ਜ਼ਿਲ੍ਹਾ ਕਪੂਰਥਲਾ ''ਚ ਕੋਰੋਨਾ ਦੇ 15 ਨਵੇਂ ਮਰੀਜ਼ ਆਏ ਸਾਹਮਣੇ, 3 ਦੀ ਹੋਈ ਮੌਤ

8/13/2020 9:31:34 PM

ਕਪੂਰਥਲਾ,(ਮਹਾਜਨ)-ਕੋਰੋਨਾ ਦਾ ਕਹਿਰ ਜ਼ਿਲ੍ਹਾ ਕਪੂਰਥਲਾ 'ਚ ਵੀ ਜਾਰੀ ਹੈ। ਜ਼ਿਲ੍ਹੇ 'ਚ ਅੱਜ 15 ਨਵੇਂ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹੇ 'ਚ ਵਪਾਰੀਆਂ ਤੇ ਕਾਰੋਬਾਰੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਨਾਲ ਲੋਕ ਹੁਣ ਬਾਜ਼ਾਰ ਖਰੀਦਦਾਰੀ ਕਰਨ ਲਈ ਜਾਣ ਤੋਂ ਵੀ ਡਰ ਰਹੇ ਹਨ। ਕੋਰੋਨਾ ਸੰਕਰਮਿਤ ਪਾਏ ਗਏ ਕਾਰੋਬਾਰੀਆਂ ਦੇ ਆਸ-ਪਾਸ ਕੰਮ ਕਰ ਰਹੇ ਕਰਮਚਾਰੀਆਂ ਤੇ ਮਾਲਕਾਂ 'ਚ ਵੀ ਡਰ ਤੇ ਖੌਫ ਪਾਇਆ ਜਾ ਰਿਹਾ ਹੈ।

ਵੀਰਵਾਰ ਨੂੰ ਜ਼ਿਲ੍ਹਾ ਕਪੂਰਥਲਾ 'ਚ 15 ਨਵੇਂ ਕੇਸ ਆਉਣ 'ਤੇ ਤਿੰਨ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਣ ਦੀ ਖਬਰ ਨਾਲ ਜ਼ਿਲ੍ਹਾ ਵਾਸੀਆਂ 'ਚ ਦਹਿਸ਼ਤ ਹੋਰ ਵੱਧ ਗਈ ਹੈ। ਜ਼ਿਲ੍ਹੇ 'ਚ ਅੱਜ ਆਏ 15 ਕੇਸਾਂ 'ਚ ਕਪੂਰਥਲਾ ਦੇ 10 ਤੇ ਫਗਵਾੜਾ ਦੇ 5 ਵਿਅਕਤੀ ਸ਼ਾਮਲ ਹਨ। ਕਪੂਰਥਲਾ ਦੇ ਕੋਰੋਨਾ ਪਾਜ਼ੇਟਿਵ ਕੇਸਾਂ 'ਚ 26 ਸਾਲਾ ਨੌਜਵਾਨ ਡੇਰਾ ਸੈਦਾਂ (ਟਿੱਬਾ) ਸੁਲਤਾਨਪੁਰ ਲੋਧੀ, 30 ਸਾਲਾ ਨੌਜਵਾਨ ਰੇਲ ਕੋਚ ਫੈਕਟਰੀ, 28 ਸਾਲਾ ਲੜਕੀ ਸੈਂਟਰਲ ਜੇਲ੍ਹ ਕਪੂਰਥਲਾ, 71 ਸਾਲਾ ਵਿਅਕਤੀ, 37 ਸਾਲਾ ਵਿਅਕਤੀ, 42 ਸਾਲਾ ਵਿਅਕਤੀ, 34 ਸਾਲਾ ਮਹਿਲਾ, 35 ਸਾਲਾ ਵਿਅਕਤੀ ਅੰਮ੍ਰਿਤ ਬਾਜ਼ਾਰ ਕਪੂਰਥਲਾ, 23 ਸਾਲਾ ਲੜਕੀ ਔਜਲਾ ਫਾਟਕ ਤੇ 47 ਸਾਲਾ ਵਿਅਕਤੀ ਮੁਹੱਲਾ ਜੱਟਪੁਰਾ ਕਪੂਰਥਲਾ ਸ਼ਾਮਲ ਹਨ। ਬੀਤੀ ਰਾਤ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਕੋਰੋਨਾ ਨਾਲ ਮਰਨ ਵਾਲਿਆਂ 'ਚ 60 ਸਾਲਾ ਕੋਰੋਨਾ ਪੀੜਤ ਵਾਸੀ ਦੁਰਗਾਪੁਰ ਆਰ.ਸੀ.ਐਫ ਭੁਲਾਣਾ, 58 ਸਾਲਾ ਵਿਅਕਤੀ ਸਾਸਤਰੀ ਨਗਰ ਮੇਹਲੀ ਗੇਟ ਫਗਵਾੜਾ ਤੇ 81 ਸਾਲਾ ਵਿਅਕਤੀ ਪਿੰਡ ਧੁਆਂਖੇ ਨਿਸ਼ਾਨ ਜ਼ਿਲ੍ਹਾ ਕਪੂਰਥਲਾ ਸ਼ਾਮਲ ਹਨ। ਇਨ੍ਹਾਂ ਮੌਤਾਂ ਤੋਂ ਬਾਅਦ ਜ਼ਿਲ੍ਹਾ ਕਪੂਰਥਲਾ 'ਚ ਮਰਨ ਵਾਲਿਆਂ ਦੀ ਗਿਣਤੀ 19 ਹੋ ਗਈ ਹੈ। ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਭੀੜ-ਭਾੜ ਵਾਲੇ ਬਾਜ਼ਾਰਾਂ 'ਚ ਵੱਡੀ ਗਿਣਤੀ 'ਚ ਸੈਂਪਲਿੰਗ ਕੀਤੀ ਜਾ ਰਹੀ ਹੈ, ਤੇ ਬਾਜ਼ਾਰਾਂ 'ਚ
ਦੁਕਾਨਦਾਰਾਂ ਤੇ ਲੋਕਾਂ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾਅ ਲਈ ਜਾਗਰੂਕ ਤੇ ਸਰਕਾਰ ਵੱਲੋਂ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਕੁੱਲ 420 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਸ 'ਚ ਕਪੂਰਥਲਾ ਤੋਂ 109, ਆਰ. ਸੀ. ਐਫ ਤੋਂ 17, ਕਾਲਾ ਸੰਘਿਆਂ ਤੋਂ 95, ਸੁਲਤਾਨਪੁਰ ਲੋਧੀ ਤੋਂ 19, ਟਿੱਬਾ ਤੋਂ 56, ਫੱਤੂਢੀਂਗਾ ਤੋਂ 48, ਪਾਂਛਟਾ ਤੋਂ 76 ਲੋਕਾਂ ਦੇ ਸੈਂਪਲ ਲਏ ਗਏ।


Deepak Kumar

Content Editor Deepak Kumar