ਅਮਰੀਕਾ ਤੇ ਯੂਰਪ ’ਚ ਸਖ਼ਤੀ ਨੂੰ ਵੇਖਦਿਆਂ ਕਬੂਤਰਬਾਜ਼ਾਂ ਨੇ ਲੱਭਿਆ ਨਵਾਂ ਤਰੀਕਾ, ਇੰਝ ਠੱਗ ਰਹੇ ਲੱਖਾਂ ਰੁਪਏ

07/14/2022 3:07:12 PM

ਕਪੂਰਥਲਾ (ਭੂਸ਼ਣ) : ਦੱਖਣੀ ਅਮਰੀਕੀ ਦੇਸ਼ ਤੇ ਅਫਰੀਕੀ ਦੇਸ਼ ਫਰਜ਼ੀ ਟ੍ਰੈਵਲ ਏਜੰਟਾਂ ਦਾ ਗੜ੍ਹ ਬਣ ਚੁੱਕੇ ਹਨ। ਅਮਰੀਕਾ ਤੇ ਯੂਰਪ ’ਚ ਭਾਰੀ ਸਖ਼ਤੀ ਨੂੰ ਦੇਖਦੇ ਹੋਏ ਕਬੂਤਰਬਾਜ਼ਾਂ ਨੇ ਇਕ ਨਵਾਂ ਤਰੀਕਾ ਲੱਭਦੇ ਹੋਏ ਭੋਲੇ ਭਾਲੇ ਲੋਕਾਂ ਤੇ ਨੌਜਵਾਨਾਂ ਨੂੰ ਇਨ੍ਹਾਂ ਛੋਟੇ ਦੇਸ਼ਾਂ ’ਚ ਭੇਜ ਕੇ ਲੱਖਾਂ ਰੁਪਏ ਦੀ ਰਕਮ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਜਿਸਦੇ ਬਾਅਦ ਇੱਥੇ ਪੁੱਜੇ ਨੌਜਵਾਨਾਂ ਨੂੰ ਜਿੱਥੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਇਨ੍ਹਾਂ ਦੇਸ਼ਾਂ ’ਚ ਕੋਈ ਰੁਜ਼ਗਾਰ ਨਾ ਮਿਲਣ ਦੇ ਕਾਰਨ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਗਏ ਨੌਜਵਾਨਾਂ ਨੂੰ ਆਪਣੇ ਲੱਖਾਂ ਰੁਪਏ ਗੁਆ ਕੇ ਵਾਪਸ ਆਉਣਾ ਪੈਂਦਾ ਹੈ। ਕਪੂਰਥਲਾ ਦੇ ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ’ਚ ਅਜਿਹੇ ਕਬੂਤਰਬਾਜ਼ਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ਨੇ ਮਾਸੂਮ ਨੌਜਵਾਨਾਂ ਨੂੰ ਕੀਨੀਆ, ਇਥੋਪੀਆ, ਬੋਲੀਵੀਆ ਤੇ ਇਕਵਾਡੋਰ ਵਰਗੇ ਦੇਸ਼ਾਂ ’ਚ ਭੇਜਣ ਦਾ ਝਾਂਸਾ ਦਿੱਤਾ ਸੀ।

ਇਹ ਵੀ ਪੜ੍ਹੋ: ਮੁਹੱਲਾ ਕਲੀਨਿਕਾਂ 'ਚ ਸਟਾਫ਼ ਭਰਤੀ ਲਈ ਨਿਯਮ ਤਿਆਰ, ਇਸ ਆਧਾਰ 'ਤੇ ਮਿਲੇਗੀ ਤਨਖ਼ਾਹ

