ਸ਼੍ਰੀਨਗਰ ਤੋਂ ਲਿਆਂਦੀ 40 ਕਿਲੋ ਚੂਰਾ -ਪੋਸਤ ਦੀ ਖੇਪ ਸਮੇਤ ਇਕ ਗ੍ਰਿਫਤਾਰ

09/19/2018 5:34:04 AM

ਕਪੂਰਥਲਾ,    (ਭੂਸ਼ਣ)-  ਸੀ. ਆਈ. ਏ. ਸਟਾਫ ਕਪੂਰਥਲਾ ਅਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਸਾਂਝੇ ਤੌਰ ’ਤੇ ਕੀਤੀ ਨਾਕਾਬੰਦੀ ਦੌਰਾਨ ਸ਼੍ਰੀਨਗਰ ਤੋਂ ਟਰੱਕ ’ਚ ਸਮੱਗਲਿੰਗ ਕਰ  ਕੇ ਲਿਆਂਦੀ ਜਾ ਰਹੀ 40 ਕਿਲੋ ਚੂਰਾ-ਪੋਸਤ ਦੀ ਖੇਪ ਸਮੇਤ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।   ਜਾਣਕਾਰੀ  ਅਨੁਸਾਰ ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ  ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਇੰਚਾਰਜ ਇੰਸਪੈਕਟਰ ਸੁਰਿੰਦਰ ਚਾਂਦ ਅਤੇ ਥਾਣਾ ਕੋਤਵਾਲੀ  ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ  ਨੇ ਸਾਂਝੇ ਤੌਰ ’ਤੇ ਕਾਂਜਲੀ ਬੱਸ ਸਟੈਂਡ  ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਮੁਖਬਰ ਖਾਸ ਨੇ ਪੁਲਸ ਟੀਮ ਨੂੰ ਸੂਚਨਾ ਦਿੱਤੀ ਕਿ ਇਕ 10 ਟਾਇਰੀ ਟਰੱਕ, ਜਿਸ ਨੂੰ ਰਾਜੇਸ਼ ਕੁਮਾਰ ਉਰਫ ਰਾਂਝਾ ਪੁੱਤਰ ਪ੍ਰੇਮ ਲਾਲ ਵਾਸੀ ਨਵਾਂ ਪਿੰਡ ਭੱਠਾ ਚਲਾ ਰਿਹਾ ਹੈ, ਦੇ ਵਿਚ ਸ਼੍ਰੀਨਗਰ ਤੋਂ ਲਿਆਂਦੀ ਗਈ ਚੂਰਾ ਪੋਸਤ ਦੀ ਭਾਰੀ ਖੇਪ ਮੌਜੂਦ ਹੈ ਅਤੇ ਉਕਤ ਮੁਲਜ਼ਮ ਲੰਬੇ ਸਮੇਂ ਤੋਂ ਸ਼੍ਰੀਨਗਰ ਤੋਂ ਚੂਰਾ-ਪੋਸਤ ਦੀ ਖੇਪ ਲਿਆ ਕੇ ਸੂਬੇ  ਦੇ ਵੱਖ-ਵੱਖ ਸ਼ਹਿਰਾਂ ’ਚ ਸਪਲਾਈ ਕਰਦਾ ਹੈ, ਜਿਸ ’ਤੇ ਪੁਲਸ ਟੀਮ ਨੇ ਨਾਕਾਬੰਦੀ ਕਰ ਕੇ ਜਦੋਂ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉਕਤ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ।  ਇਸ ਦੌਰਾਨ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਮੁਲਜ਼ਮ ਟਰੱਕ ਚਾਲਕ ਰਾਜੇਸ਼ ਕੁਮਾਰ ਉਰਫ ਰਾਂਝਾ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਟਰੱਕ ’ਚੋਂ 40 ਕਿਲੋ ਚੂਰਾ-ਪੋਸਤ ਬਰਾਮਦ ਕੀਤਾ।  ਪੁੱਛਗਿੱਛ  ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਬਰਾਮਦ ਚੂਰਾ-ਪੋਸਤ ਖਾਸ ਵਿਅਕਤੀਆਂ ਨੂੰ ਸਪਲਾਈ ਕਰਨ ਜਾ ਰਿਹਾ ਸੀ। ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਸ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ। 


Related News