ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਸਬੰਧੀ ਸਰਕਾਰ ਦੇ ਨਾਮ ਡੀ. ਸੀ. ਨੂੰ ਦਿੱਤਾ ਮੰਗ ਪੱਤਰ
Thursday, Jun 18, 2020 - 02:24 PM (IST)

ਹੁਸ਼ਿਆਰਪੁਰ (ਅਮਰੀਕ)— ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਨੂੰ ਲੈ ਕੇ ਜਿੱਥੇ ਪਿਛਲੇ ਲਗਭਗ 3 ਮਹੀਨਿਆਂ ਤੋਂ ਦੇਸ਼ 'ਚ ਤਾਲਾਬੰਦੀ ਲੱਗੀ ਹੈ, ਜਿਸ ਦੇ ਕਾਰਨ ਲੋਕਾਂ ਦੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਰਕਾਰ ਵੱਲੋਂ ਕੁਝ ਸ਼ਰਤਾਂ ਸਮੇਤ ਹੁਣ ਵਪਾਰਕ ਅਦਾਰੇ ਖੋਲ੍ਹਣ ਦੀ ਛੋਟ ਵੀ ਦਿੱਤੀ ਗਈ ਹੈ ਪਰ ਸਰਕਾਰ ਵੱਲੋਂ ਕੋਚਿੰਗ ਸੈਂਟਰਾਂ, ਕੰਪਿਊਟਰ ਸੈਂਟਰਾਂ ਅਤੇ ਆਈਲੈਟਸ ਸੈਂਟਰਾਂ ਨੂੰ ਖੋਲ੍ਹਣ ਬਾਰੇ ਅਜੇ ਤੱਕ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਇਸੇ ਕਰਕੇ ਇਨ੍ਹਾਂ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ।
ਜਿਸ ਦੇ ਚਲਦੇ ਅੱਜ ਗੜ੍ਹਸ਼ੰਕਰ ਵਿਖੇ ਉਕਤ ਸਮੂਹ ਸੈਂਟਰਾਂ ਦੇ ਮਾਲਕਾਂ ਵੱਲੋਂ ਕੋਚਿੰਗ ਸੈਂਟਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਾਮ 'ਤੇ ਐੱਸ. ਡੀ. ਐੱਮ ਗੜ੍ਹਸ਼ੰਕਰ ਹਰਬੰਸ ਸਿੰਘ ਨੂੰ ਮੰਗ ਪੱਤਰ ਦਿੱਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਵੀ ਸ਼ਰਤਾਂ ਸਮੇਤ ਸੈਂਟਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਦੀ ਸਰਕਾਰ ਸਾਨੂੰ ਇਜਾਜ਼ਤ ਦੇਵੇ। ਸਾਡੇ ਵੱਲੋਂ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
ਸੈਂਟਰ ਮਾਲਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੈਂਟਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਸੈਂਟਰਾਂ ਦਾ ਕਿਰਾਇਆ, ਬਿਜਲੀ ਦੇ ਬਿੱਲ, ਬੈਂਕਾਂ ਦੀਆਂ ਕਿਸ਼ਤਾਂ ਅਤੇ ਸਟਾਫ਼ ਨੂੰ ਤਨਖ਼ਾਹ ਦੇਣ 'ਚ ਅਸਮਰੱਥ ਹਨ, ਜਿਸ ਕਾਰਨ ਸੈਂਟਰਾਂ ਵਾਲੇ ਦਿਮਾਗੀ ਤੌਰ 'ਤੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋਣ ਦੇ ਕੰਢੇ 'ਤੇ ਹਨ। ਕੋਚਿੰਗ ਸੈਂਟਰਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਤਕਰੀਬਨ 18 ਸਾਲ ਤੋਂ ਵੱਧ ਦੇ ਹੀ ਵਿਧਿਆਰਥੀ ਆਉਂਦੇ ਹਨ, ਜੋ ਕਿ ਸਰਕਾਰ ਦੀਆਂ ਹਦਾਇਤਾਂ ਦਾ ਪੁਰੀ ਤਰ੍ਹਾਂ ਪਾਲਣ ਕਰ ਸਕਦੇ ਹਨ। ਇਸ ਮੌਕੇ ਕੋਚਿੰਗ ਸੈਂਟਰਾਂ ਨੇ ਇਹ ਵੀ ਭਰੋਸਾ ਦਿਵਾਇਆ ਹੈ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਪੂਰਾ ਪਾਲਣ ਕਰਨਗੇ।