ਹੁਕਮਾਂ ਦੀਆਂ ਉੱਡੀਆਂ ਧੱਜੀਆਂ, ਬਿਨਾਂ ਲਾਇਸੈਂਸ ਦੇ ਸ਼ਰੇਆਮ ਵਿਕੇ ਪਟਾਕੇ

10/30/2019 5:20:38 PM

ਭੁਲੱਥ (ਰਜਿੰਦਰ)— ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਜ਼ਿਲਾ ਪ੍ਰਸ਼ਾਸਨ ਵੱਲੋਂ ਪਟਾਕੇ ਵੇਚਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀਆਂ ਭੁਲੱਥ 'ਚ ਸ਼ਰੇਆਮ ਧੱਜੀਆਂ ਉੱਡੀਆਂ। ਇਥੇ ਲਾਇਸੈਂਸ ਤੋਂ ਬਿਨਾਂ ਲੱਗੀਆਂ ਵੱਡੀ ਗਿਣਤੀ 'ਚ ਦੁਕਾਨਾਂ 'ਤੇ ਸ਼ਰੇਆਮ ਪਟਾਕੇ ਵਿਕਦੇ ਦਿਖਾਈ ਦਿੱਤੇ। ਸਾਹਮਣੇ ਆਈਆਂ ਤਸਵੀਰਾਂ ਦੇਖ ਕੇ ਇੰਝ ਲਗਦਾ ਸੀ ਕਿ ਪਟਾਕੇ ਵੇਚਣ ਸਬੰਧੀ ਜ਼ਿਲਾ ਪ੍ਰਸ਼ਾਸਨ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਸਨ, ਉਹ ਫਾਈਲਾਂ ਤੱਕ ਹੀ ਸੀਮਤ ਰਹੇ। 

ਇਥੇ ਦੱਸਣਯੋਗ ਹੈ ਕਿ ਪਟਾਕੇ ਵੇਚਣ ਦੇ ਆਰਜੀ ਲਾਇਸੈਂਸ ਦੇਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ 15 ਅਕਤੂਬਰ ਨੂੰ ਡਰਾਅ ਕੱਢੇ ਗਏ ਸਨ, ਜਿਸ ਤਹਿਤ ਜ਼ਿਲੇ ਭਰ 'ਚ ਪਟਾਕੇ ਵੇਚਣ ਲਈ 17 ਆਰਜੀ ਲਾਇਸੈਂਸ ਜਾਰੀ ਕੀਤੇ ਗਏ ਸਨ। ਇਸੇ ਤਹਿਤ ਭੁਲੱਥ ਵਿਖੇ ਵੀ ਲਾਇਸੈਂਸ ਪ੍ਰਾਪਤ ਵਿਅਕਤੀ ਨੇ ਪਟਾਕੇ ਵੇਚਣ ਦੀ ਦੁਕਾਨ ਲਗਾਈ ਅਤੇ ਦੁਕਾਨ ਬਾਹਰ ਲਾਇਸੈਂਸ ਦਾ ਸਬੂਤ ਵੀ ਲਿਖ ਕੇ ਲਗਾ ਦਿੱਤਾ, ਇਸ ਤੋਂ ਇਲਾਵਾ ਸ਼ਹਿਰ 'ਚ ਹੋਰ ਕਿਤੇ ਪਟਾਕਿਆਂ ਦੇ ਲਾਇਸੈਂਸ ਦਾ ਬੋਰਡ ਲੱਗਾ ਦਿਖਾਈ ਨਹੀਂ ਦਿੱਤਾ, ਸਗੋਂ ਇਸ ਦੇ ਉਲਟ ਵੱਡੀ ਗਿਣਤੀ ਲੋਕਾਂ ਨੇ ਭੁਲੱਥ ਦੇ ਬਾਜ਼ਾਰ ਦੀ ਮੁੱਖ ਸੜਕ ਅਤੇ ਮੇਨ ਬਾਜ਼ਾਰ ਸਮੇਤ ਸ਼ਹਿਰ ਦੀਆਂ ਹੋਰ ਥਾਵਾਂ ਸਮੇਤ ਸਰਕਾਰੀ ਹਸਪਤਾਲ ਨੇੜੇ ਵੀ ਬਿਨਾਂ ਲਾਇਸੈਂਸ ਧੜੱਲੇ ਨਾਲ ਪਟਾਕੇ ਵੇਚੇ ਗਏ। ਭੁਲੱਥ 'ਚ ਭਾਂਵੇ ਪਟਾਕੇ ਵੇਚਣ ਲਈ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ ਪਰ ਉਸ ਜਗ੍ਹਾ 'ਤੇ ਕੋਈ ਦੁਕਾਨ ਹੀ ਦਿਖਾਈ ਨਹੀਂ ਦਿੱਤੀ। ਪਟਾਕਿਆਂ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ ਸਗੋਂ ਸ਼ਹਿਰ 'ਚ ਚਾਈਨਾ ਦੇ ਪਟਾਕੇ ਵੀ ਸ਼ਰੇਆਮ ਵਿਕੇ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਇਸ ਸੰਬੰਧੀ ਜਦੋਂ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਬੀਤੀ ਸ਼ਾਮ ਤਾਂ ਪਟਾਕੇ ਚੁਕਵਾ ਦਿੱਤੇ ਗਏ ਸੀ ਅਤੇ ਮੈਂ ਹੁਣ ਫਿਰ ਪੁਲਸ ਪਾਰਟੀ ਭੇਜਦਾ ਹਾਂ। 

