ਔਰਤ ਦੇ ਕਤਲ ਦੇ ਦੋਸ਼ ਹੇਠ ਤਿੰਨ ਮੁਲਜ਼ਮ ਗ੍ਰਿਫ਼ਤਾਰ
Thursday, Feb 27, 2025 - 01:46 PM (IST)

ਦੌਰਾਂਗਲਾ (ਨੰਦਾ) : ਬੀਤੇ ਦਿਨੀਂ ਪਿੰਡ ਜਾਪੂਵਾਲ ਵਿਚ ਕੰਧ ਕੱਢਣ ਤੋਂ ਹੋਏ ਝਗੜੇ ਦੌਰਾਨ ਇੱਟ ਵੱਜਣ ਕਾਰਨ ਬਿਰਧ ਔਰਤ ਕ੍ਰਿਸ਼ਨਾ ਦੇਵੀ ਦੀ ਮੌਤ ਹੋ ਗਈ ਸੀ, ਉਸ ਦੇ ਕਤਲ ਦੇ ਦੋਸ਼ ਹੇਠ ਥਾਣਾ ਧਾਰੀਵਾਲ ਦੀ ਪੁਲਸ ਨੇ ਤਿੰਨ ਜਣਿਆਂ ਨੂੰ ਕਤਲ ਦੇ ਕੇਸ 'ਚ ਜਾਂਚ ਕਰਨ ਦੌਰਾਨ ਦੋਸ਼ੀ ਪਾਏ ਜਾਣ 'ਤੇ ਤਿੰਨਾਂ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਥਾਣਾ ਧਾਰੀਵਾਲ ਦੇ ਸਬ ਇੰਸਪੈਕਟਰ ਸੁਲੱਖਣ ਰਾਮ ਨੇ ਦੱਸਿਆ ਮ੍ਰਿਤਕਾ ਦੇ ਲੜਕੇ ਜਤਿੰਦਰ ਕੁਮਾਰ ਨੇ ਬਿਆਨਾਂ ਵਿਚ ਦੱਸਿਆ ਉਸਦੇ ਚਾਚਾ ਹਰਦੀਪ ਕੁਮਾਰ ਨੇ ਆਪਣੇ ਘਰ ਦੀ ਉਸਾਰੀ ਲਈ ਮਿਸਤਰੀ ਲਗਾਇਆ ਹੋਇਆ ਸੀ ਤੇ ਉਸਦਾ ਜਵਾਈ ਸੁਲੱਖਣ ਉਰਫ ਨਿੱਕਾ ਵਾਸੀ ਨੀਵਾਂ ਧਕਾਲਾ ਥਾਣਾ ਬਹਿਰਾਮਪੁਰ ਵੀ ਆ ਕੇ ਉਨ੍ਹਾਂ ਨਾਲ ਮਜ਼ਦੂਰੀ ਦਾ ਕੰਮ ਕਰਦਾ ਸੀ।
ਇਸ ਦੌਰਾਨ ਉਸਦੀ ਮਾਤਾ ਕਿਸ਼ਨਾ ਦੇਵੀ ਨੇ ਰਸੋਈ ਦੀ ਛੱਤ ਉਪਰ ਚੜ੍ਹ ਕੇ ਹਰਦੀਪ ਕੁਮਾਰ ਨੂੰ ਕਿਹਾ ਕਿ ਉਹ ਕੰਧ ਸਿੱਧੀ ਕੱਢ ਦੇਣ। ਇਸ ਸਮੇਂ ਦੌਰਾਨ ਹਰਦੀਪ ਕੁਮਾਰ ਦੇ ਜਵਾਈ ਸੁਲੱਖਣ ਨੇ ਤਿੰਨ ਇੱਟਾਂ ਥੱਲਿਉਂ ਫੜ ਕੇ ਉਸ ਦੀ ਮਾਤਾ ਕ੍ਰਿਸ਼ਨਾ ਦੇਵੀ ਦੇ ਮਾਰੀਆਂ ਜਿਸ ਦੌਰਾਨ ਇਕ ਇੱਟ ਉਸ ਦੇ ਸਿਰ ਵਿਚ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਜਤਿੰਦਰ ਕੁਮਾਰ ਦੇ ਬਿਆਨਾਂ 'ਤੇ ਹਰਦੀਪ ਕੁਮਾਰ, ਉਸਦੇ ਲੜਕੇ ਰਮਨ ਕੁਮਾਰ ਅਤੇ ਜਵਾਈ ਸੁਲੱਖਣ ਉਰਫ ਨਿੱਕਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਧਾਰੀਵਾਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਜਾਪੂਵਾਲ ਵਿਚ ਝਗੜੇ ਦੌਰਾਨ ਹੋਈ ਕ੍ਰਿਸ਼ਨਾ ਦੇਵੀ ਦੀ ਹੱਤਿਆ ਦੇ ਤਿੰਨੇ ਕਥਿਤ ਦੋਸ਼ੀਆਂ ਹਰਦੀਪ ਕੁਮਾਰ, ਉਸਦੇ ਲੜਕੇ ਰਮਨ ਕੁਮਾਰ ਅਤੇ ਜਵਾਈ ਸੁਲੱਖਣ ਉਰਫ ਨਿੱਕਾ ਨੂੰ ਪੁਲੀਸ ਨੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ।