ਬੜਿੰਗ ’ਚ ‘ਆਪ’ ਵਰਕਰ ’ਤੇ ਦਾਤਰ ਨਾਲ ਕੀਤਾ ਜਾਨਲੇਵਾ ਹਮਲਾ, ਮੁਲਜ਼ਮ ਫ਼ਰਾਰ
Saturday, Feb 10, 2024 - 04:29 PM (IST)
ਜਲੰਧਰ (ਮਹੇਸ਼)–ਬੜਿੰਗ ਵਿਚ ‘ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਲਾਏ ਗਏ ਵਿਸ਼ੇਸ਼ ਕੈਂਪ ’ਚ ‘ਆਪ’ ਵਰਕਰ ਮਹਿੰਦਰ ਸਿੰਘ ਪੁੱਤਰ ਗੁਰਚਰਨ ਿਸੰਘ ’ਤੇ ਕੁਝ ਲੋਕਾਂ ਨੇ ਦਾਤਰ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੰਭੀਰ ਰੂਪ ਵਿਚ ਜ਼ਖ਼ਮੀ ਮਹਿੰਦਰ ਸਿੰਘ ਨੂੰ ਖ਼ੂਨ ਵਿਚ ਲਥਪਥ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਮੌਜੂਦ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਡਾਕਟਰਾਂ ਨੂੰ ਕਹਿ ਕੇ ਤੁਰੰਤ ਮਹਿੰਦਰ ਸਿੰਘ ਦਾ ਇਲਾਜ ਸ਼ੁਰੂ ਕਰਵਾਇਆ। ਮਹਿੰਦਰ ਸਿੰਘ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ ਉਸ ’ਤੇ ਹਮਲਾ ਬੜਿੰਗ ਦੀ ਹੀ ਸਾਬਕਾ ਕੌਂਸਲਰ ਦੇ ਪਤੀ ਵੱਲੋਂ ਕਰਵਾਇਆ ਗਿਆ ਹੈ। ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਮਹਿੰਦਰ ਸਿੰਘ ’ਤੇ ਜਿਹੜੇ ਲੋਕਾਂ ਨੇ ਹਮਲਾ ਕੀਤਾ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਮੁਲਜ਼ਮ ਭਾਵੇਂ ਕੋਈ ਵੀ ਹੋਵੇ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
ਵਿਧਾਇਕ ਨੇ ਕਿਹਾ ਕਿ ਕਿਸੇ ਸਾਜ਼ਿਸ਼ ਤਹਿਤ ਮਹਿੰਦਰ ਿਸੰਘ ’ਤੇ ਜਨਤਾ ਦੇ ਹਿੱਤ ਵਿਚ ਲਾਏ ਗਏ ਕੈਂਪ ਵਿਚ ਹਮਲਾ ਹੋਇਆ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਅਜਿਹੀ ਘਿਨੌਣੀ ਹਰਕਤ ਕੀਤੀ ਜਾਵੇਗੀ। ਉਨ੍ਹਾਂ ਹਸਪਤਾਲ ਤੋਂ ਫੋਨ ’ਤੇ ਸਾਬਕਾ ਕੌਂਸਲਰ ਦੇ ਪਤੀ ਦੀ ਕਲਾਸ ਵੀ ਲਾਈ ਅਤੇ ਕਿਹਾ ਕਿ ਉਸ ਨੇ ਇਹ ਚੰਗਾ ਨਹੀਂ ਕੀਤਾ ਹੈ। ਏ. ਸੀ. ਪੀ. ਜਲੰਧਰ ਕੈਂਟ ਸੁਖਨਿੰਦਰ ਿਸੰਘ ਕੈਰੋਂ ਅਤੇ ਐੱਸ. ਐੱਚ. ਓ. ਕੈਂਟ ਸੰਦੀਪ ਰਾਣੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਸੱਚਾਈ ਸਾਹਮਣੇ ਆਵੇਗੀ, ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਹਰਦਿਆਲ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਨੂੰ ਡਾਕਟਰਾਂ ਵੱਲੋਂ ਅਣਫਿੱਟ ਦੱਸੇ ਜਾਣ ਕਾਰਨ ਉਸਦੇ ਅਜੇ ਬਿਆਨ ਨਹੀਂ ਹੋਏ ਹਨ। ਉਸ ਦੀ ਐੱਮ. ਐੱਲ. ਆਰ. ਦੀ ਕਾਪੀ ਪੁਲਸ ਕੋਲ ਆ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਮਸ਼ਹੂਰ ਇੰਸਟੀਚਿਊਟ ਦੇ ਪ੍ਰੋਫ਼ੈਸਰ 'ਤੇ MBA ਦੀਆਂ ਵਿਦਿਆਰਥਣਾਂ ਨੇ ਲਾਏ ਯੌਨ ਸ਼ੋਸ਼ਣ ਦੇ ਦੋਸ਼
ਮੈਂ ਕਿਸੇ ’ਤੇ ਕੋਈ ਹਮਲਾ ਨਹੀਂ ਕਰਵਾਇਆ : ਮਨੋਜ ਮਨੂ
ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ‘ਆਪ’ ਵਿਚ ਆਏ ਵਾਰਡ ਨੰਬਰ 11 ਦੀ ਸਾਬਕਾ ਮਹਿਲਾ ਕੌਂਸਲਰ ਦੇ ਪਤੀ ਮਨੋਜ ਮਨੂ ਬੜਿੰਗ ਨੇ ਕਿਹਾ ਕਿ ਮਹਿੰਦਰ ਸਿੰਘ ’ਤੇ ਹੋਏ ਹਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਸਬੰਧੀ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਮਨੂ ਨੇ ਕਿਹਾ ਕਿ ਹਮਲੇ ਦੇ ਸਮੇਂ ਉਹ ਕੈਂਟ ਵਿਚ ਮੌਜੂਦ ਨਹੀਂ ਸਨ। ਉਹ ਕਾਫ਼ੀ ਸਮਾਂ ਪਹਿਲਾਂ ਹੀ ਉਥੋਂ ਚਲੇ ਗਏ ਸਨ। ਉਹ ਆਮ ਆਦਮੀ ਪਾਰਟੀ ਦੇ ਆਗੂ ਹਨ, ਅਜਿਹੇ ਿਵਚ ਆਪਣੀ ਹੀ ਪਾਰਟੀ ਦੇ ਵਰਕਰ ’ਤੇ ਹਮਲਾ ਕਰਵਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਹੈ। ਉਹ ਇਸ ਮਾਮਲੇ ਵਿਚ ਹਰ ਜਾਂਚ ਲਈ ਤਿਆਰ ਹਨ। ਪੁਲਸ ਦੀ ਜਾਂਚ ਵਿਚ ਪੂਰੀ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ਟ੍ਰੈਫਿਕ ਪੁਲਸ ਨੇ ਫਿਰ ਕੀਤੀ ਸਖ਼ਤੀ, ‘ਨੋ ਆਟੋ ਜ਼ੋਨ’ ਨੂੰ ਲੈ ਕੇ ਆਟੋ ਚਾਲਕਾਂ ਨੂੰ ਦਿੱਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।