ਟ੍ਰੈਵਲ ਏਜੰਟਾਂ ਦਾ ਗੜ੍ਹ ਬਣਿਆ ਹੋਇਆ ਹੈ ਦੋਆਬਾ ਇਲਾਕਾ

ਜ਼ਿਕਰਯੋਗ ਹੈ ਕਿ ਸੂਬੇ ਦਾ ਦੋਆਬਾ ਇਲਾਕਾ ਫਰਜ਼ੀ ਟ੍ਰੈਵਲ ਏਜੰਟਾਂ ਦੀਆਂ ਗਤੀਵਿਧੀਆਂ ਦਾ ਲੰਬੇ ਸਮੇਂ ਤੋਂ ਗੜ੍ਹ ਬਣਿਆ ਹੋਇਆ ਹੈ। ਦੋਆਬਾ ਖੇਤਰ ਨਾਲ ਸਬੰਧਤ ਵੱਡੀ ਗਿਣਤੀ ’ਚ ਨੌਜਵਾਨਾਂ ਦੇ ਅਮਰੀਕਾ ਜਾਣ ਦੀ ਹਸਰਤ ’ਚ ਦੱਖਣੀ ਅਮਰੀਕੀ ਦੇਸ਼ਾਂ ’ਚ ਫਸੇ ਹੋਣ ਦੀਆਂ ਖ਼ਬਰਾਂ ’ਚ ਹੁਣ ਫਰਜ਼ੀ ਟ੍ਰੈਵਲ ਏਜੰਟਾਂ ਨੇ ਆਪਣੀਆਂ ਗਤੀਵਿਧੀਆਂ ਨੂੰ ਇਕ ਦਮ ਤੋਂ ਬਦਲ ਕੇ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਤੋਂ 5 ਤੋਂ ਲੈ ਕੇ 8 ਲੱਖ ਰੁਪਏ ਦੀ ਰਕਮ ਲੈ ਕੇ ਉਨ੍ਹਾਂ ਨੂੰ ਅਜਿਹੇ ਛੋਟੇ ਦੇਸ਼ ਜਿਵੇਂ ਕਿ ਕੀਨੀਆ, ਇਥੋਪੀਆ, ਬੋਲੀਵੀਆ, ਪੇਰੂ, ਗਵਾਟੇਮਾਲਾ ਤੇ ਇਕਵਾਡੋਰ ’ਚ ਭੇਜਣਾ ਸ਼ੁਰੂ ਕਰ ਦਿੱਤਾ ਹੈ, ਜੋ ਪਹਿਲਾਂ ਤੋਂ ਹੀ ਆਰਥਿਕ ਬਦਹਾਲੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ’ਚ ਭੇਜੇ ਗਏ ਨੌਜਵਾਨਾਂ ਨੂੰ ਜਿੱਥੇ ਕੁਝ ਦਿਨ ਠਹਿਰਾਉਣ ਤੋ ਬਾਅਦ ਫਿਰ ਤੋਂ ਉਨ੍ਹਾਂ ਤੋਂ ਅਮਰੀਕਾ ਭੇਜਣ ਦੀ ਸੌਦੇਬਾਜ਼ੀ ਕੀਤੀ ਜਾਂਦੀ ਹੈ ਪਰ ਇਸ ਦੌਰਾਨ ਕਈ-ਕਈ ਮਹੀਨੇ ਤੱਕ ਇਨ੍ਹਾਂ ਦੇਸ਼ਾਂ ’ਚ ਬਿਤਾ ਕੇ ਲੱਖਾਂ ਰੁਪਏ ਗੁਆ ਚੁੱਕੇ ਮਾਸੂਮ ਨੌਜਵਾਨਾਂ ਲਈ ਭਾਰਤ ਵਾਪਸ ਆਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਹੁੰਦਾ।

ਇਹ ਵੀ ਪੜ੍ਹੋ: ਕੌੜਾ ਸੱਚ! ਮੁੰਡਿਆਂ ਮਗਰੋਂ ਹੁਣ ‘ਚਿੱਟੇ’ ਦੀ ਲਪੇਟ ’ਚ ਆਈਆਂ ਕੁੜੀਆਂ; ਮਾਂ ਨੂੰ ਵੇਖ ਨਸ਼ੇ 'ਤੇ ਲੱਗਾ ਪੁੱਤ

