ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ

Wednesday, Jan 08, 2025 - 11:29 AM (IST)

ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ

ਜਲੰਧਰ (ਖੁਰਾਣਾ)–21 ਦਸੰਬਰ ਨੂੰ ਹੋਈਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵਿਚ 85 ਕੌਂਸਲਰ ਚੁਣ ਕੇ ਆਏ ਸਨ ਅਤੇ ਹਾਊਸ ਵਿਚ ਬਹੁਮਤ ਦਾ ਅੰਕੜਾ 43 ਸੀ। ਇਨ੍ਹਾਂ ਚੋਣਾਂ ਵਿਚ ਕੋਈ ਵੀ ਸਿਆਸੀ ਪਾਰਟੀ ਬਹੁਮਤ ਦਾ ਅੰਕੜਾ ਪ੍ਰਾਪਤ ਨਹੀਂ ਕਰ ਸਕੀ ਸੀ ਪਰ ਸੱਤਾ ਧਿਰ ਭਾਵ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 38 ਸੀਟਾਂ ਪ੍ਰਾਪਤ ਹੋਈਆਂ ਸਨ ਅਤੇ ਬਹੁਮਤ ਲਈ ਉਸ ਕੋਲ 5 ਕੌਂਸਲਰ ਘੱਟ ਸਨ। ਅਜਿਹੇ ਵਿਚ ਸਿਆਸੀ ਉਥਲ-ਪੁਥਲ ਅਤੇ ਜੋੜ-ਤੋੜ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਆਮ ਆਦਮੀ ਪਾਰਟੀ ਨੇ ਕੁਝ ਦਿਨ ਦੀ ਮਿਹਨਤ ਤੋਂ ਬਾਅਦ ਆਪਣੇ ਖੇਮੇ ਵਿਚ 6 ਹੋਰ ਕੌਂਸਲਰ ਜੁਟਾ ਲਏ, ਜਿਸ ਵਿਚੋਂ 2 ਕਾਂਗਰਸ ਦੇ, 2 ਭਾਜਪਾ ਦੇ ਅਤੇ 2 ਕੌਂਸਲਰ ਆਜ਼ਾਦ ਰੂਪ ਵਿਚ ਜਿੱਤੇ ਸਨ।

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ, ਜਵਾਨ ਪੁੱਤ ਦੀ ਟੈਂਕੀ ਨੇੜਿਓਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

ਇਨ੍ਹਾਂ 6 ਕੌਂਸਲਰਾਂ ਦੇ ਸ਼ਾਮਲ ਹੋਣ ਤੋਂ ਬਾਅਦ ‘ਆਪ’ ਨੇ ਬਹੁਮਤ ਪ੍ਰਾਪਤ ਕਰਦੇ ਹੋਏ ਆਪਣੇ ਖੇਮੇ ਵਿਚ 44 ਕੌਂਸਲਰ ਕਰ ਲਏ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕਈ ਨਵੇਂ ਚੁਣੇ ਕੌਂਸਲਰਾਂ ਨਾਲ ਗੱਲਬਾਤ ਚਲਾਈ ਅਤੇ ਉਨ੍ਹਾਂ ਨੂੰ ‘ਆਪ’ ਵਿਚ ਸ਼ਾਮਲ ਹੋਣ ਲਈ ਜ਼ੋਰ ਲਗਾਇਆ ਪਰ ਉਸ ਤੋਂ ਬਾਅਦ ਕਿਸੇ ਵੀ ਕੌਂਸਲਰ ਨੇ ‘ਆਪ’ ਜੁਆਇਨ ਨਹੀਂ ਕੀਤੀ। ਹੁਣ ਜਦਕਿ ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਕੋਲ 44 ਕੌਂਸਲਰਾਂ ਦੇ ਹੁੰਦੇ ਹੋਏ ਬਹੁਮਤ ਵੀ ਹੈ ਪਰ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਜੇਕਰ ਹਾਊਸ ਦੀ ਇਸ ਮੀਟਿੰਗ ਵਿਚ ‘ਆਪ’ ਦੇ 2 ਕੌਂਸਲਰ ਵੀ ਗੈਰ-ਹਾਜ਼ਰ ਹੋ ਗਏ ਤਾਂ ਆਮ ਆਦਮੀ ਪਾਰਟੀ ਨੂੰ ਜਲੰਧਰ ਵਿਚ ਆਪਣਾ ਮੇਅਰ ਬਣਾਉਣਾ ਮੁਸ਼ਕਿਲ ਹੋ ਸਕਦਾ ਹੈ। ਗੈਰ-ਹਾਜ਼ਰੀ ਦੀ ਅਜਿਹੀ ਸਥਿਤੀ ਵਿਚ ‘ਆਪ’ ਕੋਲ 42 ਕੌਂਸਲਰ ਰਹਿ ਜਾਣਗੇ ਅਤੇ ਜੇਕਰ ਹੱਥ ਖੜ੍ਹੇ ਕਰ ਕੇ ਮੇਅਰ ਦੀ ਚੋਣ ਦੀ ਨੌਬਤ ਆਈ ਤਾਂ 42 ਕੌਂਸਲਰਾਂ ਤੋਂ ਮੇਅਰ ਦੀ ਚੋਣ ਨਹੀਂ ਹੋ ਸਕੇਗੀ। ਅਜਿਹੇ ਵਿਚ ਸੱਤਾ ਧਿਰ ਨੂੰ ਕਰਾਸ ਵੋਟਿੰਗ ਦੇ ਸਹਾਰੇ ਨਿਰਭਰ ਰਹਿਣਾ ਹੋਵੇਗਾ ਅਤੇ ਇਹ ਸੰਭਵ ਹੋ ਪਾਉਂਦਾ ਹੈ ਜਾਂ ਨਹੀਂ, ਇਹ ਭਵਿੱਖ ਦੇ ਗਰਭ ਵਿਚ ਹੈ।

