ਪਾਬੰਦੀ ਦੇ ਬਾਵਜੂਦ ਵੀ ਕਣਕ ਦੀ ਰਹਿੰਦ-ਖੂੰਹਦ ਨੂੰ ਲਾਈ ਜਾ ਰਹੀ ਹੈ ਅੱਗ

05/13/2019 1:12:32 AM

ਸੁਲਤਾਨਪੁਰ ਲੋਧੀ, (ਧੀਰ)- ਬੀਤੇ ਕਈ ਸਾਲਾਂ ਤੋਂ ਵਾਤਾਵਰਣ ਮਾਹਿਰਾਂ ਤੇ ਸਰਕਾਰ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਤੇ ਵੱਖ-ਵੱਖ ਬੀਮਾਰੀਆਂ ਤੇ ਸੰਭਾਵਤ ਖਤਰਿਆਂ ਨੂੰ ਦੇਖਦੇ ਹੋਏ ਕਣਕ ਦੀ ਰਹਿੰਦ-ਖੂੰਹਦ (ਨਾਡ਼/ਪਰਾਲੀ) ਨੂੰ ਅੱਗ ਨਾ ਲਾਉਣ ਦੀਆਂ ਅਪੀਲਾਂ ਵੀ ਹੁਣ ਤੱਕ ਬੇਅਸਰ ਸਾਬਤ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਕਣਕ ਦੀ ਵਾਢੀ ਤੇ ਤੂਡ਼ੀ ਦਾ ਸੀਜ਼ਨ ਖਤਮ ਹੁੰਦਿਆਂ ਹੀ ਖੇਤਾਂ ’ਚ ਬਾਕੀ ਦੀ ਰਹਿੰਦ-ਖੂੰਹਦ ਨੂੰ ਕਿਸਾਨਾਂ ਵੱਲੋਂ ਅੱਗ ਲਾ ਕੇ ਸਾਡ਼ਨ ਦਾ ਸਿਲਸਿਲਾ ਬਡ਼ੀ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਪਾਸੇ ਨਾ ਤਾਂ ਪ੍ਰਸ਼ਾਸਨ ਨਾ ਹੀ ਵਿਭਾਗ ਤੇ ਨਾ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੋਈ ਧਿਆਨ ਦੇਣ ਤੇ ਕਿਸਾਨਾਂ ਵੱਲੋਂ ਨਾਡ਼ ਨੂੰ ਅੱਗ ਲਾ ਕੇ ਜਿਥੇ ਕਾਨੂੰਨ ਤੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉੱਥੇ ਵਾਤਾਵਰਣ ਨੂੰ ਹੋਰ ਪ੍ਰਦੂਸ਼ਿਤ ਕਰਨ ’ਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਰੋਜ਼ਾਨਾ ਦੁਪਹਿਰ ਤੋਂ ਪਿੱਛੋਂ ਕਿਸਾਨਾਂ ਵੱਲੋਂ ਆਪੋ-ਆਪਣੇ ਖੇਤਾਂ ’ਚ ਅੱਗ ਲਾ ਕੇ ਕਣਕ ਦੇ ਨਾਡ਼ ਨੂੰ ਸਾਡ਼ੇ ਜਾਣ ਕਾਰਨ ਸ਼ਾਮ ਦੇ ਸਮੇਂ ਵਾਤਾਵਰਣ ’ਚ ਸੰਘਣਾ ਧੂੰਆ ਫੈਲ ਜਾਂਦਾ ਹੈ, ਜਿਸ ਕਾਰਨ ਜਿਥੇ ਸਾਹ ਲੈਣ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੌਰਤਲਬ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਕਣਕ ਦੀ ਨਾਡ਼ ਨੂੰ ਅੱਗ ਲਾਉਣ ’ਤੇ ਸਖਤ ਪਾਬੰਦੀ ਤੇ ਗਲਤੀ ਕਰਨ ਵਾਲੇ ਕਿਸਾਨ ਨੂੰ ਜੁਰਮਾਨਾ ਭਰਨ ਦੇ ਹੁਕਮ ਦਿੱਤੇ ਹੋਏ ਹਨ ਪਰ ਇਸਦੇ ਬਾਵਜੂਦ ਕਣਕ ਦੇ ਨਾਡ਼ ਨੂੰ ਅੱਗ ਲਾਉਣ ਦਾ ਸਿਲਸਿਲਾ ਬੇਰੋਕ ਟੋਕ ਜਾਰੀ ਹੈ।

