ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਇਸ ਦਿਨ ਖੁੱਲ੍ਹੇਗਾ ਪਿਟਾਰਾ ਤੇ ਹੋਵੇਗਾ ਸਹੁੰ ਚੁੱਕ ਸਮਾਰੋਹ
Thursday, Jan 09, 2025 - 11:49 AM (IST)
ਜਲੰਧਰ (ਖੁਰਾਣਾ)–ਦੋਆਬਾ ਇਲਾਕੇ ਦੇ ਸ਼ਹਿਰ ਜਲੰਧਰ ਵਿਚ ਨਵੇਂ ਮੇਅਰ ਦੇ ਚੁਣੇ ਜਾਣ ਅਤੇ ਨਵੇਂ ਕੌਂਸਲਰ ਹਾਊਸ ਦੇ ਗਠਨ ਦੀ ਪ੍ਰਕਿਰਿਆ ਰਸਮੀ ਤੌਰ ’ਤੇ ਸ਼ੁਰੂ ਹੋ ਗਈ ਹੈ। ਨਵੇਂ ਡਿਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਵਿਚ ਮੇਅਰ ਦੀ ਚੋਣ ਸ਼ਨੀਵਾਰ 11 ਜਨਵਰੀ ਨੂੰ ਹੋਵੇਗੀ, ਜਿਸ ਲਈ ਕੌਂਸਲਰ ਹਾਊਸ ਦੀ ਮੀਟਿੰਗ ਬਾਅਦ ਦੁਪਹਿਰ 3 ਵਜੇ ਸਥਾਨਕ ਰੈੱਡ ਕਰਾਸ ਭਵਨ ਵਿਚ ਬੁਲਾ ਲਈ ਗਈ ਹੈ। ਮੇਅਰ ਦੇ ਨਾਲ-ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਵੀ ਉਸੇ ਮੀਟਿੰਗ ਦੌਰਾਨ ਚੁਣ ਲਿਆ ਜਾਵੇਗਾ। ਮੀਟਿੰਗ ਦੌਰਾਨ ਸ਼ਹਿਰ ਦੇ 85 ਵਾਰਡਾਂ ਤੋਂ ਜਿੱਤੇ ਕੌਂਸਲਰ ਵੀ ਸਹੁੰ ਚੁੱਕਣਗੇ। ਇਸ ਤਰ੍ਹਾਂ ਨਵੇਂ ਕੌਂਸਲਰ ਹਾਊਸ ਦਾ ਕਾਰਜਕਾਲ 11 ਜਨਵਰੀ ਨੂੰ ਸ਼ੁਰੂ ਹੋਵੇਗਾ, ਜੋ 5 ਸਾਲ ਤਕ ਲਈ ਹੋਵੇਗਾ। ਨਵੇਂ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਲਈ ਨਿਗਮ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਲਈ ਸਾਰੇ ਕੌਂਸਲਰਾਂ ਨੂੰ ਮੀਟਿੰਗ ਦਾ ਏਜੰਡਾ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਮੇਅਰ ਅਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ, ਸਸਪੈਂਸ ਬਰਕਰਾਰ
45 ਕੌਂਸਲਰਾਂ ਦਾ ਬਹੁਮਤ ਜੁਟਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਜਲੰਧਰ ਵਿਚ ਆਪਣਾ ਮੇਅਰ ਬਣਾਉਣ ਜਾ ਰਹੀ ਹੈ। ਸ਼ੁਰੂਆਤੀ ਪੜਾਅ ਵਿਚ ਮੇਅਰ ਅਹੁਦੇ ਲਈ 3-4 ਨਾਂ ਬਤੌਰ ਦਾਅਵੇਦਾਰ ਉੱਭਰੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਮੇਅਰ ਦੀ ਪੋਸਟ ਲਈ ਸਿਰਫ ਇਕ ਹੀ ਨਾਂ ਦੀ ਚਰਚਾ ਹੈ।
ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਅਕਸ ਦੇ ਆਧਾਰ ’ਤੇ ਜਲੰਧਰ ਦਾ ਮੇਅਰ ਬਣਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਵੱਖ-ਵੱਖ ਪੱਧਰਾਂ ’ਤੇ ਸਰਵੇ ਕਰਵਾਏ ਗਏ। ਮੇਅਰ ਦਾ ਨਾਂ ਫਾਈਨਲ ਕਰਨ ਲਈ ਸਥਾਨਕ ਪੱਧਰ ਦੀ ਲੀਡਰਸ਼ਿਪ ਤੋਂ ਇਲਾਵਾ ਪੰਜਾਬ ਅਤੇ ਦਿੱਲੀ ਯੂਨਿਟ ਦੇ ਉੱਚ ਨੇਤਾਵਾਂ ਦੀ ਵੀ ਰਾਇ ਲਈ ਗਈ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਪੋਸਟ ’ਤੇ ਕੌਣ-ਕੌਣ ਬੈਠੇਗਾ, ਇਸ ’ਤੇ ਵੀ ਲਗਭਗ ਸਹਿਮਤੀ ਬਣ ਚੁੱਕੀ ਹੈ। ਇਸ ਦੇ ਲਈ ਮਹਿਲਾ, ਦਲਿਤ ਅਤੇ ਸਿੱਖ ਚਿਹਰੇ ਦਾ ਤਾਲਮੇਲ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੇਅਰ ਅਤੇ ਹੋਰ 2 ਅਹੁਦਿਆਂ ਲਈ ਲਿਫ਼ਾਫ਼ੇ ਵੀਰਵਾਰ ਨੂੰ ਤਿਆਰ ਕਰ ਲਏ ਜਾਣਗੇ ਅਤੇ ਸਬੰਧਤ ਧਿਰਾਂ ਨੂੰ ਸੂਚਿਤ ਵੀ ਕੀਤਾ ਜਾ ਸਕਦਾ ਹੈ ਤਾਂ ਜੋ 11 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਪਾਰਟੀ ਪੱਧਰ ’ਤੇ ਸਾਰੀਆਂ ਤਿਆਰੀਆਂ ਨੂੰ ਅੰਜਾਮ ਦਿੱਤਾ ਜਾ ਸਕੇ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
ਰੀਅਲ ਅਸਟੇਟ ਸੈਕਟਰ ਦੀ ਨਜ਼ਰ ਨਵੇਂ ਮੇਅਰ ’ਤੇ ਟਿਕੀ
ਪੰਜਾਬ ਵਿਚ ਪਿਛਲੀ ਸਰਕਾਰ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਕਾਂਗਰਸੀਆਂ ਨੇ ਆਪਸ ਵਿਚ ਲੜਨ ਵਿਚ ਹੀ ਪੂਰਾ ਕਾਰਜਕਾਲ ਲੰਘਾ ਦਿੱਤਾ। ਕਦੇ ਦਰਜਨਾਂ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਮਹਾਰਾਜਾ ਟਾਈਪ ਸ਼ੈਲੀ ਤੋਂ ਨਾਰਾਜ਼ ਰਹੇ ਅਤੇ ਕਿਤੇ ਕੈਪਟਨ ਅਮਰਿੰਦਰ ਨੇ ਮਾਈਨਿੰਗ ਅਤੇ ਹੋਰ ਸਕੈਂਡਲਾਂ ਵਿਚ ਸ਼ਾਮਲ ਕਾਂਗਰਸੀਆਂ ਨੂੰ ਨਿਸ਼ਾਨੇ ’ਤੇ ਲਈ ਰੱਖਿਆ। ਕਦੇ ਨਵਜੋਤ ਸਿੱਧੂ ਨੇ ਕੈਪਟਨ ਨੂੰ ਰਗੜੇ ਲਾਏ ਤਾਂ ਕਦੇ ਪ੍ਰਤਾਪ ਬਾਜਵਾ, ਸੁੱਖੀ ਰੰਧਾਵਾ, ਸੁਨੀਲ ਜਾਖੜ ਅਤੇ ਹੋਰ ਪ੍ਰਮੁੱਖ ਕਾਂਗਰਸੀਆਂ ਦੇ ਆਪਸੀ ਮਤਭੇਦਾਂ ਦੀਆਂ ਖਬਰਾਂ ਸਾਹਮਣੇ ਆਈਆਂ। ਅਜਿਹੇ ਵਿਚ ਕਾਂਗਰਸੀ ਨਾ ਤਾਂ ਲੋਕਾਂ ਦੀਆਂ ਸਮੱਸਿਆਵਾਂ ਪ੍ਰਤੀ ਸੰਜੀਦਾ ਰਹੇ, ਸਗੋਂ ਰੀਅਲ ਅਸਟੇਟ ਸੈਕਟਰ ਨੂੰ ਵੀ ਲਗਾਤਾਰ 5 ਸਾਲ ਲਾਲੀਪੌਪ ਦਿੰਦੇ ਰਹੇ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
