ਬਿਜਲੀ ਦਾ ਬਿੱਲ ਭਰਨ ਗਿਆ ਬਜ਼ੁਰਗ ਖੂਹ ’ਚ ਡਿੱਗਾ

Wednesday, Oct 31, 2018 - 03:53 AM (IST)

ਬਿਜਲੀ ਦਾ ਬਿੱਲ ਭਰਨ ਗਿਆ ਬਜ਼ੁਰਗ ਖੂਹ ’ਚ ਡਿੱਗਾ

ਰੂਪਨਗਰ,   (ਵਿਜੇ)-  ਰੂਪਨਗਰ ਦੇ ਪੁਰਾਣੇ ਬੱਸ ਅੱਡੇ ਦੇ ਨੇਡ਼ੇ ਪੁਰਖਾਲੀ ਸਟਾਪੇਜ ਮਾਰਕੀਟ ’ਚ ਅੱਜ ਉਸ ਸਮੇਂ ਹਡ਼ਕੰਪ ਮਚ ਗਿਆ ਜਦੋ ਇੱਕ ਬਜ਼ੁਰਗ ਵਿਅਕਤੀ ਡੂੰਘੇ ਅਤੇ ਪੁਰਾਣੇ ਸੁੱਕੇ ਖੂਹ ’ਚ ਅਚਾਨਕ ਡਿੱਗ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਰੋਂ ਬਿਜਲੀ ਦਾ ਬਿੱਲ ਭਰਨ ਵਾਸਤੇ ਗਿਆ ਪਿੰਡ ਬਾਲਸੰਢਾ ਨਿਵਾਸੀ ਸੋਹਨ ਸਿੰਘ (63 ਸਾਲ) ਪੁੱਤਰ ਰਚਨ ਸਿੰਘ ਪੁਰਖਾਲੀ ਬੱਸ ਸਟਾਪੇਜ ਦੇ ਨੇਡ਼ੇ ਖਡ਼ਾ ਸੀ। ਉੱਥੇ ਕੋਲ ਹੀ ਇੱਕ ਖੂਹ ਜੋ ਬਿਨਾਂ ਢੱਕੇ ਤੋ ਹੈ ’ਚ ਅਚਾਨਕ ਉਕਤ ਬਜ਼ੁਰਗ ਵਿਅਕਤੀ ਡਿੱਗ ਗਿਆ। ਜਿਸਦੇ ਬਾਅਦ ਮਾਰਕੀਟ ਦੇ ਦੁਕਾਨਦਾਰਾਂ ’ਚ ਹਡ਼ਕੰਪ ਮਚ ਗਿਆ ਅਤੇ ਤੁਰੰਤ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਮੌਕੇ ਤੇ ਕ੍ਰੇਨ (ਹਾਈਡਰਾ ਮਸ਼ੀਨ) ਮੰਗਵਾਈ ਗਈ। ਕ੍ਰੇਨ ਦੇ ਪਹੁੰਚਦੇ ਹੀ ਗੋਤਾਖੋਰ ਨੌਜਵਾਨ ਸਤਵਿੰਦਰ ਸਿੰਘ ਅਤੇ ਸੁਭਾਸ਼ ਜ਼ੋਖ਼ਿਮ ਉਠਾਉਂਦੇ ਹੋਏ ਖੂਹ ’ਚ ਉਤਰ ਗਏ ਅਤੇ ਕਾਫੀ ਮੁਸ਼ਕਤ ਦੇ ਬਾਅਦ ਬਜ਼ੁਰਗ ਵਿਅਕਤੀ ਨੂੰ ਖੂਹ  ’ਚੋਂ ਬਾਹਰ ਕੱਢਿਆ ਗਿਆ। ਸੂਤਰਾਂ ਅਨੁਸਾਰ ਉਕਤ ਖੂਹ ਕਰੀਬ 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਬਜ਼ੁਰਗ ਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ।  ਇਸ ਮੌਕੇ ਸਿਟੀ ਥਾਣਾ ਪ੍ਰਭਾਰੀ ਭਰਤ ਭੂਸ਼ਣ ਅਤੇ ਕੌਂਸਲਰ ਪੋਮੀ ਸੋਨੀ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਮੌਕੇ ’ਤੇ ਮੌਜੂਦ ਦੁਕਾਨਦਾਰ ਅੰਕੁਰ ਗਰਗ, ਸੰਨੀ ਜੌਲੀ, ਪਿੰਕਾ ਆਦਿ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਰਕੀਟ ਦੇ ਨੇਡ਼ੇ ਸਥਿਤ ਉਕਤ ਖੂਹ  ਜਾਲੀ ਦੀ ਮਦਦ ਨਾਲ ਢਕਿਆ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਮਾਰਕੀਟ ਅਤੇ ਬੱਸ ਅੱਡੇ ’ਤੇ ਸਵਾਰੀਆਂ ਬੱਚਿਆਂ ਸਮੇਤ ਪਹੁੰਚਦੀਆਂ ਹਨ ਅਤੇ ਬਿਨ੍ਹਾਂ ਢਕਿਆ ਖੂਹ ਕਿਸੇ ਲਈ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਦੇ ਇਲਾਵਾ ਇੱਥੇ ਰਾਤ ਸਮੇਂ ਜਾਨਵਰ ਆਦਿ ਵੀ ਘੁੰਮਦੇ ਰਹਿੰਦੇ ਹਨ।
 


Related News