ਜ਼ਿਲਾ ਪੈਸਟ ਸਰਵੇਲੈਂਸ ਦੀ ਕੀਤੀ ਗਈ ਮੀਟਿੰਗ

05/01/2020 4:41:21 PM

ਜਲੰਧਰ (ਨਰੇਸ਼ ਗੁਲਾਟੀ)-ਜ਼ਿਲਾ ਪੈਸਟ ਸਰਵੇਲੈਂਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਜ਼ਿਲੇ ਵਿੱਚ ਕਣਕ ਦੀ ਵਾਢੀ ਦਾ ਕੰਮ ਪੂਰੇ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਵਿਭਾਗ ਵਲੋ ਕੀਤੇ ਗਏ 106 ਫਸਲ ਕਟਾਈ ਤਜਰਬਿਆਂ ਅਨੁਸਾਰ ਪ੍ਰਤੀ ਏਕੜ ਝਾੜ 4803 ਕਿੱਲੋ ਪ੍ਰਤੀ ਹੈਕਟੇਅਰ ਪ੍ਰਾਪਤ ਕੀਤਾ ਗਿਆ ਹੈ।ਤਕਰੀਬਨ 06 ਫਸਲ ਕਟਾਈ ਤਜਰਬੇ ਅਜੇ ਬਕਾਇਆ ਹਨ ਅਤੇ ਸਾਰੇ ਫਸਲ ਕਟਾਈ ਤਜਰਬੇ ਮੁਕੰਮਲ ਹੋਣ ਉਪਰੰਤ ਪ੍ਰਤੀ ਏਕੜ ਕਣਕ ਦੇ ਝਾੜ ਦਾ ਸਹੀ ਅਨੁਮਾਨ ਪ੍ਰਾਪਤ ਹੋਵੇਗਾ।

ਮੀਟਿੰਗ ਵਿੱਚ ਮੌਜੂਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸਾਰ ਸਿੱਖਿਆ ਵਿਭਾਗ, ਜਲੰਧਰ ਤੋਂ ਡਾ. ਮਨਿੰਦਰ ਸਿੰਘ ਅਤੇ ਡਾ. ਸੰਜੀਵ ਕਟਾਰੀਆ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਝੋਨੇ ਅਤੇ ਹੋਰ ਸਾਉਣੀ ਦੀਆਂ ਫਸਲਾਂ ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਵਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਕਮਾਦ ਦੇ ਕਾਸ਼ਤਕਾਰਾਂ ਨੂੰ ਇਸ ਫਸਲ ਤੇ ਅਗੇਤੀ ਫੋਟ ਦੇ ਗੜੂੰਏ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ। ਜੇਕਰ ਹਮਲਾ ਜਿਆਦਾ ਹੋਵੇ ਤਾਂ 150 ਮੀ.ਲੀ. ਟੋਕੋਮੀ ਦਵਾਈ ਦਾ ਇਸਤੇਮਾਲ ਪ੍ਰਤੀ ਏਕੜ ਕੀਤਾ ਜਾ ਸਕਦਾ ਹੈ। 

