ਸਿਵਲ ਹਸਪਤਾਲ ਦੇ ਵਿਗੜੇ ਹਾਲਾਤ, AC ਠੀਕ ਕਰਵਾਉਣ ਤਕ ਲਈ  ਨਹੀਂ ਪੈਸੇ

06/27/2022 3:24:22 PM

ਜਲੰਧਰ (ਸ਼ੋਰੀ)-ਸੂਬੇ ਦਾ ਸਭ ਤੋਂ ਵੱਡਾ ਜਲੰਧਰ ਦਾ ਸਿਵਲ ਹਸਪਤਾਲ ਇਨ੍ਹੀਂ ਦਿਨੀਂ ਬਾਕੀ ਸਰਕਾਰੀ ਹਸਪਤਾਲਾਂ ਤੋਂ ਪੱਛੜਦਾ ਜਾ ਰਿਹਾ ਹੈ। ਇਸ ਕਾਰਨ ਜਿਥੇ ਮਰੀਜ਼ਾਂ ਦੇ ਨਾਲ-ਨਾਲ ਸਟਾਫ ਤੱਕ ਦੁਖੀ ਹੋਣਾ ਸ਼ੁਰੂ ਹੋ ਗਿਆ ਹੈ। ਹਸਪਤਾਲ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਫੰਡ ਨਾ ਹੋਣ ਕਾਰਨ ਸਟਾਫ ਨੂੰ ਆਪਣੀ ਜੇਬ ’ਚੋਂ ਪੈਸੇ ਖਰਚ ਕਰਨੇ ਪੈ ਰਹੇ ਹਨ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਿਵਚ ਸਟਾਫ ਨਰਸਾਂ ਦੇ ਕਮਰੇ ਿ’ਚ ਲੱਗੇ ਏ. ਸੀ. ਦੀ ਸਰਵਿਸ ਨਾ ਹੋਣ ਕਾਰਨ ਸਟਾਫ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸਟਾਫ ਨੇ ਵਾਰ-ਵਾਰ ਇਸ ਬਾਬਤ ਮੈਡੀਕਲ ਸੁਪਰਡੈਂਟ ਆਫਿਸ ਵਿਚ ਕਿਹਾ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਇਸ ਕਾਰਨ ਸਟਾਫ ਨੇ ਖੁਦ ਲੱਗਭਗ 3500 ਰੁਪਏ ਖਰਚ ਕੇ ਆਪਣੇ ਕਮਰੇ ਦਾ ਏ. ਸੀ. ਰਿਪੇਅਰ ਕਰਵਾਇਆ। ਸਟਾਫ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਨਾਲ ਭੇਦਭਾਵ ਹੋ ਰਿਹਾ ਹੈ। ਡਾਕਟਰਜ਼ ਰੂਮ ਦਾ ਵੀ ਇਹੀ ਹਾਲ ਹੈ ਅਤੇ ਇਕ ਡਾਕਟਰ ਨੇ ਆਪਣੀ ਜੇਬ ਵਿਚੋਂ ਪੈਸੇ ਖਰਚ ਕਰ ਕੇ ਏ. ਸੀ. ਠੀਕ ਕਰਵਾਇਆ। ਹੁਣ ਸੋਚਣ ਵਾਲੀ ਗੱਲ ਹੈ ਕਿ ਇਹ ਹਾਲਾਤ ਜੇਕਰ ਿਸਵਲ ਹਸਪਤਾਲ ਿਵਚ ਪੈਦਾ ਹੋਣਾ ਸ਼ੁਰੂ ਹੋ ਗਏ ਤਾਂ ਖਰਾਬ ਮਸ਼ੀਨਰੀ ਨੂੰ ਠੀਕ ਕਰਵਾਉਣ ਲਈ ਡਾਕਟਰਾਂ ਅਤੇ ਸਟਾਫ ਨੂੰ ਆਪਣੀ ਤਨਖਾਹ ਵਿਚੋਂ ਪੈਸੇ ਖਰਚ ਕਰਨੇ ਪੈਣਗੇ, ਜੋ ਕਿ ਸਰਕਾਰ ਲਈ ਸ਼ਰਮਨਾਕ ਗੱਲ ਹੈ।

PunjabKesari

 ਕੰਡਮ ਸਾਮਾਨ ਦੀ ਨੀਲਾਮੀ ਤੋਂ ਆ ਸਕਦੇ ਹਨ ਲੱਖਾਂ ਰੁਪਏ
ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਵੱਲੋਂ ਫੰਡ ਨਾ ਆਉਣ ਕਾਰਨ ਹਸਪਤਾਲ ਵਿਚ ਜੋ ਸੁਧਾਰ ਹੋਣੇ ਚਾਹੀਦੇ ਹਨ, ਉਹ ਨਹੀਂ ਹੋ ਰਹੇ। ‘ਜਗ ਬਾਣੀ’ ਦੀ ਟੀਮ ਨੇ ਸਿਵਲ ਹਸਪਤਾਲ ਦੀ ਬੇਸਮੈਂਟ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਹਸਪਤਾਲ ਦੇ ਪੁਰਾਣੇ ਲੋਹੇ ਦੇ ਕੰਡਮ ਬੈੱਡ, ਪਾਣੀ ਵਾਲਾ ਕੂਲਰ, ਅਲਮਾਰੀਆਂ, ਕੁਰਸੀਆਂ ਆਦਿ ਬੈਸਮੈਂਟ ਦੀ ਸ਼ੋਭਾ ਵਧਾ ਰਹੀਆਂ ਹਨ। ਜੇਕਰ ਅਧਿਕਾਰੀ ਇਸ ਸਾਮਾਨ ਦੀ ਨਿਲਾਮੀ ਕਰਵਾਉਣ ਤਾਂ ਲੱਖਾਂ ਰੁਪਏ ਹਸਪਤਾਲ ਦੇ ਫੰਡ ਿਵਚ ਆ ਸਕਦੇ ਹਨ ਪਰ ਕੲੀ ਸਾਲਾਂ ਤੋਂ ਕੰਡਮ ਸਾਮਾਨ ਜੰਗ ਲੱਗਣ ਕਾਰਨ ਖਰਾਬ ਹੋ ਰਿਹਾ ਹੈ ਅਤੇ ਕਿਸੇ ਵੀ ਅਧਿਕਾਰੀ ਨੇ ਇਥੇ ਦੌਰਾ ਕਰ ਕੇ ਇਹ ਚੈੱਕ ਕਰਨਾ ਮੁਨਾਸਿਬ ਨਹੀਂ ਸਮਝਿਆ।

