ਸਾਬਕਾ ਫ਼ੌਜੀਆਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਭਰੀ ਹੁੰਕਾਰ

01/05/2021 5:35:51 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਸਾਬਕਾ ਫ਼ੌਜੀਆਂ ਦੀ ਸੰਸਥਾ ‘ਇੰਡੀਅਨ ਵੈਟਨਰ ਆਰਗੇਨਾਈਜੇਸ਼ਨ ਪੰਜਾਬ’ ਦੀ ਪਿੰਡ ਭੂਲਪੁਰ ਵਿਖੇ ਹੋਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਜਿੱਥੇ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ, ਉੱਥੇ ਹੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ।

ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਜਸਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਅਤੇ ਸਾਬਕਾ ਫ਼ੌਜੀਆਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਤੇ ਲਾਮਬੰਦ ਕੀਤਾ। ਉਨ੍ਹਾਂ ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਬਕਾ ਫ਼ੌਜੀਆਂ ਦੀ ਪੈਨਸ਼ਨ ਤੇ ਕੱਟ ਲਗਾ ਕੇ ਅੱਧੀ ਪੈਨਸ਼ਨ ਤੇ ਪੂਰੀ ਨੌਕਰੀ(35 ਸਾਲ) ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਦੋਂਕਿ ਪਹਿਲਾਂ 32 ਸਾਲ ਨੌਕਰੀ ਕਰਨ ’ਤੇ ਵੀ ਪੂਰੀ ਪੈਨਸ਼ਨ ਮਿਲਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਫ਼ੌਜੀ ਕੇਂਦਰ ਸਰਕਾਰ ਦੇ ਇਸ ਧੱਕੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਨੇ ਸਰਕਾਰ ਨੂੰ ਇਨ੍ਹਾਂ ਲੋਕ ਮਾਰੂ ਫ਼ੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਸਰਕਾਰ ਨੂੰ ਜਲਦ ਤੋਂ ਜਲਦ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੀਟਿੰਗ ਦੌਰਾਨ   ਕਾਨੂੰਨੀ ਸਲਾਹਕਾਰ ਬੰਦਿਸ਼ ਰਾਏ, ਕੈਪਟਨ ਮਨਮੋਹਨ ਸਿੰਘ ਪ੍ਰਧਾਨ ਸਬ-ਤਹਿਸੀਲ ਟਾਂਡਾ, ਸੁਰਜੀਤ ਸਿੰਘ ਇੰਚਾਰਜ ਗੜਦੀਵਾਲ,  ਸੁਰਜੀਤ ਸਿੰਘ ਬਲਾਕ ਪ੍ਰਧਾਨ ਦਸੂਹਾ ਆਦਿ ਸਮੇਤ ਹੋਰ ਵੀ ਸਾਬਕਾ ਫੌਜੀ ਹਾਜ਼ਰ ਸਨ।
 


cherry

Content Editor

Related News