ਨਗਰ ਨਿਗਮ ਦੇ ਟਾਊਨ ਹਾਲ ਵਿਚ ਨਹੀਂ, ਸਗੋਂ ਰੈੱਡ ਕਰਾਸ ਭਵਨ ’ਚ ਹੋਵੇਗੀ ਮੀਟਿੰਗ
ਅੱਜ ਤਕ ਜਲੰਧਰ ਵਿਚ ਜਿੰਨੇ ਵੀ ਮੇਅਰ ਬਣੇ ਹਨ, ਉਨ੍ਹਾਂ ਦੀ ਚੋਣ ਨਗਰ ਨਿਗਮ ਦੇ ਆਪਣੇ ਟਾਊਨ ਹਾਲ ਵਿਚ ਹੀ ਹੋਈ ਹੈ। ਇਸ ਸਮੇਂ ਵੀ ਨਗਰ ਨਿਗਮ ਦੀ ਮੇਨ ਬਿਲਡਿੰਗ ਵਿਚ ਦੂਸਰੀ ਮੰਜ਼ਿਲ ’ਤੇ ਟਾਊਨ ਹਾਲ ਬਣਿਆ ਹੋਇਆ ਹੈ ਪਰ ਉਹ ਇੰਨਾ ਛੋਟਾ ਹੈ ਕਿ ਉਥੇ 85 ਕੌਂਸਲਰ, 40-42 ਕੌਂਸਲਰਪਤੀ ਅਤੇ ਨਿਗਮ ਦੇ ਅਫਸਰ, ਮੀਡੀਆ ਪ੍ਰਤੀਨਿਧੀ ਆਦਿ ਨਹੀਂ ਆ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਕੁਝ ਵਿਧਾਇਕ ਵੀ ਮੌਜੂਦ ਰਹਿਣਗੇ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਇਸ ਮੀਟਿੰਗ ਵਿਚ ਸ਼ਾਮਲ ਹੋਵੇਗੀ। ਅਜਿਹੇ ਵਿਚ ਨਿਗਮ ਪ੍ਰਸ਼ਾਸਨ ਨੇ ਹਾਊਸ ਦੀ ਪਹਿਲੀ ਮੀਟਿੰਗ ਰੈੱਡ ਕਰਾਸ ਭਵਨ ਵਿਚ ਕਰਵਾਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਵਿਚ ਵੀ ਕੌਂਸਲਰ ਹਾਊਸ ਦੀਆਂ ਕਈ ਮੀਟਿੰਗਾਂ ਰੈੱਡ ਕਰਾਸ ਭਵਨ ਵਿਚ ਆਯੋਜਿਤ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ-  ਨਸ਼ੇ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ, ਜਵਾਨ ਪੁੱਤ ਦੀ ਟੈਂਕੀ ਨੇੜਿਓਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