ਖੇਤਾਂ ’ਚ ਮੱਚ ਰਹੀ ਅੱਗ ਤੇ ਉੱਡਦੀ ਸਵਾਹ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆ ਨੂੰ ਚਿਡ਼ਾ ਰਹੀ ਹੈ ਮੂੰਹ

ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾਡ਼ਨ ਨਾਲ ਵਾਤਾਵਰਣ ਖੇਤੀ ਯੋਗ ਜ਼ਮੀਨ ਤੇ ਮਨੁੱਖੀ ਸਿਹਤ ਨੂੰ ਪੈਂਦੇ ਗੰਭੀਰ ਖਤਰਿਆਂ ਤੋਂ ਜਾਣੂ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਆਪਣੀ ਸੋਖ ਤੇ ਕੁਝ ਪੈਸਿਆਂ ਦੀ ਬਚਤ ਲਈ ਇਹ ਖਤਰਨਾਕ ਰੁਝਾਨ ਪੂਰੇ ਜ਼ੋਰਾਂ ਨਾਲ ਅਪਣਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ, ਕਪੂਰਥਲਾ, ਤਲਵੰਡੀ ਚੌਧਰੀਆਂ ਮੁੱਖ ਸਡ਼ਕ ਦੇ ਨਾਲ-ਨਾਲ ਖੇਤਾਂ ’ਚ ਮੱਚ ਰਹੀ ਅੱਗ ਤੇ ਉੱਡ ਰਹੀ ਸਵਾਹ ਉੱਚ ਅਫਸਰਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮੂੰਹ ਚਿਡ਼ਾ ਰਹੀ ਜਾਪਦੀ ਹੈ।

ਜ਼ਮੀਨ ਦੀ ਉਪਜਾਊ ਸ਼ਕਤੀ ਵੀ ਹੁੰਦੀ ਹੈ ਘੱਟ

ਕਿਸਾਨਾਂ ਵੱਲੋਂ ਅੱਗ ਲਾਉਣ ਨਾਲ ਜਿਥੇ ਵਾਤਾਵਰਣ ’ਚ ਲੱਖਾਂ ਟਨ ਧੂੰਆ ਫੈਲ ਰਿਹਾ ਹੈ, ਦਰੱਖਤ ਤੇ ਪੰਛੀ ਝੁਲਸ ਰਹੇ ਹਨ, ਉੱਥੇ ਕਿਸਾਨਾਂ ਦੀ ਕੀਮਤੀ ਜ਼ਮੀਨ ਦੀ ਉਪਰਲੀ ਉਪਜਾਊ ਪਰਤ ਅੱਗ ਦੇ ਸੇਕ ਨਾਲ ਭੁੱਜ ਕੇ ਬੰਜਰ ਬਣ ਰਹੀ ਹੈ, ਜਿਸਦਾ ਅਸਰ ਫਸਲਾਂ ਦੇ ਝਾਡ਼ ਉੱਪਰ ਪੈ ਰਿਹਾ ਹੈ। ਵਾਤਾਵਰਣ ਪ੍ਰਦੂਸ਼ਣ ਹੋਣ ਕਾਰਨ ਬੇਮੌਸਮੀ ਮੀਂਹ, ਹਨੇਰੀ, ਝੱਖਡ਼ ਤੇ ਗਡ਼ਿਆਂ ਕਾਰਨ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਵਜੋਂ ਵੀ ਉਠਾਉਣਾ ਪੈਂਦਾ ਹੈ, ਜਿਸ ਪਾਸੇ ਕਿਸਾਨਾਂ ਦਾ ਕੋਈ ਧਿਆਨ ਨਹੀ ਹੈ।

