ਗੰਦਾ ਪਾਣੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਸੜਕਾਂ ''ਤੇ ਉਤਰਨ ਦੀ ਦਿੱਤੀ ਚਿਤਾਵਨੀ

Tuesday, Jan 14, 2020 - 12:31 PM (IST)

ਗੰਦਾ ਪਾਣੀ ਤੋਂ ਪਰੇਸ਼ਾਨ ਪਿੰਡ ਵਾਸੀਆਂ ਨੇ ਸੜਕਾਂ ''ਤੇ ਉਤਰਨ ਦੀ ਦਿੱਤੀ ਚਿਤਾਵਨੀ

ਗੁਰਾਇਆ (ਮੁਨੀਸ਼ ਬਾਵਾ) - ਨੇੜਲੇ ਪਿੰਡ ਧੁਲੇਤਾ ਦੇ ਮੁੱਹਲਾ ਰਵਿਦਾਸ ਨਗਰ ਦੇ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਇਲਾਕੇ ਦਾ ਗੰਦਾ ਪਾਣੀ ਗਲੀਆਂ 'ਚ ਖੜ੍ਹਾ ਹੋਣ ਦੇ ਨਾਲ-ਨਾਲ ਲੋਕਾਂ ਦੇ ਘਰਾਂ ਅੰਦਰ ਵੀ ਦਾਖਲ ਹੋ ਰਿਹਾ ਹੈ, ਜਿਸ 'ਚ ਬੱਚੇ, ਔਰਤਾਂ ਅਤੇ ਬਜ਼ੁਰਗ ਡਿੱਗ ਕੇ ਜ਼ਖਮੀ ਹੋ ਚੁੱਕੇ ਹਨ। ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਪਾਰਟੀ ਦਾ ਆਗੂ ਉਨ੍ਹਾਂ ਦੀ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਪਿੰਡ ਦੀ ਸਥਿਤੀ ਤਨਾਅਪੂਰਨ ਬਣੀ ਹੋਈ ਹੈ। ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਤੀਰਥ ਰਾਮ, ਅਮਰਜੀਤ ਕੈਲੇ, ਸਾਬਕਾ ਪੰਚ ਦਲਵੀਰੋ ਨੇ ਕਿਹਾ ਕਿ ਮੁਹੱਲੇ ਦਾ ਛੱਪੜ ਉਵਰਫਲੋ ਹੋਣ ਕਾਰਨ ਉਨ੍ਹਾਂ ਨੂੰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲਾਂ ਇਹ ਪਾਣੀ ਖੇਤਾਂ 'ਚ ਚਲਾ ਜਾਂਦਾ ਸੀ ਪਰ ਸਰਕਾਰੀ ਰਸਤੇ ਨੂੰ ਕੁਝ ਲੋਕਾਂ ਨੇ ਮਿੱਟੀ ਦਾ ਬੰਨ ਬਣਾ ਕੇ ਬੰਦ ਕਰ ਦਿੱਤਾ, ਜਿਸ ਕਾਰਨ ਇਹ ਪਾਣੀ ਉਨ੍ਹਾਂ ਦੀਆਂ ਗਲੀਆਂ 'ਚ ਆ ਜਾਂਦਾ ਹੈ। ਗੰਦੇ ਪਾਣੀ ਕਾਰਨ ਪਿੰਡ 'ਚ ਮਹਾਮਾਰੀ ਫੈਲਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ ਹੈ ਅਤੇ ਉਨ੍ਹਾਂ ਦੀ ਧਰਮਸ਼ਾਲਾ ਦੇ ਬਾਹਰ ਗੰਦਾ ਪਾਣੀ ਦੀ ਗੰਦਗੀ ਵੱਡੀ ਮਾਤਰਾ 'ਚ ਪਈ ਹੈ, ਜਿਸ ਕਾਰਨ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹ ਪਿੰਡ ਦੇ ਸਰਪੰਚ, ਸਾਂਸਦ ਚੌਧਰੀ ਸੰਤੋਖ ਸਿੰਘ, ਹਲਕਾ ਇੰਚਾਰਜ ਵਿਕਰਮਜੀਤ ਸਿੰਘ ਦੇ ਨੋਟਿਸ 'ਚ ਕਈ ਬਾਰ ਇਸ ਸਮੱਸਿਆ ਨੂੰ ਲੈ ਕੇ ਆਏ ਹਨ ਪਰ ਕਿਸੇ ਨੇ ਕੁਝ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਨੇ ਇਸ ਸਮੱਸਿਆ ਦਾ ਹਲ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ 'ਚ ਸੜਕਾਂ 'ਤੇ ਪ੍ਰਦਰਸ਼ਨ ਕਰਨ ਲਈ ਉਤਰ ਜਾਣਗੇ, ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


author

rajwinder kaur

Content Editor

Related News