ਜਾਨ ਜੋਖ਼ਮ ’ਚ : ਚੋਣ ਡਿਊਟੀ ’ਚ ਅਣਹੋਣੀ ਹੋਣ ’ਤੇ ਕੋਈ ਮੁਆਵਜ਼ਾ ਨਹੀਂ

Thursday, Sep 13, 2018 - 03:38 AM (IST)

ਜਾਨ ਜੋਖ਼ਮ ’ਚ : ਚੋਣ ਡਿਊਟੀ ’ਚ ਅਣਹੋਣੀ ਹੋਣ ’ਤੇ ਕੋਈ ਮੁਆਵਜ਼ਾ ਨਹੀਂ

ਹੁਸ਼ਿਆਰਪੁਰ,  (ਘੁੰਮਣ)-  ਚੋਣ ਡਿਊਟੀ ਦੌਰਾਨ ਜੇਕਰ ਕੋਈ ਅਣਹੋਣੀ ਹੋ ਜਾਵੇ ਤਾਂ ‘ਸਰਵ ਸਿੱਖਿਆ ਅਭਿਆਨ’ ਅਤੇ ‘ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ’ ਨਾਲ ਸਬੰਧਤ ਅਧਿਆਪਕਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲੇਗਾ। ਯੂਨੀਅਨ ਦੇ ਸੂਬਾ ਕਨਵੀਨਰ ਚੌਧਰੀ ਰਾਮ ਭਜਨ ਤੇ ਜ਼ਿਲਾ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਅਗਵਾਈ ’ਚ ਇਸ ਵਰਗ ਦੇ ਅਧਿਆਪਕਾਂ ਨੇ ਅਜਿਹੇ ਹਾਲਾਤ ’ਚ ਚੋਣ ਡਿਊਟੀਆਂ ’ਚ ਧੱਕੇ ਜਾਣ ਦਾ ਸਖ਼ਤ  ਵਿਰੋਧ ਕਰਦਿਆਂ ਰੋਸ   ਵਿਖਾਵਾ ਕੀਤਾ। 
ਇਸ ਮੌਕੇ ਸੰਬੋਧਨ ਕਰਦਿਆਂ ਚੌਧਰੀ ਰਾਮ ਭਜਨ ਨੇ ਕਿਹਾ ਕਿ ਜੇਕਰ ਚੋਣ ਡਿਊਟੀ ਦੌਰਾਨ ਇਸ ਵਰਗ ਦੇ ਅਧਿਆਪਕਾਂ ਅਤੇ ਲੈਬ ਅਟੈਂਡੈਂਟਾਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਕਿਸ ’ਤੇ ਹੋਵੇਗੀ? ਯੂਨੀਅਨ ਆਗੂਆਂ ਨੇ ਕਿਹਾ ਕਿ ਉਹ ਪਹਿਲਾਂ ਹੀ ਪਿਛਲੇ 9 ਸਾਲਾਂ ਤੋਂ ਠੇਕਾ ਅਾਧਾਰਿਤ ਨੌਕਰੀ ਕਰ ਰਹੇ ਹਨ ਅਤੇ ਹੁਣ ਸਰਕਾਰ ਨੇ ਉਨ੍ਹਾਂ ਦੀ ਮੂਲ ਤਨਖ਼ਾਹ ’ਚ 75 ਫੀਸਦੀ ਕਟੌਤੀ ਕਰ ਕੇ ਰੈਗੂਲਰ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਉਹ ਪਹਿਲਾਂ ਹੀ ਆਰਥਿਕ ਸੰਕਟ ਦਾ ਸੰਤਾਪ ਝੱਲ ਰਹੇ ਹਨ, ਉਪਰੋਂ ਸਰਕਾਰ ਹੋਰ ਮੁਸੀਬਤ ਵਿਚ ਪਾ ਰਹੀ ਹੈ। 
ਡੀ. ਸੀ. ਨੂੰ ਦਿੱਤਾ ਮੰਗ-ਪੱਤਰ : ਇਸ ਦੌਰਾਨ ਉਕਤ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੂੰ ਇਸ ਸਬੰਧ ’ਚ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਪਰਮਜੀਤ ਸਿੰਘ, ਰਾਜੀਵ ਕੁਮਾਰ, ਅਵਤਾਰ ਸਿੰਘ, ਗੁਰਨਾਮ ਸਿੰਘ, ਬਲਜੀਤ ਸਿੰਘ, ਨਵਲ ਕਿਸ਼ੋਰ, ਸੁਨੀਲ ਕੁਮਾਰ, ਕਿਰਨ ਬਾਲਾ, ਮੋਨਿਕਾ, ਮੀਨਾ ਰਾਣੀ, ਅਲਕਾ, ਜੈਸਮੀਨ, ਜਤਿੰਦਰ ਸਿੰਘ, ਸ਼ਿੰਦਰਪਾਲ ਆਦਿ ਵੀ ਮੌਜੂਦ ਸਨ।


Related News