ਪੰਜਾਬ ਵਿਚ ਬਿਲਡਿੰਗ ਬਣਾਉਣ ਸਬੰਧੀ ਬਾਇਲਾਜ਼ ਬੇਹੱਦ ਸਖ਼ਤ ਹੋਣ ਕਾਰਨ ਨਾਜਾਇਜ਼ ਨਿਰਮਾਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅਜਿਹੇ ਵਿਚ ਲੋਕਾਂ ਨੂੰ ਰਾਹਤ ਦੇਣ ਲਈ ਅਤੇ ਬਾਇਲਾਜ਼ ਨਰਮ ਕਰਨ ਲਈ ਪੰਜਾਬ ਸਰਕਾਰ ਨੇ ਜ਼ੋਨਿੰਗ ਪਾਲਿਸੀ ਲਿਆਉਣ ਦੀ ਗੱਲ ਕਹੀ ਅਤੇ ਜਲੰਧਰ ਦੇ ਵਿਧਾਇਕਾਂ ਨੇ ਇਸ ਲਈ ਸਰਵੇ ਵੀ ਕਰਵਾਇਆ ਪਰ ਆਪਣੀ ਸਰਕਾਰ ਦੇ ਹੁੰਦੇ ਹੋਏ ਵੀ ਕਾਂਗਰਸੀ ਜ਼ੋਨਿੰਗ ਪਾਲਿਸੀ ਹੀ ਨਹੀਂ ਲਿਆ ਸਕੇ, ਜਿਸ ਕਾਰਨ ਬਿਲਡਿੰਗ ਬਾਇਲਾਜ਼ ਅੱਜ ਵੀ ਉਸੇ ਤਰ੍ਹਾਂ ਸਖ਼ਤ ਹਨ। ਇਸੇ ਤਰ੍ਹਾਂ ਬਣ ਚੁੱਕੀਆਂ ਨਾਜਾਇਜ਼ ਬਿਲਡਿੰਗਾਂ ਨੂੰ ਰੈਗੂਲਰ ਕਰਨ ਲਈ ਉਸ ਸਮੇਂ ਦੀ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਪਾਲਿਸੀ ਲਿਆਉਣ ਦਾ ਐਲਾਨ ਕੀਤਾ ਅਤੇ ਵਿਧਾਨ ਸਭਾ ਵਿਚ ਬਿੱਲ ਤਕ ਪਾਸ ਕਰ ਦਿੱਤਾ ਪਰ ਇਸ ਦੇ ਬਾਵਜੂਦ ਕਾਂਗਰਸੀ ਨੇਤਾ ਓ. ਟੀ. ਐੱਸ. ਪਾਲਿਸੀ ਨਹੀਂ ਲਿਆ ਸਕੇ, ਜਿਸ ਕਾਰਨ ਜਿੱਥੇ ਨਾਜਾਇਜ਼ ਬਿਲਡਿੰਗ ਬਣਾ ਚੁੱਕੇ ਲੋਕ ਕਾਂਗਰਸ ਤੋਂ ਕਾਫ਼ੀ ਨਾਰਾਜ਼ ਰਹੇ, ਉਥੇ ਹੀ ਪੰਜਾਬ ਦੇ ਰੀਅਲ ਅਸਟੇਟ ਸੈਕਟਰ ਵਿਚ ਵੀ ਕਾਂਗਰਸ ਪ੍ਰਤੀ ਰੋਸ ਵਧਦਾ ਰਿਹਾ, ਜਿਸ ਦਾ ਸਿੱਧਾ ਫਾਇਦਾ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿਚ ਮਿਲਿਆ। ਹੁਣ ਪ੍ਰਾਪਰਟੀ ਕਾਰੋਬਾਰੀਆਂ ਅਤੇ ਰੀਅਲ ਅਸਟੇਟ ਸੈਕਟਰ ਦੀਆਂ ਨਜ਼ਰਾਂ ਨਵੇਂ ਮੇਅਰ ’ਤੇ ਟਿਕੀਆਂ ਹੋਈਆਂ ਹਨ, ਵੇਖਣਾ ਹੈ ਕਿ ਉਹ ਜਲੰਧਰ ਲਈ ਜ਼ੋਨਿੰਗ ਪਾਲਿਸੀ ਲਿਆਉਣ ਵਿਚ ਕਾਮਯਾਬ ਰਹਿੰਦਾ ਹੈ ਜਾਂ ਨਹੀਂ।
ਇਹ ਵੀ ਪੜ੍ਹੋ-6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਨਵੇਂ ਮੇਅਰ ਨੂੰ ਨਿਗਮ ਦਾ ਸਿਸਟਮ ਸੁਧਾਰਨਾ ਹੋਵੇਗਾ, ਨਹੀਂ ਤਾਂ ਅਗਲੀਆਂ ਚੋਣਾਂ ’ਚ ਹੋਵੇਗਾ ਨੁਕਸਾਨ
