ਹਜ਼ਾਰਾਂ ਨਾਜਾਇਜ਼ ਬਿਲਡਿੰਗਾਂ ਦੇ ਚਲਾਨ ਕੱਟ ਕੇ ਕਰੋੜਾਂ ਰੁਪਏ ਦੀ ਨਿੱਜੀ ਵਸੂਲੀ ਕਰ ਚੁੱਕੇ ਨੇ ਨਿਗਮ ਦੇ ਅਫ਼ਸਰ

09/08/2023 1:21:28 PM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਵਿਚ ਲਗਾਤਾਰ 10 ਸਾਲ ਅਕਾਲੀ-ਭਾਜਪਾ ਦਾ ਸ਼ਾਸਨ ਰਿਹਾ ਅਤੇ ਉਸ ਤੋਂ ਬਾਅਦ 5 ਸਾਲ ਕਾਂਗਰਸ ਨੇ ਰਾਜ ਕੀਤਾ। ਨਗਰ ਨਿਗਮ ਵਿਚ 15 ਸਾਲ ਦਾ ਇਹ ਕਾਰਜਕਾਲ ਨਾ ਸਿਰਫ਼ ਭ੍ਰਿਸ਼ਟਾਚਾਰ ਨਾਲ ਭਰਪੂਰ ਰਿਹਾ, ਸਗੋਂ ਇਸ ਸਮੇਂ ਦੌਰਾਨ ਉਸ ਸਮੇਂ ਦੇ ਕਈ ਅਫ਼ਸਰਾਂ ਨੇ ਖੁੱਲ੍ਹੀ ਲੁੱਟ ਮਚਾਈ। ਉਦੋਂ ਜਲੰਧਰ ਨਗਰ ਨਿਗਮ ਦਾ ਸਭ ਤੋਂ ਮਲਾਈਦਾਰ ਮਹਿਕਮਾ ਬਿਲਡਿੰਗ ਵਿਭਾਗ ਨੂੰ ਗਿਣਿਆ ਜਾਂਦਾ ਸੀ, ਜਿਸ ਦੇ ਕਈ ਅਫਸਰ ਤਾਂ ਇਕ-ਇਕ ਨਾਜਾਇਜ਼ ਬਿਲਡਿੰਗ ਤੋਂ ਲੱਖਾਂ ਰੁਪਏ ਦੀ ਵਸੂਲੀ ਕਰ ਲੈਂਦੇ ਸਨ। ਇਹ ਪੈਸਾ ਸੇਵਾਦਾਰ ਤੋਂ ਲੈ ਕੇ ਉੱਪਰੀ ਅਫਸਰਾਂ ਤਕ ਰੁਤਬੇ ਦੇ ਹਿਸਾਬ ਨਾਲ ਵੰਡਿਆ ਗਿਆ, ਜਿਸ ਕਾਰਨ ਨਾਜਾਇਜ਼ ਬਿਲਡਿੰਗਾਂ ’ਤੇ ਕਦੀ-ਕਦਾਈਂ ਹੀ ਕਾਰਵਾਈ ਹੁੰਦੀ ਸੀ।

ਖ਼ਾਸ ਗੱਲ ਇਹ ਹੈ ਕਿ ਨਗਰ ਨਿਗਮ, ਵਿਸ਼ੇਸ਼ ਕਰਕੇ ਬਿਲਡਿੰਗ ਵਿਭਾਗ ਵਿਚ ਭ੍ਰਿਸ਼ਟਾਚਾਰ ਦਾ ਸਿਲਸਿਲਾ ਅੱਜ ਵੀ ਜਾਰੀ ਹੈ ਅਤੇ ਸ਼ਹਿਰ ਵਿਚ ਇਨ੍ਹੀਂ ਦਿਨੀਂ ਵੀ ਨਾਜਾਇਜ਼ ਨਿਰਮਾਣਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਜਿਹੜੇ ਲੋਕ ਨਕਸ਼ਾ ਪਾਸ ਕਰਵਾ ਕੇ ਮਕਾਨ, ਦੁਕਾਨ ਆਦਿ ਬਣਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਜੇਬ ਗਰਮ ਕਰ ਕੇ ਨਾਜਾਇਜ਼ ਬਿਲਡਿੰਗ ਨੂੰ ਕੁਝ ਹੀ ਦਿਨਾਂ ਵਿਚ ਤਿਆਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਸ਼ਰਮਨਾਕ ਘਟਨਾ, ਕਲਯੁਗੀ ਮਤਰੇਏ ਪਿਤਾ ਨੇ 8 ਸਾਲਾ ਧੀ ਨਾਲ ਮਿਟਾਈ ਹਵਸ, ਇੰਝ ਖੁੱਲ੍ਹਿਆ ਭੇਤ

