ਹੁਸ਼ਿਆਰਪੁਰ ਪੈਸੰਜਰ ਟਰੇਨ ''ਚੋਂ 2 ਨਕਲੀ ਟੀ. ਟੀ. ਈ. ਕਾਬੂ

04/25/2019 10:56:42 PM

ਜਲੰਧਰ, (ਗੁਲਸ਼ਨ)— ਵੀਰਵਾਰ ਸਵੇਰੇ ਜਲੰਧਰ-ਹੁਸ਼ਿਆਰਪੁਰ ਰੇਲ ਸੈਕਸ਼ਨ 'ਤੇ ਪੈਸੰਜਰ ਟਰੇਨ 'ਚ 2 ਨਕਲੀ ਟੀ. ਟੀ. ਈ. ਨੂੰ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰਦੇ ਹੋਏ ਰੇਲ ਮੁਲਾਜ਼ਮਾਂ ਨੇ ਕਾਬੂ ਕੀਤਾ ਹੈ, ਜਿਨ੍ਹਾਂ ਨੂੰ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਰੇਲਵੇ ਦੇ ਇਲੈਕਟ੍ਰੀਕਲ ਵਿਭਾਗ ਦੇ ਦੋ ਮੁਲਾਜ਼ਮ ਜਲੰਧਰ ਤੋਂ ਪੈਸੰਜਰ ਟਰੇਨ 'ਚ ਹੁਸ਼ਿਆਰਪੁਰ ਡਿਊਟੀ ਕਰਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਟਰੇਨ 'ਚ 2 ਟੀ. ਟੀ. ਈ. ਵੇਖੇ ਜੋ ਯਾਤਰੀਆਂ ਦੀਆਂ ਟਿਕਟਾਂ ਚੈੱਕ ਕਰ ਰਹੇ ਸਨ। ਸ਼ੱਕ ਹੋਣ 'ਤੇ ਜਦੋਂ ਉਨ੍ਹਾਂ ਕੋਲੋ ਆਈ ਕਾਰਡ ਮੰਿਗਆ ਤਾਂ ਉਨ੍ਹਾਂ ਤੁਰੰਤ ਆਈ ਕਾਰਡ ਵਿਖਾ ਦਿੱਤਾ। ਉਨ੍ਹਾਂ ਨੇ ਨੇਮ ਪਲੇਟ ਲਾਉਣ ਤੋਂ ਇਲਾਵਾ ਟੀ. ਟੀ. ਈ. ਦੀ ਵਰਦੀ ਵੀ ਪਾਈ ਹੋਈ ਸੀ।
ਰੇਲ ਮੁਲਾਜ਼ਮਾਂ ਨੂੰ ਵੇਖਦਿਆਂ ਹੀ ਪਤਾ ਲੱਗ ਗਿਆ ਕਿ ਆਈ ਕਾਰਡ ਨਕਲੀ ਹੈ। ਉਨ੍ਹਾਂ ਦੋਵਾਂ ਨੌਜਵਾਨਾਂ ਨੂੰ ਫੜਿਆ ਤੇ ਹੁਸ਼ਿਆਰਪੁਰ 'ਚ ਜੀ. ਆਰ. ਪੀ. ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਨੂੰ ਜਲੰਧਰ ਜੀ. ਆਰ. ਪੀ. ਥਾਣੇ 'ਚ ਭੇਜ ਦਿੱਤਾ। ਫੜੇ ਗਏ ਨੌਜਵਾਨਾਂ ਕੋਲੋਂ ਮਿਲੇ ਆਈ ਕਾਰਡ 'ਤੇ ਇਕ ਦਾ ਨਾਂ ਸੁਰਿੰਦਰ ਪੁੱਤਰ ਸੇਵਾ ਰਾਮ ਤੇ ਦੂਸਰੇ ਦਾ ਨਾਂ ਯੋਗਰਾਜ ਪੁੱਤਰ ਪੁੰਨੂ ਤੇ ਐਡਰੈੱਸ ਰੇਲਵੇ ਕਾਲੋਨੀ ਜਲੰਧਰ ਕੈਂਟ ਲਿਖਿਆ ਹੋਇਆ ਸੀ। ਪੁਲਸ ਦਾ ਕਹਿਣਾ ਸੀ ਕਿ ਇਸ ਸਬੰਧ 'ਚ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬ੍ਰਾਂਚ ਲਾਈਨਾਂ 'ਤੇ ਅਜਿਹੇ ਨਕਲੀ ਟੀ. ਟੀ. ਈ. ਕਾਫੀ ਸਰਗਰਮ ਰਹਿੰਦੇ ਹਨ ਕਿਉਂਕਿ ਇਨ੍ਹਾਂ ਲਾਈਨਾਂ 'ਤੇ ਰੁਟੀਨ ਵਿਚ ਚੈਕਿੰਗ ਨਹੀਂ ਹੁੰਦੀ, ਜਿਸ ਦਾ ਫਾਇਦਾ ਨਕਲੀ ਟੀ. ਟੀ. ਈ. ਲੈਂਦੇ ਹਨ।
ਜੀ. ਆਰ. ਪੀ. ਨੇ ਦਰਜ ਨਹੀਂ ਕੀਤਾ ਕੇਸ
ਫੜੇ ਗਏ ਦੋਵੇਂ ਟੀ. ਟੀ. ਈ . ਦੇ ਖਿਲਾਫ ਦੇਰ ਸ਼ਾਮ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਸੀ। ਹਾਲਾਂਕਿ ਉਨ੍ਹਾਂ ਕੋਲੋਂ ਬਕਾਇਦਾ ਜਾਅਲੀ ਆਈਕਾਰਡ ਵੀ ਬਰਾਮਦ ਹੋਏ ਹਨ। ਕਾਬੂ ਕਰਨ ਵਾਲੇ ਰੇਲ ਮੁਲਾਜ਼ਮਾਂ ਨੇ ਜੀ. ਆਰ. ਪੀ. ਨੂੰ ਲਿਖ ਕੇ ਦੇ ਦਿੱਤਾ ਹੈ ਪਰ ਥਾਣਾ ਜੀ. ਆਰ. ਪੀ. ਐੱਸ. ਐੱਸ. ਓ. ਧਰਮਿੰਦਰ ਕਲਿਆਣ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਮੀਮੋ ਨਹੀਂ ਆਈ। ਮੀਮੋ ਆਉਣ ਤੋਂ ਬਾਅਦ ਹੀ ਕੇਸ ਦਰਜ ਕੀਤਾ ਜਾਵੇਗਾ।


KamalJeet Singh

Content Editor

Related News