PunjabKesari

ਸੀ. ਸੀ. ਟੀ. ਵੀ. ਕੈਮਰੇ ਖੋਲ੍ਹ ਸਕਦੇ ਨੇ ਪੋਲ
ਭੁਲੱਥ ਸ਼ਹਿਰ ਦੇ ਬਾਜ਼ਾਰ 'ਚ ਜੇਕਰ ਪਟਾਕੇ ਵਿਕਣ ਦੀ ਵੀਡਿਓ ਰਿਕਾਰਡਿੰਗ ਦੀ ਗੱਲ ਕਰੀਏ ਤਾਂ ਸ਼ਹਿਰ 'ਚ ਵੱਖ-ਵੱਖ ਦੁਕਾਨਾਂ ਦੇ ਬਾਹਰ ਜਾਂ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਪਟਾਕੇ ਵਿਕਣ ਦੀ ਪੋਲ ਖੋਲ੍ਹ ਸਕਦੇ ਹਨ ਅਤੇ ਜੇਕਰ ਕਿਤੇ ਸ਼ਹਿਰ 'ਚ ਕਿਸੇ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਦੀਵਾਲੀ ਵਾਲੇ ਦਿਨ ਦੀ ਨਹੀਂ ਮਿਲਦੀ ਤਾਂ ਸਮਝੋ ਕਿ ਸਭ ਗੋਲ ਮਾਲ ਹੈ। 

PunjabKesari
ਕੀ ਕਹਿਣਾ ਏ. ਐੱਸ. ਪੀ. ਭੁਲੱਥ ਦਾ
ਇਸ ਸੰਬੰਧੀ ਜਦੋਂ ਏ. ਐੱਸ. ਪੀ. ਭੁੱਲਥ ਡਾ. ਸਿਮਰਤ ਕੌਰ ਨਾਲ ਗੱਲਬਾਤ ਕਰਦੇ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹੁਣੇ ਐੱਸ. ਐੱਚ. ਓ. ਭੁੱਲਥ ਨਾਲ ਗੱਲ ਕਰਦੀ ਹਾਂ ਅਤੇ ਬਿਨਾਂ ਲਾਇਸੈਂਸ ਤੋਂ ਪਟਾਕੇ ਨਹੀਂ ਵਿਕਣ ਦਿੱਤੇ ਜਾਣਗੇ।


shivani attri

Content Editor

Related News