ਇਸੇ ਹਫ਼ਤੇ ਦੇ ਅਖੀਰ ਵਿਚ ਹੋਵੇਗੀ ਮੀਟਿੰਗ, ਜਨਰਲ ਕੈਟਾਗਰੀ ਦਾ ਹੋਵੇਗਾ ਮੇਅਰ
ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਕਾਰਨ ਹੁਣ ਆਮ ਆਦਮੀ ਪਾਰਟੀ ਨੇ ਜਲੰਧਰ ਵਿਚ ਆਪਣਾ ਮੇਅਰ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਦੂਸਰੇ ਸ਼ਹਿਰ ਦੇ ਡਵੀਜ਼ਨਲ ਕਮਿਸ਼ਨਰ ਨੂੰ ਜਲੰਧਰ ਡਿਵੀਜ਼ਨ ਦਾ ਚਾਰਜ ਸੌਂਪ ਕੇ ਇਸੇ ਹਫਤੇ ਦੇ ਅਖੀਰ ਵਿਚ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਈ ਜਾ ਰਹੀ ਹੈ, ਜਿਸ ਵਿਚ ਮੇਅਰ ਦੀ ਚੋਣ ਕਰਵਾਈ ਜਾਵੇਗੀ। ਪੰਜਾਬ ਸਰਕਾਰ ਨੇ 5 ਨਗਰ ਨਿਗਮਾਂ ਦੇ ਮੇਅਰਾਂ ਲਈ ਜੋ ਰਿਜ਼ਰਵੇਸ਼ਨ ਰੋਸਟਰ ਐਲਾਨ ਕੀਤਾ ਹੈ, ਉਸ ਅਨੁਸਾਰ ਜਲੰਧਰ ਵਿਚ ਮੇਅਰ ਜਨਰਲ (ਓਪਨ) ਕੈਟਾਗਰੀ ਦਾ ਹੋਵੇਗਾ। ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਇਥੇ ਜਨਰਲ ਕੈਟਾਗਰੀ ਤੋਂ ਅਤੇ ਹਿੰਦੂ ਮੇਅਰ ਬਣਾਉਣ ਜਾ ਰਹੀ ਹੈ, ਜਿਸ ਸਬੰਧੀ ਫੈਸਲਾ ਲੱਗਭਗ ਲਿਆ ਜਾ ਚੁੱਕਾ ਹੈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਸ਼ਹਿਰਾਂ ਤੋਂ ਜਿੱਤੇ ਕੌਂਸਲਰਾਂ ਅਤੇ ਮੇਅਰ ਆਦਿ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਲਈ ਵੀ ਭੇਜਣ ਜਾ ਰਹੀ ਹੈ, ਜਿਸ ਕਾਰਨ ਸਾਰੇ ਸ਼ਹਿਰਾਂ ਵਿਚ ਮੇਅਰਾਂ ਦੀ ਚੋਣ ਦੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਫਾਰਮ ਹਾਊਸ ਵਿਚ ਹੋਈ ਮੀਟਿੰਗ ਨਾਲ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛਿੜੀ
ਜਲੰਧਰ ਵਿਚ ਕੁਝ ਹੀ ਦਿਨਾਂ ਬਾਅਦ ਨਵੇਂ ਮੇਅਰ ਦੀ ਚੋਣ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਕੋਲ ਬਹੁਮਤ ਤੋਂ ਸਿਰਫ ਇਕ ਕੌਂਸਲਰ ਜ਼ਿਆਦਾ ਹੈ। ਅਜਿਹੇ ਵਿਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਵੀ ਇਹ ਯਤਨ ਕਰ ਰਹੀ ਹੈ ਕਿ ਕੌਂਸਲਰ ਹਾਊਸ ਦੀ ਮੀਟਿੰਗ ਵਿਚ ਕਰਾਸ ਵੋਟਿੰਗ ਕਰਵਾ ਕੇ ਆਮ ਆਦਮੀ ਪਾਰਟੀ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਜਾਣ।

ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਸਭ ਤੋਂ ਵੱਡਾ ਬਿਆਨ, ਵਿਵਾਦਾਂ ਨੂੰ ਖ਼ਤਮ ਕਰਨ ਲਈ ਇਲਜ਼ਾਮ ਪੁਆਏ ਝੋਲੀ

ਜ਼ਿਕਰਯੋਗ ਹੈ ਕਿ ਬਹੁਮਤ ਜੁਟਾਉਣ ਲਈ ਆਮ ਆਦਮੀ ਪਾਰਟੀ ਕਾਂਗਰਸ ਦੇ 2 ਨਵੇਂ ਚੁਣੇ ਕੌਂਸਲਰਾਂ ਨੂੰ ਆਪਣੇ ਖੇਮੇ ਵਿਚ ਸ਼ਾਮਲ ਕਰ ਚੁੱਕੀ ਹੈ। ਅਜਿਹੇ ਵਿਚ ਜ਼ਿਲ੍ਹਾ ਕਾਂਗਰਸ ਦੀ ਲੀਡਰਸ਼ਿਪ ਵੀ ਸ਼ਤਰੰਜ ਦੀ ਚਾਲ ਚੱਲਣ ਵਿਚ ਲੱਗੀ ਹੋਈ ਹੈ। ਪਤਾ ਲੱਗਾ ਹੈ ਕਿ ਪਿਛਲੇ ਦਿਨੀਂ ਸ਼ਹਿਰ ਦੇ ਬਾਹਰੀ ਹਿੱਸੇ ਵਿਚ ਸਥਿਤ ਇਕ ਫਾਰਮ ਹਾਊਸ ਵਿਚ ਸ਼ਹਿਰ ਦੇ ਮੋਹਤਬਰਾਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਜ਼ਿਆਦਾਤਰ ਚਰਚਾ ਨਿਗਮ ਚੋਣਾਂ ਨਾਲ ਸਬੰਧਤ ਰਹੀ। ਉਸ ਫਾਰਮ ਹਾਊਸ ਵਿਚ ਹੋਈ ਮੀਟਿੰਗ ਵਿਚ ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵੀ ਮੌਜੂਦ ਸਨ, ਜਿਨ੍ਹਾਂ ਦੀ ਪਤਨੀ ਹਰਸ਼ਰਨ ਕੌਰ ਹੈਪੀ ਹਾਲ ਹੀ ਵਿਚ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ ਹੈ। ਉਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਦੇ ਰਣਨੀਤੀਕਾਰ ਅਤੇ ਉਦਯੋਗਪਤੀਆਂ ਤੋਂ ਇਲਾਵਾ ਸਿਆਸੀ ਪੈਠ ਰੱਖਣ ਵਾਲੇ ਕਿੰਗਮੇਕਰ ਅਤੇ ਹੋਰ ਮੌਜੂਦ ਸਨ।

ਇੰਨਾ ਤਾਂ ਸਪੱਸ਼ਟ ਹੈ ਕਿ ਮੀਟਿੰਗ ਵਿਚ ਮੌਜੂਦਾ ਸਿਆਸੀ ਹਾਲਾਤ ਅਤੇ ਨਿਗਮ ਵਿਚ ਵੱਖ-ਵੱਖ ਪਾਰਟੀਆਂ ਦੀ ਸਥਿਤੀ ’ਤੇ ਖੁੱਲ੍ਹ ਕੇ ਚਰਚਾ ਹੋਈ ਪਰ ਆਖਿਰ ਵਿਚ ਕੀ ਪਲਾਨਿੰਗ ਬਣਾਈ ਗਈ, ਇਸ ਬਾਰੇ ਜ਼ਿਆਦਾ ਪਤਾ ਨਹੀਂ ਚੱਲ ਸਕਿਆ। ਇੰਨਾ ਜ਼ਰੂਰ ਹੈ ਕਿ ਅਜਿਹੀਆਂ ਮੀਟਿੰਗਾਂ ’ਤੇ ਜਲੰਧਰ ਦੇ ਸੀਨੀਅਰ ਪੁਲਸ ਅਧਿਕਾਰੀ ਆਪਣੀ ਪੈਨੀ ਨਜ਼ਰ ਬਣਾਏ ਹੋਏ ਹਨ ਅਤੇ ਸਭ ਸਿਆਸੀ ਸਰਗਰਮੀਆਂ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News