ਨਾਡ਼ ਨੂੰ ਅੱਗ ਲਾਉਣਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ : ਕਿਸਾਨ

ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾਡ਼ਨ ਦੇ ਖਤਰਿਆਂ ਨੂੰ ਜਾਣਦਿਆਂ ਹੋਇਆਂ ਵੀ ਇਹ ਰੁਝਾਨ ਜਾਰੀ ਰੱਖਣ ਸਬੰਧੀ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਬਲਕਾਰ ਸਿੰਘ, ਹਰਨਾਮ ਸਿੰਘ, ਬਚਿੱਤਰ ਸਿੰਘ, ਗੁਰਨਾਮ ਸਿੰਘ, ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਨਾਡ਼ ਨੂੰ ਅੱਗ ਲਾਉਣਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ। ਜੇਕਰ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਨਾ ਸਾਡ਼ਿਆ ਜਾਵੇ ਤਾਂ ਖੇਤ ਨੂੰ ਬੀਜਣ ਯੋਗ ਬਣਾਉਣ ਲਈ ਘੱਟੋ-ਘੱਟ ਤਿੰਨ ਵਾਰ ਟ੍ਰੈਕਟਰ ਨਾਲ ਵਾਹੁਣਾ ਪੈਂਦਾ ਹੈ, ਜਿਸ ਉੱਪਰ 400 ਤੋਂ ਲੈ ਕੇ 500 ਰੁਪਏ ਪ੍ਰਤੀ ਏਕਡ਼ ਖਰਚ ਆਉਂਦਾ ਹੈ ਜੋ ਕਿ ਅਜੋਕੀ ਮੰਦੀ ਦੇ ਦੌਰ ਝੱਲ ਰਹੇ ਕਿਸਾਨਾਂ ਦੇ ਵੱਸ ਦਾ ਰੋਗ ਨਹੀਂ ਹੈ।

ਵੋਟਾਂ ਦੀ ਰਾਜਨੀਤੀ ਬਣ ਜਾਂਦੀ ਹੈ ਰੁਕਾਵਟ : ਸੰਤ ਸੀਚੇਵਾਲ

ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਕੋਈ ਵੀ ਕਾਨੂੰਨ ਨੂੰ ਲਾਗੂ ਕਰਨ ’ਚ ਪਹਿਲਾ ਸਰਕਾਰ, ਫਿਰ ਅਫਸਰਸ਼ਾਹੀ ਤੇ ਫਿਰ ਪ੍ਰਸ਼ਾਸਨ ਦਾ ਅਹਿਮ ਰੋਲ ਅਦਾ ਹੁੰਦਾ ਹੈ ਪ੍ਰੰਤੂ ਬਦਕਿਸਮਤੀ ਨਾਲ ਇਹ ਸਾਰੇ ਆਪਣੇ ਕੰਮਾਂ ’ਚ ਫੇਲ ਸਾਬਤ ਹੋਏ ਹਨ। ਸਰਕਾਰ ਨੂੰ ਰਾਜਨੀਤੀ ਕਾਰਣ, ਆਪਣੀ ਵੋਟਾਂ ਕਾਰਨ, ਅਫਸਰਸ਼ਾਹੀ ਨੂੰ ਆਪਣੀ ਨੌਕਰੀ ਕਾਰਨ ਤੇ ਪ੍ਰਸ਼ਾਸਨ ਇਨ੍ਹਾਂ ਦਾ ਹੁਕਮ ਮੰਨਣ ਦੀ ਮਜਬੂਰੀ ਕਾਰਨ ਅੱਜ ਵਾਤਾਵਰਣ ’ਚ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਜ਼ਹਿਰ ਘੋਲਿਆ ਜਾ ਰਿਹਾ ਹੈ, ਜਿਸ ਨਾਲ ਅਸੀਂ ਆਪਣੇ ਹੱਥੀਂ ਆਉਣ ਵਾਲੀ ਨੌਜਵਾਨ ਪੀਡ਼੍ਹੀ ਨੂੰ ਬੀਮਾਰੀਆਂ ਦੀ ਸੌਗਾਤ ਦੇ ਰਹੇ ਹਾਂ।

ਰਹਿੰਦ ਖੂੰਹਦ ਨੂੰ ਅੱਗ ਲਾਉਣਾ ਹੈ ਗੈਰ-ਕਾਨੂੰਨੀ : ਡੀ. ਸੀ.

ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ ਨੇ ਕਿਹਾ ਕਿ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣਾ ਗੈਰ-ਕਾਨੂੰਨੀ ਹੈ, ਜਿਸ ਨੂੰ ਰੋਕਣ ਵਾਸਤੇ ਅਸੀਂ ਟੀਮਾਂ ਵੀ ਬਣਾਈਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਪਰ ਜੇ ਫਿਰ ਵੀ ਕਿਸੇ ਕਿਸਾਨਾਂ ਨੇ ਹੁਕਮਾਂ ਦੀ ਉਲੰਘਣਾ ਕੀਤੀ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।


Bharat Thapa

Content Editor

Related News