ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਨੇ ਦਿਖਾਈ ਗੁੰਡਾਗਰਦੀ, ਪਿਸਤੌਲਾਂ ਲਹਿਰਾ ਕੇ ਕੀਤਾ ਗਾਲੀ-ਗਲੋਚ

Tuesday, Apr 19, 2022 - 01:04 PM (IST)

ਸੋਢਲ ਰੋਡ ’ਤੇ ਫਤਿਹ ਗੈਂਗ ਦੇ ਮੈਂਬਰਾਂ ਨੇ ਦਿਖਾਈ ਗੁੰਡਾਗਰਦੀ, ਪਿਸਤੌਲਾਂ ਲਹਿਰਾ ਕੇ ਕੀਤਾ ਗਾਲੀ-ਗਲੋਚ

ਜਲੰਧਰ (ਜ. ਬ.) : ਸੋਢਲ ਰੋਡ ’ਤੇ ਕਈ ਕੇਸਾਂ ਵਿਚ ਲੋੜੀਂਦੇ ਮੁਲਜ਼ਮ ਸੰਨੀ ਨੇ ਆਪਣੇ ਸਾਥੀ ਦਿਵਾਂਸ਼ ਨਾਲ ਮਿਲ ਕੇ ਗੁੰਡਾਗਰਦੀ ਕੀਤੀ। ਸੰਨੀ ਤੇ ਉਸਦਾ ਭਰਾ ਸ਼ੇਰੂ ਦੋਵੇਂ ਫਤਿਹ ਗੈਂਗ ਦੇ ਮੈਂਬਰ ਹਨ। ਹੱਥਾਂ ਵਿਚ ਪਿਸਤੌਲਾਂ ਲਹਿਰਾਉਂਦਿਆਂ ਉਨ੍ਹਾਂ ਇਲਾਕੇ ਵਿਚ ਜੰਮ ਕੇ ਗਾਲੀ-ਗਲੋਚ ਕੀਤਾ ਅਤੇ ਫਿਰ ਇਕ ਰਾਹਗੀਰ ਪ੍ਰਵਾਸੀ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਕ ਰਾਹਗੀਰ ਨੇ ਸੰਨੀ ਅਤੇ ਦਿਵਾਂਸ਼ ਵੱਲੋਂ ਗੁੰਡਾਗਰਦੀ ਕਰਨ ਦੀ ਵੀਡੀਓ ਬਣਾ ਲਈ, ਜਿਹੜੀ ਪੁਲਸ ਤੱਕ ਪਹੁੰਚੀ ਤਾਂ ਥਾਣਾ ਨੰਬਰ 8 ਵਿਚ ਦੋਵਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ : ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

ਹੱਥਾਂ ਵਿਚ ਪਿਸਤੌਲਾਂ ਲਹਿਰਾਉਂਦੇ ਹੋਏ ਚੇਤਨ ਨਾਂ ਦੇ ਨੌਜਵਾਨ ਨੂੰ ਗਾਲ੍ਹਾਂ ਕੱਢਣ ਤੇ ਧਮਕਾਉਣ ਦੀ ਵੀਡੀਓ ਕੁਝ ਹੀ ਸਮੇਂ ਵਿਚ ਵਾਇਰਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੰਨੀ ਤੇ ਦਿਵਾਂਸ਼ ਚੇਤਨ ਨਾਲ ਰੰਜਿਸ਼ ਰੱਖਦੇ ਹਨ। ਇਹ ਵੀਡੀਓ ਐਤਵਾਰ ਰਾਤ ਦੀ ਹੈ। ਦੋਵੇਂ ਮੁਲਜ਼ਮ ਨਸ਼ੇ ਦੀ ਹਾਲਤ ਵਿਚ ਸਨ। ਚੇਤਨ ਹੱਥ ਨਾ ਆਇਆ ਤਾਂ ਮੁਲਜ਼ਮਾਂ ਨੇ ਇਕ ਰਾਹਗੀਰ ਪ੍ਰਵਾਸੀ ’ਤੇ ਹਮਲਾ ਕਰ ਦਿੱਤਾ। ਸੰਨੀ ਕਈ ਕੇਸਾਂ ਵਿਚ ਲੋੜੀਂਦਾ ਹੈ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਨ ਨਗਰ ਦੇ ਸ਼ਰਾਬ ਸਮੱਗਲਰ ਸੋਨੂੰ ਕੋਲੋਂ ਹਫਤਾ ਵਸੂਲਣ ਲਈ ਉਸਦੇ ਘਰ ਦੇ ਬਾਹਰ ਵੀ ਗੋਲੀਆਂ ਚਲਾਈਆਂ ਸਨ, ਜਦੋਂ ਕਿ ਕੁਝ ਸਮਾਂ ਪਹਿਲਾਂ ਸੋਢਲ ਇਲਾਕੇ ਵਿਚ ਹੀ ਫਾਇਰਿੰਗ ਕੀਤੀ ਸੀ। ਉਨ੍ਹਾਂ ਕੇਸਾਂ ਵਿਚ ਇਸਦੀ ਅਤੇ ਉਸਦੇ ਭਰਾ ਸ਼ੇਰੂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਦੋਂ ਤੋਂ ਇਹ ਅੰਡਰਗਰਾਊਂਡ ਹਨ। ਹੈਰਾਨੀ ਦੀ ਗੱਲ ਹੈ ਕਿ ਇੰਨੇ ਕੇਸਾਂ ਵਿਚ ਲੋੜੀਂਦਾ ਹੋਣ ਦੇ ਬਾਵਜੂਦ ਸ਼ਰੇਆਮ ਹੱਥਾਂ ਵਿਚ ਹਥਿਆਰ ਫੜ ਕੇ ਘੁੰਮ ਰਹੇ ਸਨ। ਸੰਨੀ ਤੇ ਦਿਵਾਂਸ਼ ਦੋਵਾਂ ਕੋਲ ਨਾਜਾਇਜ਼ ਹਥਿਆਰ ਹੈ।  ਦੂਜੇ ਪਾਸੇ ਥਾਣਾ ਨੰਬਰ 8 ਦੇ ਇੰਚਾਰਜ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਦੋਵਾਂ ਮੁਲਾਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤੋਂ ਇਲਾਵਾ ਹੋਰ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