 ਗੰਦਗੀ ਫੈਲਾਉਣ ’ਚ ਲੋਕ ਵੀ ਪਿੱਛੇ ਨਹੀਂ
ਸਿਵਲ ਹਸਪਤਾਲ ਨੂੰ ਲੋਕ ਸਰਕਾਰੀ ਹਸਪਤਾਲ ਮੰਨ ਕੇ ਜਿਥੇ ਕੂੜਾ-ਕਰਕਟ ਇਮਾਰਤ ਦੀ ਛੱਤ ’ਤੇ ਸੁੱਟ ਦਿੰਦੇ ਹਨ, ਜੋ ਕਿ ਕਾਫੀ ਸਮੇਂ ਤੱਕ ਉਥੇ ਪਿਆ ਰਹਿੰਦਾ ਹੈ। ਸਾਫ-ਸਫਾਈ ਨਾ ਹੋਣ ਕਾਰਨ ਕੂੜੇ ਵਿਚੋਂ ਬਦਬੂ ਪੈਦਾ ਹੋਣ ਦੇ ਨਾਲ-ਨਾਲ ਮੱਛਰ ਵੀ ਭਿਣਕਦੇ ਹਨ। ਹਸਪਤਾਲ ਵਿਚ ਸਫਾਈ ਕਰਨ ਵਾਲੇ ਸਟਾਫ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਹਸਪਤਾਲ ਿਵਚ ਸਫਾਈ ਤਾਂ ਕਰਦੇ ਹਨ ਪਰ ਸਟਾਫ ਘੱਟ ਹੋਣ ਕਾਰਨ ਕਈ ਹਿੱਸਿਆਂ ਿਵਚ ਸਫਾਈ ਰਹਿ ਜਾਂਦੀ ਹੈ ਪਰ ਉਲਟਾ ਕੁਝ ਲੋਕ ਜੋ ਮਰੀਜ਼ਾਂ ਦੇ ਨਾਲ ਹਸਪਤਾਲ ਿਵਚ ਆਉਂਦੇ ਹਨ, ਉਹ ਕੂੜਾ-ਕਰਕਟ ਡਸਟਬਿਨ ਵਿਚ ਸੁੱਟਣ ਦੀ ਬਜਾਏ ਜ਼ਮੀਨ ’ਤੇ ਸੁੱਟ ਦਿੰਦੇ ਹਨ। ਕੀ ਲੋਕਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਹਸਪਤਾਲ ਿਵਚ ਸਾਫ-ਸਫਾਈ ਵੱਲ ਧਿਆਨ ਦੇਣ? ਪ੍ਰਾਈਵੇਟ ਹਸਪਤਾਲਾਂ ਿਵਚ ਲੋਕ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।

 ਖਸਤਾਹਾਲ ਪਖਾਨਿਆਂ ਨੂੰ ਠੀਕ ਕਰਵਾਉਣ ਦੀ ਬਜਾਏ ਕਰ ਦਿੱਤਾ ਬੰਦ
ਉਂਝ ਤਾਂ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਹਨ ਿਕ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਦੀ ਡਲੀਵਰੀ ਮੁਫਤ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੀਆਂ ਸਹੂਲਤਾਂ ਹਸਪਤਾਲ ਵਿਚ ਮਿਲ ਰਹੀਆਂ ਹਨ ਪਰ ਸਿਵਲ ਹਸਪਤਾਲ ਦਾ ਦੌਰਾ ਕਰਨ ਤੋਂ ਬਾਅਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਦਿਸੀ। ‘ਜਗ ਬਾਣੀ’ ਦੀ ਟੀਮ ਨੇ ਚੈਕਿੰਗ ਦੌਰਾਨ ਦੇਖਿਆ ਕਿ ਜੱਚਾ -ਬੱਚਾ ਹਸਪਤਾਲ ਿਵਚ ਗਰਭਵਤੀ ਔਰਤਾਂ ਲਈ ਬਣੇ ਪਖਾਨਿਆਂ ਦੇ ਅੱਗੇ ਲੋਹੇ ਦਾ ਗੇਟ ਲਾ ਕੇ ਉਨ੍ਹਾਂ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੀਵਰੇਜ ਬੰਦ ਹੋਣ ਕਾਰਨ ਪਖਾਨਿਆਂ ਨੂੰ ਬੰਦ ਕੀਤਾ ਿਗਆ ਹੈ, ਜੋ ਸ਼ਾਇਦ ਅਗਲੀ ਸਰਕਾਰ ਬਣਨ ’ਤੇ ਹੀ ਖੁੱਲ੍ਹੇਗਾ। ਇਸ ਕਾਰਨ ਗਰਭਵਤੀ ਔਰਤਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
 


Manoj

Content Editor

Related News