਂ ਲੱਗੀਆਂ ਹਨ। 


ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਇਸ ਕੁੱਟਮਾਰ 'ਚ ਜ਼ਖਮੀ ਹੋਏ ਪੀੜਤ 60 ਸਾਲਾ ਬਲਜੀਤ ਸਿੰਘ ਅਤੇ ਉਸ ਦੇ ਪੁੱਤਰ ਤੇਜਪਾਲ ਸਿੰਘ ਨੇ ਦੱਸਿਆ ਕਿ ਉਹ ਸ੍ਰੀ ਅੰਮ੍ਰਿਤਸਰ ਤੋਂ ਹੋਲੇ ਮਹੱਲੇ ਮੌਕੇ ਇਥੇ ਆਰਜ਼ੀ ਦੁਕਾਨ ਲਗਾਉਣ ਲਈ ਆਏ ਸਨ ਅਤੇ ਉਨ੍ਹਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਬਾਹਰ ਮੁੱਖ ਸੜਕ ਦੇ ਇਕ ਪਾਸੇ ਆਪਣੀ ਰੇਹੜੀ ਲਗਾਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਜਗ੍ਹਾ ਠੇਕੇ ਵਾਲੀ ਜਗ੍ਹਾ ਅਧੀਨ ਨਹੀਂ ਆਉਂਦੀ ਪਰ ਆਪਣੇ ਆਪ ਨੂੰ ਠੇਕੇਦਾਰ ਦੱਸਦਾ ਕੁਲਵੰਤ ਸਿੰਘ ਉਨ੍ਹਾਂ ਕੋਲੋਂ ਫਿਰ ਵੀ ਸਿਰਫ 6 ਦਿਨ ਦਾ 6 ਹਜ਼ਾਰ ਰੁਪਏ ਕਿਰਾਇਆ ਲੈ ਚੁੱਕਾ ਹੈ ਅਤੇ ਬੀਤੇ ਦਿਨ ਸੱਤਵੇਂ ਦਿਨ ਜਦੋਂ ਉਹ ਕਿਰਾਇਆ ਲੈਣ ਆਇਆ ਤਾਂ ਅਸੀਂ ਉਸ ਨੂੰ ਬੇਨਤੀ ਕੀਤੀ ਕਿ ਉਹ ਬਹੁਤ ਗਰੀਬ ਹਨ ਅਤੇ ਐਨਾ ਕਿਰਾਇਆ ਨਹੀਂ ਦੇ ਸਕਦੇ ਤਾਂ ਉਸ ਨੇ ਅਤੇ ਉਸ ਦੇ ਨਾਲ ਆਏ ਤਕਰੀਬਨ 5-6 ਮੁੰਡਿਆਂ ਵੱਲੋਂ ਮੇਰੀ ਅਤੇ ਮੇਰੇ ਲੜਕੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਰੇਹੜੀ ਵੀ ਉਲਟਾਅ ਦਿੱਤੀ, ਜਿਸ ਕਾਰਨ ਮੇਰੇ ਅਤੇ ਮੇਰੇ ਲੜਕੇ ਦੇ ਨੱਕ, ਕੰਨ ਅਤੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਕਥਿਤ ਠੇਕੇਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। 


ਇਸ ਸਬੰਧੀ ਰੂਪਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੇ ਵੀ ਧਿਆਨ 'ਚ ਆਈ ਹੈ ਕਿ ਉਕਤ ਠੇਕੇਦਾਰ ਵੱਲੋਂ ਗਰੀਬ ਰੇਹੜੀਆਂ, ਫੜ੍ਹੀਆਂ ਵਾਲਿਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਜਲਦੀ ਹੀ ਪਾਰਟੀ ਵੱਲੋਂ ਐਕਸ਼ਨ ਵੀ ਲਿਆ ਜਾਵੇਗਾ। 


ਕੀ ਕਹਿਣਾ ਹੈ ਠੇਕੇਦਾਰ ਕੁਲਵੰਤ ਸਿੰਘ ਦਾ 
ਉਕਤ ਠੇਕੇਦਾਰ ਕੁਲਵੰਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਸਿਰਫ ਕਿਰਾਇਆ ਲੈਣ ਗਏ ਸੀ ਅਤੇ ਕੁੱਟਮਾਰ ਵਾਲੀ ਗੱਲ ਬਿਲਕੁੱਲ ਝੂਠ ਹੈ। ਇਹ ਠੇਕਾ ਕਿਸੇ ਹੋਰ ਦੇ ਨਾਮ ਵਾਲੀ ਗੱਲ ਸਬੰਧੀ ਉਨ੍ਹਾਂ ਕਿਹਾ ਕਿ ਉਹ ਵੀ ਇਸ ਠੇਕੇ 'ਚ ਪਾਰਟਨਰ ਹਨ, ਜਿੱਥੇ ਉਕਤ ਰੇਹੜੀ ਖੜ੍ਹੀ ਸੀ, ਬਾਰੇ ਉਨ੍ਹਾਂ ਕਿਹਾ ਕਿ ਉਹ ਉਕਤ ਸੜਕ 'ਤੇ ਖੜ੍ਹੀਆਂ ਰੇਹੜੀਆਂ ਤੋਂ ਕਿਰਾਇਆ ਵਸੂਲ ਸਕਦੇ ਹਨ ਕੀ ਕਹਿਣਾ ਹੈ ਤਖਤ ਸਾਹਿਬ ਦੇ ਮੈਨੇਜਰ ਦਾ ਜਦੋਂ ਇਸ ਸਬੰਧੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁੱਟਮਾਰ ਵਾਲੀ ਹਰਕਤ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਸ ਲਈ ਉਹ ਉਕਤ ਠੇਕੇਦਾਰ ਨੂੰ ਬੁਲਾ ਕੇ ਸਖਤ ਤਾੜਨਾ ਵੀ ਕਰਨਗੇ। ਪੰਜਾਬ ਐਂਡ ਸਿੰਧ ਬੈਂਕ ਦੇ ਅੱਗੇ ਵਾਲੀ ਜਗ੍ਹਾ ਸਬੰਧੀ ਉਨ੍ਹਾਂ ਕਿਹਾ ਕਿ ਉਹ ਜਗ੍ਹਾ ਠੇਕੇਦਾਰ ਦੇ ਅਧਿਕਾਰ ਵਿਚ ਹੀ ਨਹੀਂ ਆਉਂਦੀ। 
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਸਥਾਨਕ ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਸਲਾ ਨਹੀਂ ਆਇਆ ਹੈ ਤੇ ਜੇਕਰ ਆਉਂਦਾ ਹੈ ਤਾਂ ਉਹ ਯੋਗ ਕਾਰਵਾਈ ਜ਼ਰੂਰ ਕਰਨਗੇ ।


shivani attri

Content Editor

Related News