ਇਸ ਵਿਚ ਕੋਈ ਦੋ-ਰਾਵਾਂ ਨਹੀਂ ਕਿ ਪਹਿਲਾਂ ਅਕਾਲੀ-ਭਾਜਪਾ ਅਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਰਾਜ ਵਿਚ ਜਲੰਧਰ ਨਗਰ ਨਿਗਮ ਦੇ ਸਿਸਟਮ ਦਾ ਭੱਠਾ ਬੈਠ ਗਿਆ ਸੀ ਪਰ ਤੱਥ ਇਹ ਵੀ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਵੀ 3 ਸਾਲ ਹੋਣ ਵਾਲੇ ਹਨ। ਫਿਰ ਵੀ ਜਲੰਧਰ ਨਿਗਮ ਦਾ ਸਿਸਟਮ ਸੁਧਰਨ ਦਾ ਨਾਂ ਨਹੀਂ ਲੈ ਰਿਹਾ ਅਤੇ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਅੱਜ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਉਨ੍ਹਾਂ ’ਤੇ ਪੈਚਵਰਕ ਤਕ ਨਹੀਂ ਕੀਤਾ ਜਾ ਰਿਹਾ। ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ, ਥਾਂ-ਥਾਂ ਮੀਂਹ ਅਤੇ ਸੀਵਰ ਦਾ ਗੰਦਾ ਪਾਣੀ ਖੜ੍ਹਾ ਹੈ, ਜਿਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਅਜਿਹੇ ਵਿਚ ਸਾਫ਼ ਦਿਸਦਾ ਹੈ ਕਿ ਜਲੰਧਰ ਸ਼ਹਿਰ ਕਈ ਸਾਲ ਪਿੱਛੇ ਚਲਾ ਗਿਆ ਹੈ। ਜੋ ਸ਼ਹਿਰ ਕਦੇ ਰਹਿਣ-ਸਹਿਣ ਦੇ ਮਾਮਲੇ ਵਿਚ ਪੰਜਾਬ ਦਾ ਨੰਬਰ ਵਨ ਹੋਇਆ ਕਰਦਾ ਸੀ, ਅੱਜ ਛੋਟੇ-ਛੋਟੇ ਸ਼ਹਿਰਾਂ ਤੋਂ ਵੀ ਪਿੱਛੇ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਠੀਕ 2 ਸਾਲ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿਚ ਸ਼ਹਿਰ ਦੀ ਮੌਜੂਦਾ ਖਰਾਬ ਸਥਿਤੀ ਦਾ ਸਿੱਧਾ ਨੁਕਸਾਨ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਨੂੰ ਹੋਵੇਗਾ। ਆਮ ਚਰਚਾ ਹੈ ਕਿ ਸ਼ਹਿਰ ਦਾ ਮੇਅਰ ਕੋਈ ਵੀ ਬਣੇ, ਉਸ ਨੂੰ ਪੂਰਾ ਜ਼ੋਰ ਲਾ ਕੇ ਸ਼ਹਿਰ ਦੀ ਵਿਗੜ ਚੁੱਕੀ ਹਾਲਤ ਨੂੰ ਸੁਧਾਰਨਾ ਹੋਵੇਗਾ।
ਇਹ ਵੀ ਪੜ੍ਹੋ- ਜਥੇਦਾਰ ਨਾਲ ਮੁਲਾਕਾਤ ਮਗਰੋਂ ਦਲਜੀਤ ਚੀਮਾ ਦਾ ਵੱਡਾ ਬਿਆਨ, ਸੁਖਬੀਰ ਦੇ ਅਸਤੀਫ਼ੇ 'ਤੇ ਆਖੀ ਇਹ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e