ਦਾਤਰ ਦਿਖਾ ਕੇ ਫੇਰੀ ਵਾਲੇ ਨੂੰ ਲੁੱਟਣ ਵਾਲੇ ਲੁਟੇਰੇ ਕਾਬੂ, ਸੀਸੀਟੀਵੀ ਫੁਟੇਜ ਦੇ ਆਧਾਰ ''ਤੇ ਹੋਈ ਪਛਾਣ
Monday, Mar 10, 2025 - 08:54 AM (IST)

ਲੁਧਿਆਣਾ (ਗੌਤਮ) : ਹੈਬੋਵਾਲ ਦੇ ਪ੍ਰੀਤਮ ਨਗਰ ’ਚ ਤੇਜ਼ਧਾਰ ਹਥਿਆਰਾਂ (ਦਾਤਰਾਂ) ਨਾਲ ਲੈਸ 4 ਵਿਅਕਤੀਆਂ ਨੇ ਇੱਕ ਸਬਜ਼ੀ ਵੇਚਣ ਵਾਲੇ (ਫੇਰੀ ਵਾਲੇ) ਨੌਜਵਾਨ ਤੋਂ ਨਕਦੀ ਤੇ ਹੋਰ ਸਾਮਾਨ ਲੁੱਟ ਲਿਆ। ਇਸ ਦਾ ਪਤਾ ਲੱਗਦਿਆਂ ਹੀ ਥਾਣਾ ਹੈਬੋਵਾਲ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਮੁਕੇਸ਼ ਕੁਮਾਰ ਵਾਸੀ ਹੈਬੋਵਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ 2 ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਰਾਜੇਸ਼ ਕੁਮਾਰ ਅਤੇ ਪਵਨ ਕੁਮਾਰ ਵਾਸੀ ਪ੍ਰੀਤਮ ਨਗਰ ਵਜੋਂ ਕੀਤੀ ਹੈ, ਜਦਕਿ 2 ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ।
ਇਹ ਵੀ ਪੜ੍ਹੋ : ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣੇ ਗੈਸ ਏਜੰਸੀਆਂ ਦੇ ਡਲਿਵਰੀ ਮੈਨ, ਡੀਲਰਾਂ ਤੇ ਕਰਿੰਦਿਆਂ ’ਚ ਖੌਫ ਦਾ ਮਾਹੌਲ
ਜਾਣਕਾਰੀ ਮੁਤਾਬਕ, ਮੁਕੇਸ਼ ਕੁਮਾਰ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। 6 ਮਾਰਚ ਦੀ ਦੁਪਹਿਰ ਨੂੰ ਉਹ ਸਬਜ਼ੀ ਵੇਚ ਕੇ ਘਰ ਵਾਪਸ ਜਾ ਰਿਹਾ ਸੀ ਅਤੇ ਜਿਵੇਂ ਹੀ ਉਹ ਮਦਰੱਸੇ ਵਾਲੀ ਗਲੀ ਕੋਲ ਪਹੁੰਚਿਆ ਤਾਂ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੈਸ 4 ਵਿਅਕਤੀਆਂ ਨੇ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 3600 ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਖੋਹ ਲਿਆ। ਜਦੋਂ ਉਸ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਲੁਟੇਰੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਜਾਂਚ ਅਧਿਕਾਰੀ ਏ. ਐੱਸ. ਆਈ. ਮੱਖਣ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਮੌਕੇ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 1150 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਮੁਲਜ਼ਮਾਂ ਦੇ ਸਾਥੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅਤੇ ਹੋਰ ਵਾਰਦਾਤਾਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8