ਸਿਹਤ ਤੇ ਵਾਤਾਵਰਣ ਦੇ ਬਚਾਅ ਲਈ ਝੋਨੇ ਦੀ ਪਰਾਲੀ ਨੂੰ ਨਾ ਲਗਾਈ ਜਾਵੇ ਅੱਗ: ਅਪਨੀਤ ਰਿਆਤ

10/02/2020 12:57:02 PM

ਹੁਸ਼ਿਆਰਪੁਰ— ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਰੋਨਾ ਵਾਇਰਸ ਅਤੇ ਝੋਨੇ ਦੀ ਪਰਾਲੀ ਨੂੰ ਲੱਗੀ ਅੱਗ ਨਾਲ ਉੱਠਣ ਵਾਲਾ ਧੂਆ ਦੋਵੇਂ ਹੀ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਤੌਰ 'ਤੇ ਯਤਨ ਕਰਕੇ ਇਨ੍ਹਾਂ ਦੋਹਾਂ ਤੋਂ ਬਚਣਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਗਾਈਡਲਾਈਨਸ ਦੀ ਪਾਲਣਾ ਕਰਨੀ ਜ਼ਰੂਰੀ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ 'ਤੇ ਹਫ਼ਤਾਵਰੀ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਜਦੋਂ ਤੱਕ ਕੋਰੋਨਾ ਦੀ ਕੋਈ ਵੈਕਸੀਨ ਨਹੀਂ ਆ ਜਾਂਦੀ ਉਦੋਂ ਤੱਕ ਲੋਕ ਕੋਰੋਨਾ ਤੋਂ ਬਚਾਅ ਸਬੰਧੀ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰਨ ਤਾਂ ਹੀ ਇਸ ਲਾਗ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:  ਰਾਹੁਲ ਗਾਂਧੀ ਦੇ 'ਪੰਜਾਬ ਦੌਰੇ' 'ਚ ਫਿਰ ਫੇਰਬਦਲ, ਨਵੀਆਂ ਤਾਰੀਖ਼ਾਂ ਦਾ ਐਲਾਨ

ਡਿਪਟੀ ਕਮਿਸ਼ਨਰ ਨੇ ਕੋਵਿਡ ਸਬੰਧੀ ਜ਼ਿਲ੍ਹੇ ਦੀ ਤਾਜਾ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ 'ਚ 16 ਹਾਟ ਸਪਾਟ, 1 ਕੰਟੇਨਮੈਂਟ ਜ਼ੋਨ ਅਤੇ 1 ਮਾਈਲੂਕ੍ਰੋ ਕੰਟੇਨਮੈਂਟ ਜੋਨ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇਕ ਹਫ਼ਤੇ ਦੌਰਾਨ ਜ਼ਿਲ੍ਹੇ 'ਚ ਟੈਸਟਿੰਗ ਵੱਧਣ ਦੇ ਬਾਵਜੂਦ ਵੀ ਪਾਜ਼ੀਟਿਵ ਮਾਮਲਿਆਂ 'ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ, ਉਨ੍ਹਾਂ 'ਚ ਜ਼ਿਆਦਾਤਰ ਮਰੀਜ ਗੰਭੀਰ ਬੀਮਾਰੀਆਂ ਤੋਂ ਪੀੜਤ ਅਤੇ ਕਾਫੀ ਬਜ਼ੁਰਗ ਸਨ। ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਦੀਆਂ 40 ਟੀਮਾਂ ਵੱਲੋਂ ਫੈਕਟਰੀਆਂ, ਸੇਵਾ ਕੇਂਦਰਾਂ, ਸਕੂਲ ਦੇ ਅਧਿਆਪਕਾਂ, ਪਿੰਡਾਂ ਆਦਿ 'ਚ ਜਾ ਕੇ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਮਿਸ਼ਨ ਫਤਿਹ ਤਹਿਤ ਘਰੇਲੂ ਇਕਾਂਤਵਾਸ ਪਾਜ਼ੀਟਿਵ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਹੈਲਥ ਕਿੱਟ ਬਾਰੇ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਿੱਟ ਘਰੇਲੂ ਇਕਾਂਤਵਾਸ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ 'ਚ ਕਰੀਬ 18 ਵਸਤੂਆਂ ਹਨ, ਜਿਸ 'ਚ ਮਾਸਕ, ਸੈਨੇਟਾਈਜ਼ਰ, ਆਕਸੀਮੀਟਰ, ਸਟੀਮਰ, ਦਵਾਈਆਂ ਆਦਿ ਸ਼ਾਮਲ ਹਨ। ਇਸ ਕਿੱਟ 'ਚ ਇਕ ਪੈਂਫਲੇਟ ਵੀ ਦਿੱਤਾ ਗਿਆ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਕਿਸ ਵਸਤੂ ਦਾ ਕਿਸ ਤਰ੍ਹਾਂ, ਕਦੋਂ ਪ੍ਰਯੋਗ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਜਨਤਾ ਦੇ ਸਹਿਯੋਗ ਨਾਲ ਜਲਦ ਹੀ ਇਸ ਬੀਮਾਰੀ 'ਤੇ ਕਾਬੂ ਪਾ ਲਵੇਗਾ।