ਟਰੱਸਟ ਵਾਂਗ ਨਿਗਮ ਦੇ ਰਿਕਾਰਡ ’ਚੋਂ ਵੀ ਗੁੰਮ ਹਨ ਨਾਜਾਇਜ਼ ਨਿਰਮਾਣਾਂ ਸਬੰਧੀ ਸੈਂਕੜੇ ਫਾਈਲਾਂ
ਕੁਝ ਮਹੀਨੇ ਪਹਿਲਾਂ ਲੋਕਲ ਬਾਡੀਜ਼ ਵਿਭਾਗ ਨੇ ਪੰਜਾਬ ਦੇ ਨਗਰ ਨਿਗਮਾਂ ਵਿਚ ਥੋਕ ਪੱਧਰ ’ਤੇ ਤਬਾਦਲੇ ਕੀਤੇ ਸਨ, ਜਿਸ ਤਹਿਤ ਜਲੰਧਰ ਨਿਗਮ ਦੇ ਲਗਭਗ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬਦਲ ਕੇ ਦੂਜੇ ਸ਼ਹਿਰਾਂ ਵਿਚ ਭੇਜ ਦਿੱਤਾ ਗਿਆ ਸੀ। ਦੋਸ਼ ਲੱਗ ਰਹੇ ਹਨ ਕਿ ਅੰਮ੍ਰਿਤਸਰ ਅਤੇ ਦੂਜੇ ਸ਼ਹਿਰਾਂ ਵਿਚ ਗਏ ਬਿਲਡਿੰਗ ਵਿਭਾਗ ਦੇ ਕਈ ਅਧਿਕਾਰੀਆਂ ਨੇ ਜਲੰਧਰ ਨਿਗਮ ਦੇ ਰਿਕਾਰਡ ਵਿਚੋਂ ਕਈ ਫਾਈਲਾਂ ਨੂੰ ਹੀ ਗੁੰਮ ਕਰ ਦਿੱਤਾ ਜਾਂ ਉਨ੍ਹਾਂ ਵਿਚੋਂ ਕਈ ਮਹੱਤਵਪੂਰਨ ਦਸਤਾਵੇਜ਼ ਕੱਢ ਲਏ ਤਾਂ ਕਿ ਨਾਜਾਇਜ਼ ਨਿਰਮਾਣਾਂ ਨਾਲ ਸਬੰਧਤ ਕਈ ਘਪਲਿਆਂ ਨੂੰ ਦਬਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਦਾ ਬਿਲਡਿੰਗ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਸੀ। ਪਿਛਲੇ 4 ਸਾਲਾਂ ਦੌਰਾਨ ਤਾਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੇ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦੇ ਨਾਂ ਨਾਲ ਕਰੋੜਾਂ ਰੁਪਏ ਦੀ ਨਾਜਾਇਜ਼ ਵਸੂਲੀ ਕੀਤੀ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੁਝ ਨਹੀਂ ਕੀਤਾ, ਜਿਸ ਕਾਰਨ ਪੁਰਾਣੇ ਅਧਿਕਾਰੀਆਂ ਨੇ ਨਵੀਆਂ ਥਾਵਾਂ ’ਤੇ ਜਾ ਕੇ ਵੀ ਪੈਸੇ ਲੈਣ ਦਾ ਸਿਲਸਿਲਾ ਬੰਦ ਨਹੀਂ ਕੀਤਾ।

ਇਹ ਵੀ ਪੜ੍ਹੋ- ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਜਲੰਧਰ ਦੀ ਇਸ ਕਾਲੋਨੀ ’ਚੋਂ ਮਿਲਿਆ 3 ਮਹੀਨੇ ਦੇ ਬੱਚੇ ਦਾ ਭਰੂਣ

ਹਜ਼ਾਰਾਂ ਚਲਾਨ ਪੈਂਡਿੰਗ ਰੱਖ ਕੇ ਕਰੋੜਾਂ ਦੀ ਨਿੱਜੀ ਵਸੂਲੀ ਹੋਈ
ਜਲੰਧਰ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਪਿਛਲੇ 10-15 ਸਾਲਾਂ ਦੇ ਕਾਰਜਕਾਲ ’ਤੇ ਨਜ਼ਰ ਮਾਰੀ ਜਾਵੇ ਤਾਂ 2 ਦਰਜਨ ਦੇ ਲਗਭਗ ਅਧਿਕਾਰੀ ਹੀ ਇਸ ਵਿਭਾਗ ’ਤੇ ਵਾਰ-ਵਾਰ ਤਾਇਨਾਤ ਰਹੇ ਅਤੇ ਇਨ੍ਹਾਂ ਹੀ ਸਾਰੀਆਂ ਮਲਾਈਦਾਰ ਸੀਟਾਂ ’ਤੇ ਕੰਮ ਵੀ ਕੀਤਾ। ਸਾਬਕਾ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਬਿਲਡਿੰਗ ਵਿਭਾਗ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੇ ਗਏ ਚਲਾਨਾਂ ਦਾ ਰਿਕਾਰਡ ਤਲਬ ਕੀਤਾ ਸੀ। ਉਦੋਂ ਪਤਾ ਲੱਗਾ ਸੀ ਕਿ 2015 ਤੋਂ ਲੈ ਕੇ 2021 ਤਕ 11 ਹਜ਼ਾਰ ਤੋਂ ਜ਼ਿਆਦਾ ਨਾਜਾਇਜ਼ ਬਿਲਡਿੰਗਾਂ ਦੇ ਚਲਾਨ ਕੱਟੇ ਗਏ ਅਤੇ ਇਨ੍ਹਾਂ ਵਿਚੋਂ ਹਜ਼ਾਰਾਂ ਚਲਾਨ ਅਜੇ ਵੀ ਪੈਂਡਿੰਗ ਪਏ ਹੋਏ ਹਨ, ਜਿਨ੍ਹਾਂ ਤੋਂ ਕੋਈ ਸਰਕਾਰੀ ਵਸੂਲੀ ਨਹੀਂ ਕੀਤੀ ਗਈ। ਪਿਛਲੇ 2 ਸਾਲਾਂ ਦੇ ਚਲਾਨ ਵੀ ਅਜੇ ਤਕ ਪੈਂਡਿੰਗ ਹਨ।
ਨਾਜਾਇਜ਼ ਕਾਲੋਨੀਆਂ ਤੇ ਬਿਲਡਿੰਗਾਂ ਦੀਆਂ ਦੱਬੀਆਂ ਹੋਈਆਂ ਫਾਈਲਾਂ ਨੂੰ ਬਾਹਰ ਕੱਢਣਗੇ ਨਵੇਂ ਕਮਿਸ਼ਨਰ
ਚਲਾਨ ਮੈਨੇਜਮੈਂਟ ਸਿਸਟਮ ਨੂੰ ਵੀ ਕੀਤਾ ਜਾਵੇਗਾ ਆਨਲਾਈਨ
ਇਸੇ ਵਿਚਕਾਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਨਿਗਮ ਦੇ ਚਲਾਨ ਮੈਨੇਜਮੈਂਟ ਸਿਸਟਮ ਨੂੰ ਦਰੁੱਸਤ ਅਤੇ ਆਨਲਾਈਨ ਕੀਤਾ ਜਾ ਰਿਹਾ ਹੈ ਤਾਂ ਕਿ ਦੱਬੇ ਹੋਏ ਜਾਂ ਪੈਂਡਿੰਗ ਚਲਾਨਾਂ ਦਾ ਵੀ ਪਤਾ ਲੱਗ ਸਕੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਈ ਕਾਲੋਨਾਈਜ਼ਰਾਂ ਉੱਪਰ ਨਿਗਮ ਐੱਫ਼. ਆਈ. ਆਰ. ਦੀ ਸਿਫਾਰਸ਼ ਕਰ ਚੁੱਕਾ ਹੈ ਪਰ ਉਨ੍ਹਾਂ ਨਾਲ ਸਬੰਧਤ ਫਾਈਲਾਂ ਦੱਬੀਆਂ ਹੋਈਆਂ ਹਨ। ਇਸੇ ਤਰ੍ਹਾਂ ਕਈ ਬਿਲਡਿੰਗਾਂ ਨੂੰ ਤੋੜਨ ਜਾਂ ਸੀਲ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਚਲਾਨ ਕੱਟ ਕੇ ਸੈਟਿੰਗ ਕਰਨ ਦੀ ਜਿਹੜੀ ਖੇਡ ਕੁਝ ਨਿਗਮ ਅਧਿਕਾਰੀ ਖੇਡ ਰਹੇ ਸਨ, ਹੁਣ ਨਵੇਂ ਕਮਿਸ਼ਨਰ ਨੇ ਉਸ ਸੈਟਿੰਗ ਨੂੰ ਤੋੜਨ ਦਾ ਕੰਮ ਸ਼ੁਰੂ ਕੀਤਾ ਹੈ। ਦੇਖਣਾ ਹੈ ਕਿ ਇਸ ਮਾਮਲੇ ਵਿਚ ਕਾਮਯਾਬ ਹੁੰਦੇ ਵੀ ਹਨ ਜਾਂ ਨਹੀਂ।

ਇਹ ਵੀ ਪੜ੍ਹੋ-  ਹੱਥਾਂ 'ਤੇ ਮਹਿੰਦੀ ਲਗਾ ਲਾੜੀ ਉਡੀਕਦੀ ਰਹੀ ਲਾੜਾ, ਘੋੜ੍ਹੀ ਚੜ੍ਹਨ ਤੋਂ ਪਹਿਲਾਂ ਹੀ ਮੁੰਡੇ ਨੇ ਚਾੜ 'ਤਾ ਚੰਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News