ਅਜੇ ਵੀ ਫਸੇ ਹੋਏ ਹਨ ਸੈਂਕੜੇ ਨੌਜਵਾਨ

ਜੇਕਰ ਕਪੂਰਥਲਾ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲਿਆਂ ਦੇ ਵੱਲ ਨਜ਼ਰ ਮਾਰੀ ਜਾਵੇ ਤਾਂ ਬੀਤੇ ਕੁਝ ਦਿਨਾਂ ਦੌਰਾਨ ਹੀ ਪੁਲਸ ਅਜਿਹੇ ਮਾਮਲੇ ਦਰਜ ਕਰ ਚੁੱਕੀ ਹੈ, ਜਿਨ੍ਹਾਂ ’ਚ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਇਨ੍ਹਾਂ ਗ਼ਰੀਬ ਦੇਸ਼ਾਂ ’ਚ ਭੇਜਿਆ ਗਿਆ ਸੀ ਤੇ ਬਾਅਦ ’ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਉਕਤ ਨੌਜਵਾਨ ਭਾਰਤ ਵਾਪਸ ਆਏ। ਦੱਸਿਆ ਜਾਂਦਾ ਹੈ ਕਿ ਵਰਤਮਾਨ ਦੌਰ ’ਚ ਦੁਆਬਾ ਖੇਤਰ ਨਾਲ ਸਬੰਧਤ ਸੈਂਕੜੇ ਨੌਜਵਾਨ ਇਨ੍ਹਾਂ ਦੇਸ਼ਾਂ ’ਚ ਫਸੇ ਹੋਏ ਹਨ। ਜਿਨ੍ਹਾਂ ਕੋਲ ਆਉਣ ਲਈ ਹਵਾਈ ਜਹਾਜ਼ ਦਾ ਕਿਰਾਇਆ ਵੀ ਨਹੀਂ ਹੈ।

ਇਹ ਵੀ ਪੜ੍ਹੋ: ਸਸਤੀ ਸ਼ਰਾਬ ਮੁਹੱਈਆ ਕਰਵਾਉਣ ਲਈ ਐਕਸਾਈਜ਼ ਅਧਿਕਾਰੀਆਂ ਨੇ ਖਿੱਚੀ ਤਿਆਰੀ, ਠੇਕਿਆਂ ’ਤੇ ਤਿੱਖੀ ਨਜ਼ਰ

ਅਮਰੀਕਾ ਭੇਜਣ ਦੇ ਨਾਂ ’ਤੇ ਕਈ ਨੌਜਵਾਨਾਂ ਨੂੰ ਬਣਾਇਆ ਗਿਆ ਨਿਸ਼ਾਨਾ

ਕੁਝ ਮਹੀਨੇ ਪਹਿਲਾਂ ਛੋਟੇ ਦੇਸ਼ ਅਰਮੀਨੀਆ ’ਚ ਭਾਰੀ ਗਿਣਤੀ ’ਚ ਨੌਜਵਾਨਾਂ ਨੂੰ ਭੇਜ ਕੇ ਕੁਝ ਕਬੂਤਰਬਾਜ਼ਾਂ ਨੇ ਲੱਖਾਂ ਰੁਪਏ ਦੀ ਧੋਖਾਦੇਹੀ ਕੀਤੀ ਸੀ, ਜਿਸ ’ਚ ਲਗਭਗ ਸਾਰੇ ਨੌਜਵਾਨਾਂ ਨੂੰ ਅਰਮੀਨੀਆ ’ਚ ਕਈ ਮਹੀਨੇ ਬਿਤਾ ਕੇ ਭਾਰਤ ਵਾਪਸ ਲਈ ਮਜਬੂਰ ਹੋਣਾ ਪਿਆ ਸੀ। ਇਸ ਮਾਮਲੇ ’ਚ ਪੁਲਸ ਨੇ ਕਈ ਫਰਜ਼ੀ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।

ਇਹ ਵੀ ਪੜ੍ਹੋ- ਮਾਲੇਰਕੋਟਲਾ ਦੇ ਵਪਾਰੀਆਂ ਨਾਲ ਜੁੜੀਆਂ 350 ਕਰੋੜ ਦੀ ਹੈਰੋਇਨ ਦੀਆਂ ਤਾਰਾਂ ; ਪੁਲਸ ਰਿਮਾਂਡ 'ਤੇ ਗੈਂਗਸਟਰ ਬੱਗਾ

ਕੀ ਕਹਿੰਦੇ ਹਨ ਐੱਸ. ਐੱਸ. ਪੀ.

ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਫਰਜ਼ੀ ਟ੍ਰੈਵਲ ਏਜੰਟਾਂ ਦੇ ਖ਼ਿਲਾਫ਼ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ। ਉੱਥੇ ਹੀ ਲੋਕਾਂ ਨੂੰ ਅਜਿਹੇ ਫਰਜ਼ੀ ਟ੍ਰੈਵਲ ਏਜੰਟਾਂ ਤੋਂ ਬਚਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ
 


Harnek Seechewal

Content Editor

Related News