PunjabKesari

ਕਮਾਂਡੋ ਫੋਰਸ ਲੈ ਕੇ ਘਰਾਂ ’ਚ ਕੀਤੀ ਛਾਪੇਮਾਰੀ

ਥਾਣਾ ਨੰਬਰ 8 ਦੀ ਪੁਲਸ ਨੇ ਪੰਜਾਬ ਪੁਲਸ ਦੀ ਕਮਾਂਡੋ ਫੋਰਸ ਨੂੰ ਨਾਲ ਲੈ ਕੇ ਸੰਨੀ ਅਤੇ ਦਿਵਾਂਸ਼ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਦੇ ਘਰਾਂ ਵਿਚ ਰੇਡ ਕੀਤੀ। ਦੋਵੇਂ ਮੁਲਜ਼ਮ ਘਰੋਂ ਫ਼ਰਾਰ ਮਿਲੇ। ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਮੁਲਜ਼ਮਾਂ ਕੋਲ 2-2 ਨਾਜਾਇਜ਼ ਹਥਿਆਰ ਹੋਣ ਕਾਰਨ ਪੁਲਸ ਆਪਣੇ ਨਾਲ ਕਮਾਂਡੋ ਫੋਰਸ ਲੈ ਕੇ ਗਈ ਸੀ। ਪੁਲਸ ਨੂੰ ਇਹ ਵੀ ਸ਼ੱਕ ਸੀ ਕਿ ਉਹ ਭੱਜਣ ਲਈ ਪੁਲਸ ਦੀ ਟੀਮ ’ਤੇ ਫਾਇਰਿੰਗ ਵੀ ਕਰ ਸਕਦੇ ਸਨ।

ਫਤਿਹ ਨਾਲ ਜਿਗਰੀ ਦੋਸਤ, ਗੈਂਗਸਟਰ ਪੁਨੀਤ ਸ਼ਰਮਾ ਨਾਲ ਤਾਲਮੇਲ

ਸੰਨੀ ਅਤੇ ਉਸਦੇ ਭਰਾ ਸ਼ੇਰੂ ਦੀ ਫਤਿਹ ਗੈਂਗ ਦੇ ਫਤਿਹ ਅਤੇ ਅਮਨ ਨਾਲ ਜਿਗਰੀ ਦੋਸਤੀ ਹੈ। ਫਤਿਹ ਨਾਲ ਮਿਲ ਕੇ ਵੀ ਇਨ੍ਹਾਂ ਲੋਕਾਂ ਨੇ ਕਈ ਵਾਰਦਾਤਾਂ ਕੀਤੀਆਂ ਹਨ। ਕੁਝ ਸਾਲ ਪਹਿਲਾਂ ਐਕਸਾਈਜ਼ ਪਾਰਟੀ ’ਤੇ ਫਾਇਰਿੰਗ ਕਰਨ ਸਮੇਂ ਵੀ ਸ਼ੇਰੂ ਫਤਿਹ ਗੈਂਗ ਦੇ ਨਾਲ ਸੀ, ਹਾਲਾਂਕਿ ਫਤਿਹ ਅਤੇ ਅਮਨ ਸੀ. ਆਈ. ਏ. ਸਟਾਫ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਸਨ ਪਰ ਸ਼ੇਰੂ ਨਹੀਂ ਮਿਲਿਆ ਸੀ। ਸ਼ੇਰੂ ਤੇ ਸੰਨੀ ਦੇ ਪੁਨੀਤ ਸ਼ਰਮਾ ਨਾਲ ਗੂੜ੍ਹੇ ਸਬੰਧ ਹਨ, ਹਾਲਾਂਕਿ ਪਹਿਲਾਂ ਇਨ੍ਹਾਂ ਦੀ ਪੁਨੀਤ ਨਾਲ ਰੰਜਿਸ਼ ਸੀ ਪਰ ਰਾਜ਼ੀਨਾਮਾ ਹੋ ਜਾਣ ਕਾਰਨ ਇਨ੍ਹਾਂ ਦਾ ਆਪਸ ਵਿਚ ਕਾਫੀ ਤਾਲਮੇਲ ਹੋ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਕੋਲੋਂ ਗੈਂਗਸਟਰ ਪੁਨੀਤ ਸ਼ਰਮਾ ਦਾ ਲਿੰਕ ਵੀ ਮਿਲ ਸਕਦਾ ਹੈ।

ਨੋਟ - ਪੰਜਾਬ ’ਚ ਵੱਧ ਰਹੀ ਗੁੰਡਾਗਰਦੀ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Anuradha

Content Editor

Related News