ਕੋਰੋਨਾ ਨੈਗੇਟਿਵ ਪਨਬਸ ਅਮਲੇ ਦੇ 4 ਮੈਂਬਰ ਬੱਸ ਸਣੇ ਭੁਲੱਥ ਹਸਪਤਾਲ ਤੋਂ ਹੁਸ਼ਿਆਰਪੁਰ ਭੇਜੇ

05/10/2020 12:35:22 PM

ਭੁਲੱਥ (ਰਜਿੰਦਰ)— ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਭੁਲੱਥ ਪਰਤੇ ਬੱਸ ਅਮਲੇ ਦੇ ਚਾਰ ਮੈਂਬਰਾਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਜ਼ਿਲੇ ਹੁਸ਼ਿਆਰਪੁਰ ਵਿਚ ਭੇਜ ਦਿੱਤਾ ਗਿਆ ਹੈ। ਜੋ ਭੁਲੱਥ ਹਸਪਤਾਲ 'ਚ ਖੜੀ ਪਨਬੱਸ ਰਾਹੀਂ ਹੁਸ਼ਿਆਰਪੁਰ ਡਿਪੂ ਗਏ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਬੱਸਾਂ ਰਾਹੀਂ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਪੰਜਾਬ ਲਿਆਂਦਾ ਗਿਆ ਸੀ, ਜਿਸ ਦੌਰਾਨ ਹੁਸ਼ਿਆਰਪੁਰ ਡਿੱਪੂ ਦੀ ਪਨਬੱਸ 30 ਅਪ੍ਰੈਲ ਨੂੰ ਸਵੇਰ ਸਮੇਂ ਭੁਲੱਥ ਹਲਕੇ ਦੀਆਂ ਦੋ ਮਹਿਲਾ ਸ਼ਰਧਾਲੂਆਂ ਨੂੰ ਲੈ ਕੇ ਆਪਣੇ ਆਖਰੀ ਸਟਾਪ ਤਹਿਤ ਸਬ ਡਵੀਜ਼ਨ ਹਸਪਤਾਲ ਭੁਲੱਥ ਪੁੱਜੀ ਸੀ। ਜਿਸ ਦੌਰਾਨ ਭੁਲੱਥ ਪ੍ਰਸ਼ਾਸਨ ਵੱਲੋਂ ਦੋ ਮਹਿਲਾ ਸ਼ਰਧਾਲੂਆਂ, ਬੱਸ ਦੇ ਤਿੰਨ ਡਰਾਈਵਰਾਂ ਅਤੇ ਇਕ ਕੰਡਕਟਰ ਨੂੰ ਭੁਲੱਥ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਆਈਸੋਲੇਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਨਾਂ ਸਾਰਿਆਂ ਦੇ ਕੋਰੋਨਾ ਵਾਇਰਸ ਸੰਬੰਧੀ ਸਵੈਬ ਟੈਸਟ ਲਏ ਗਏ ਸਨ, ਇਸ ਉਪਰੰਤ ਇਕ ਮਹਿਲਾ ਸ਼ਰਧਾਲੂ ਦੀ ਰਿਪੋਰਟ ਪਾਜ਼ੇਟਿਵ ਅਤੇ ਇਕ ਹੋਰ ਮਹਿਲਾ ਸ਼ਰਧਾਲੂ ਤੋਂ ਇਲਾਵਾ ਬੱਸ ਅਮਲੇ ਦੇ ਚਾਰ ਮੈਂਬਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।

ਦੱਸ ਦੇਈਏ ਕਿ ਬੱਸ ਵੀ ਹੁਸ਼ਿਆਰਪੁਰ ਡਿਪੂ ਦੀ ਸੀ ਅਤੇ ਬੱਸ ਅਮਲੇ ਦੇ ਡਰਾਈਵਰ ਅਤੇ ਕੰਡਕਟਰ ਵੀ ਹੁਸ਼ਿਆਰਪੁਰ ਜ਼ਿਲੇ ਦੇ ਰਹਿਣ ਵਾਲੇ ਸਨ। ਜਿਸ ਕਰਕੇ ਭੁਲੱਥ ਪ੍ਰਸ਼ਾਸਨ ਨੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਨੂੰ ਮੁੱਖ ਰੱਖਦਿਆਂ ਇਥੇ ਖੜ੍ਹੀ ਪਨਬੱਸ ਰਾਹੀ ਤਿੰਨ ਡਰਾਈਵਰਾਂ ਅਤੇ ਇਕ ਕੰਡਕਟਰ ਨੂੰ ਹੁਸ਼ਿਆਰਪੁਰ ਡਿਪੂ ਵਿਖੇ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਸੰਪਰਕ ਕਰਨ 'ਤੇ ਭੁਲੱਥ ਹਸਪਤਾਲ ਦੇ ਐੱਸ. ਐੱਮ. ਓ. ਡਾ. ਦੇਸ ਰਾਜ ਭਾਰਤੀ ਨੇ ਦਸਿਆ ਕਿ ਐੱਸ. ਡੀ. ਐੱਮ. ਭੁਲੱਥ ਰਣਦੀਪ ਸਿੰਘ ਹੀਰ ਨੇ ਹੁਸ਼ਿਆਰਪੁਰ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨੈਗੇਟਿਵ ਆਏ ਬੱਸ ਅਮਲੇ ਦੇ ਚਾਰ ਮੈਂਬਰਾਂ ਨੂੰ ਭੁਲੱਥ ਹਸਪਤਾਲ ਤੋਂ ਹੁਸ਼ਿਆਰਪੁਰ ਲਈ ਭੇਜ ਦਿੱਤਾ ਹੈ, ਜਿੱਥੇ ਇਨਾਂ ਦਾ 21 ਦਿਨਾਂ ਤੱਕ ਦਾ ਕੁਆਰੰਟੀਨ ਚੱਲਗੇ, ਜੋ 30 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ।


shivani attri

Content Editor

Related News