ਇਹ ਵੀ ਪੜ੍ਹੋ: ਪਾਣੀ ਦੇ ਟੈਂਕ ਦੀ ਸਫ਼ਾਈ ਕਰਦੇ ਚਾਚੇ-ਭਤੀਜੇ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ

ਅਪਨੀਤ ਰਿਆਤ ਨੇ ਇਸ ਦੌਰਾਨ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਅਸੀਂ ਕੋਰੋਨਾ ਨਾਲ ਜੂਝ ਰਹੇ ਹਾਂ ਜੋ ਕਿ ਸਾਡੇ ਫੇਫੜਿਆਂ 'ਤੇ ਸਿੱਧਾ ਅਸਰ ਕਰਦੀ ਹੈ ਅਤੇ ਪਰਾਲੀ ਜਲਾਉਣ ਨਾਲ ਹੋਣ ਵਾਲਾ ਧੂੰਆ ਵੀ ਸਾਡੇ ਫੇਫੜਿਆਂ 'ਤੇ ਹੀ ਮਾੜਾ ਪ੍ਰਭਾਵ ਪਾਉਂਦਾ ਹੈ। ਇਸ ਲਈ ਪ੍ਰਦੂਸ਼ਣ ਅਤੇ ਕੋਰੋਨਾ ਨੂੰ ਰੋਕਣ ਲਈ ਸਾਨੂੰ ਪਰਾਲੀ ਜਲਾਉਣ ਤੋਂ ਬਚਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਸਿਹਤਮੰਦ ਸਮਾਜ ਦਾ ਨਿਰਮਾਣ ਕਰਨਾ ਸਾਡਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਕਟਾਈ ਦੇ ਨਾਲ-ਨਾਲ ਝੋਨੇ ਦੀ ਰਹਿੰਦ-ਖੂੰਹਦ ਨੂੰ ਵੀ ਅੱਗ ਲਗਾਉਣ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਅਤੇ ਕੰਬਾਈਨ ਮਾਲਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬਿਨ੍ਹਾਂ ਸੁਪਰ ਐਸ.ਐਮ.ਐਸ ਲਗਾਈ ਕੰਬਾਈਨ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਇਸਦੀ ਉਲੰਘਣਾ ਕਰਨ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ  ਜਾਵੇਗੀ।

ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਟਾਂਡਾ ਦਾ ਫ਼ੌਜੀ ਨੌਜਵਾਨ ਸ਼ਹੀਦ, ਸਦਮੇ 'ਚ ਡੁੱਬਾ ਪਰਿਵਾਰ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ 'ਚ ਝੋਨੇ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਾਲ ਜ਼ਿਲ੍ਹੇ ਵਿੱਚ 4,41,576 ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਸੰਭਾਵਨਾ ਹੈ ਅਤੇ ਜ਼ਿਲ੍ਹੇ ਵਿੱਚ 80 ਮੰਡੀਆਂ ਵਿੱਚ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ, ਆੜਤੀਆਂ ਨੂੰ ਕੋਵਿਡ ਦੇ ਮੱਦੇਨਜ਼ਰ ਮੰਡੀਆਂ ਵਿੱਚ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਖਾਸ ਕਰਕੇ ਇਕ ਦੂਜੇ ਤੋਂ ਬਣਦੀ ਦੂਰੀ, ਮਾਸਕ ਪਹਿਨਣਾ ਅਤੇ ਹੋਰ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਸਬੰਧੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਸੁੱਕੀ ਫ਼ਸਲ ਲਿਆਉਣ ਲਈ ਕਿਹਾ ਤਾਂ ਜੋ ਉਨ੍ਹਾਂ ਦੀ ਫ਼ਸਲ ਘੱਟ ਤੋਂ ਘੱਟ ਸਮੇਂ 'ਚ ਵਿਕ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਵੀ ਮੰਡੀਆਂ 'ਚ ਪਾਸ ਰਾਹੀਂ ਝੋਨੇ ਦੀ ਖਰੀਦ ਹੋਵੇਗੀ, ਜਿਸ ਲਈ ਜ਼ਿੰਮੀਦਾਰ ਨੂੰ ਪਾਸ ਜਾਰੀ ਕੀਤੇ ਜਾਣਗੇ ਅਤੇ ਇਕ ਪਾਸ 'ਤੇ ਇਕ ਟਰਾਲੀ ਅਤੇ ਦੋ ਲੋਕਾਂ ਦੀ ਹੀ ਐਂਟਰੀ ਹੋ ਸਕੇਗੀ।
ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ


shivani attri

Content Editor

Related News