ਉਹਨਾਂ ਦੱਸਿਆ ਕਿ ਜ਼ਿਲੇ ਵਿੱਚ ਬਹਾਰ ਰੁੱਤ ਦੀ ਮੱਕੀ ਤੇ ਭਾਵੇਂ ਅਜੇ ਫਾਲ ਆਰਮੀ ਵਰਮ ਦਾ ਹਮਲੇ ਬਾਰੇ ਕੋਈ ਰਿਪੋਰਟ ਪ੍ਰਾਪਤ ਨਹੀ ਹੋਈ ਹੈ ਪਰ ਕਿਸਾਨ ਵੀਰਾਂ ਨੂੰ ਇਸ ਕੀੜੇ ਦੀ ਪਹਿਚਾਣ ਕਰਦੇ ਹੋਏ ਸੁਚੇਤ ਰਹਿਣ ਦੀ ਜਰੂਰਤ ਹੈ। ਫਾਲ ਆਰਮੀ ਵਰਮ ਦੀ ਸੂੰਡੀ ਦੀ ਪੂੰਛ ਲਾਗੇ 4 ਬਿੰਦੂ ਅਤੇ ਸਿਰ ਲਾਗੇ ਅੰਗਰੇਜੀ ਦੇ ਅੱਖਰ 'ਵਾਈ' ਦਾ ਉਲਟਾ ਨਿਸ਼ਾਨ ਹੂੰਦਾ ਹੈ।ਇਹ ਸੂੰਡੀ ਗੋਭ ਵਾਲੇ ਪੱਤੇ ਨੂੰ ਖਾਂਦੀ ਹੈ ਅਤੇ ਭਾਰੀ ਮਾਤਰਾ ਵਿੱਚ ਬੂਟੇ ਦੇ ਹੇਠਾਂ ਮਲ ਮੂਤਰ ਤਿਆਗਦੀ ਹੈ।ਉਹਨਾਂ ਦੱਸਿਆ ਜੇਕਰ ਇਸ ਕੀੜੇ ਦਾ ਹਮਲਾ ਜਿਆਦਾ ਹੋਵੇ ਤਾਂ ਕੋਰਾਜਨ ਦਵਾਈ 60 ਮੀ. ਲੀ. ਪ੍ਰਤੀ ਏਕੜ ਸਪਰੇ ਕਰਨੀ ਚਾਹੀਦੀ ਹੈ।

ਡਾ. ਕਟਾਰੀਆ ਨੇ ਦੱਸਿਆ ਕਿ ਟਿੱਡੀ ਦਲ ਦੇ ਸੰਭਾਵਿਤ ਹਮਲੇ ਪ੍ਰਤੀ ਭਾਵੇਂ ਕਿ ਫਿਲਹਾਲ ਘਬਰਾਉਣ ਦੀ ਜਰੂਰਤ ਨਹੀ ਹੈ ਪਰ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ।ਡਾ. ਭਜਨ ਸਿੰਘ ਸੈਣੀ, ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਵੇਲਾਂ ਵਾਲੀਆਂ ਅਤੇ ਗਰਮੀ ਦੀਆਂ ਵੱਖ-ਵੱਖ ਸਬਜੀਆਂ ਤੇ ਰਸ ਚੂਸਣ ਵਾਲੇ ਕੀੜੇ ਅਤੇ ਭੂੰਡੀ ਆਦਿ ਦਾ ਹਮਲਾ ਕੁੱਝ ਕੁ ਇਲਾਕਿਆਂ ਵਿੱਚ ਨਜ਼ਰ ਆਇਆ ਹੈ।ਉਹਨਾਂ ਦੱਸਿਆ ਕਿ ਬੈਂਗਣ ਦੀ ਫਸਲ ਤੇ ਫਰੂਟ ਐਂਡ ਸ਼ੂਟ ਬੋਰਰ ਦਾ ਹਮਲਾ ਵੇਖਣ ਵਿੱਚ ਆਇਆ, ਜਿਸ ਲਈ ਕਿਸਾਨਾਂ ਨੂੰ 250 ਮੀ. ਲੀ. ਫੈਨਵਲਰੇਟ ਪ੍ਰਤੀ ਏਕੜ ਦਵਾਈ ਦਾ ਸਪਰੇਅ 200 ਲੀਟਰ ਪਾਣੀ ਵਿੱਚ ਘੋਲ ਕੇ ਕਰਨ ਦੀ ਸਲਾਹ ਦਿੱਤੀ ਕਿਸਾਨ ਵੀਰਾਂ ਨੂੰ ਕੀੜੇ ਦਾ ਹਮਲਾ ਜਿਆਦਾ ਹੋਣ ਦੀ ਸਿਫਾਰਸ਼ ਸ਼ੁਦਾ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
-ਸੰਪਰਕ ਅਫਸਰ,
-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,


Iqbalkaur

Content Editor

Related News