ਜਲੰਧਰ: ਵਿਵਾਦਾਂ 'ਚ ਘਿਰੇ ਏ. ਸੀ. ਪੀ. ਬਲਜਿੰਦਰ ਸਿੰਘ, ਲੱਗੇ ਗੰਭੀਰ ਦੋਸ਼
Saturday, May 30, 2020 - 02:40 PM (IST)
ਜਲੰਧਰ (ਸੋਨੂੰ)— ਕੋਰੋਨਾ ਮਹਾਮਾਰੀ ਦੌਰਾਨ ਇਕ ਪਾਸੇ ਜਿੱਥੇ ਪੁਲਸ ਦੇ ਵਧੀਆ ਕੰਮਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਪੁਲਸ ਮੁਲਾਜ਼ਮ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਜਲੰਧਰ 'ਚ ਇਕ ਵਿਅਕਤੀ ਨੇ ਹਲਕਾ ਵੈਸਟ ਦੇ ਏ. ਸੀ. ਪੀ. ਬਲਜਿੰਦਰ ਸਿੰਘ 'ਤੇ ਕਈ ਗੰਭੀਰ ਦੋਸ਼ ਲਗਾਏ ਹਨ ਅਤੇ ਉੱਚ ਅਧਿਕਾਰੀਆਂ ਤੋਂ ਉਸ ਦੀ ਕਾਰਜਪ੍ਰਣਾਲੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਦਰਅਸਲ ਜਲੰਧਰ ਦੇ ਰਾਜ ਨਗਰ 'ਚ ਇਕ ਤਸਕਰ ਦੇ ਘਰ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਰੇਡ ਕੀਤੀ ਪਰ ਉਨ੍ਹਾਂ ਨੂੰ ਉਥੇ ਤਾਲੇ ਲੱਗੇ ਮਿਲੇ। ਮੌਕੇ 'ਤੇ ਪਹੁੰਚੇ ਏ. ਐੱਸ. ਆਈ. ਰੇਸ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰੂਟੀਨ 'ਚ ਚੈਕਿੰਗ ਕੀਤੀ ਸੀ ਕਿਉਂਕਿ ਇਥੇ ਨਾਜਾਇਜ਼ ਸ਼ਰਾਬ ਵੇਚੀ ਜਾਂਦੀ ਸੀ ਅਤੇ ਅੱਜ ਇਥੇ ਰੇਡ ਕਰਨ ਆਏ, ਜਿਸ ਦੌਰਾਨ ਉਨ੍ਹਾਂ ਨੂੰ ਇਥੇ ਨਾ ਤਾਂ ਕੋਈ ਸ਼ਰਾਬ ਨਾਲ ਸਬੰਧਥ ਸਾਮਾਨ ਮਿਲਿਆ ਅਤੇ ਨਾ ਹੀ ਕੋਈ ਵਿਅਕਤੀ।
ਇਹ ਵੀ ਪੜ੍ਹੋ: 'ਟਿੱਡੀ ਦਲ' ਦੇ ਹਮਲੇ ਤੋਂ ਬਚਣ ਲਈ ਜਲੰਧਰ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਦਿੱਤੇ ਇਹ ਨਿਰਦੇਸ਼
ਇਸ ਮਾਮਲੇ ਨਾਲ ਸਬੰਧਤ ਸਾਬਕਾ ਪ੍ਰੈੱਸ ਫੋਟੋਗ੍ਰਾਫਰ ਰਾਜੂ ਚੌਹਾਨ ਨੇ ਦੱਸਿਆ ਕਿ ਜਲੰਧਰ ਵੈਸਟ ਦੇ ਰਾਜ ਨਗਰ 'ਚ ਕਈ ਲੋਕ ਸ਼ਰਾਬ ਤਸਕਰੀ ਦਾ ਕੰਮ ਕਰਦੇ ਹਨ ਅਤੇ ਸਾਰਿਆਂ ਨੂੰ ਏ. ਸੀ. ਪੀ. ਵੈਸਟ ਦੀ ਸੁਰੱਖਿਆ ਮਿਲੀ ਹੋਈ ਹੈ। ਇਸ ਦੇ ਇਲਾਵਾ ਪੁਲਸ ਮੁਲਾਜ਼ਮ ਗੋਪੀ ਸਾਰਿਆਂ ਨੂੰ ਏ. ਸੀ. ਪੀ. ਲਈ ਤਸਕਰਾਂ ਤੋਂ ਕਲੈਕਸ਼ਨ ਕਰਦਾ ਹੈ, ਜਿਸ ਦੇ ਲਈ ਉਨ੍ਹਾਂ ਨੇ ਮਾਣਯੋਗ ਹਾਈਕੋਰਟ 'ਚ ਰਿਟ ਪਟੀਸ਼ਨ ਦਾਇਰ ਕੀਤੀ ਹੈ। ਇਸੇ ਰੰਜਿਸ਼ ਦੇ ਤਹਿਤ ਉਹ ਉਨ੍ਹਾਂ ਦੇ ਘਰ ਵਾਰ-ਵਾਰ ਰੇਡ ਕਰਵਾਉਂਦਾ ਹੈ, ਜਿਸ ਨਾਲ ਉਨ੍ਹਾਂ ਦਾ ਪਰਿਵਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਰਿਹਾ ਹੈ। ਰਾਜੂ ਨੇ ਦੱਸਿਆ ਕਿ ਪੁਲਸ ਉਨ੍ਹਾਂ ਦੇ ਘਰ ਘੱਟੋ-ਘੱਟ 20 ਤੋਂ 25 ਵਾਰ ਦਬਿਸ਼ ਕਰ ਚੁੱਕੀ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਰਾਜੂ ਨੇ ਕਿਹਾ ਕਿ ਏ. ਸੀ. ਪੀ. ਉਨ੍ਹਾਂ ਨੂੰ ਫਸਾਉਣ ਲਈ ਉਨ੍ਹਾਂ ਦੇ ਘਰ ਨਸ਼ੀਲਾ ਪਦਾਰਥ ਰੱਖਵਾ ਸਕਦਾ ਹੈ ਅਤੇ ਬਾਅਦ 'ਚ ਬਰਾਮਦ ਕਰਕੇ ਉਨ੍ਹਾਂ ਨੂੰ ਫਸਾ ਸਕਦਾ ਹੈ, ਜਿਸ ਦੇ ਲਈ ਉਨ੍ਹਾਂ ਨੇ ਜਲੰਧਰ ਦੇ ਪੁਲਸ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਤੋਂ ਨਿਆਂ ਦੀ ਮੰਗ ਕੀਤੀ ਹੈ ਅਤੇ ਨਿਰਪੱਖ ਜਾਂਚ ਦੀ ਅਪੀਲ ਕੀਤੀ ਹੈ।
ਡੀ. ਸੀ. ਪੀ. ਇੰਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਗਿਆ ਹੈ, ਜਿਸ ਦੀ ਉਹ ਨਿਰਪੱਖ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਰਾਜੂ ਚੌਹਾਨ ਖੁਦ ਸ਼ਰਾਬ ਤਸਕਰੀ ਦਾ ਕੰਮ ਕਰਦਾ ਹੈ ਅਤੇ ਜੇਕਰ ਪੁਲਸ ਮੁਲਾਜ਼ਮ ਜਾਂਚ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਜ਼ੀਰੋ ਟਾਲਰੈਂਸ ਦੇ ਅਧੀਨ ਉਸ 'ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਮਿਸ਼ਨਰੇਟ ਪੁਲਸ ਨੇ 13 ਮੁਲਾਜ਼ਮਾਂ ਨੂੰ ਜਬਰੀ ਰਿਟਾਇਰ ਕੀਤਾ ਸੀ ਅਤੇ ਕਈਆਂ ਨੂੰ ਡਿਸਮਿਸ ਕੀਤਾ।
ਇਸ ਦੇ ਇਲਾਵਾ ਕਈਆਂ ਖਿਲਾਫ ਮਾਮਲੇ ਵੀ ਦਰਜ ਕੀਤੇ ਅਤੇ ਪੁਲਸ ਪ੍ਰਸ਼ਾਸਨ ਭ੍ਰਿਸ਼ਟਾਚਾਰ ਦੇ ਸਖਤ ਖਿਲਾਫ ਹੈ। ਜੇਕਰ ਕੋਈ ਅਜਿਹੀ ਗੱਲ ਸਾਹਮਣੇ ਆਉਂਦੀ ਹੈ ਤਾਂ ਜ਼ੀਰੋ ਟਾਲਰੈਂਸ ਦੇ ਅਧੀਨ ਕਾਰਵਾਈ ਕੀਤੀ ਜਾਵੇਗੀ। ਜ਼ਿਕਰੋਯਗ ਹੈ ਕਿ ਪਿਛਲੇ ਕੁਝ ਸਮੇਂ 'ਚ ਕਈ ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੈਂਦੇ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਨ੍ਹਾਂ 'ਤੇ ਕਮਿਸ਼ਨਰੇਟ ਪੁਲਸ ਸਖਤ ਨਜ਼ਰ ਆਈ ਅਤੇ ਉਨ੍ਹਾਂ 'ਤੇ ਕਾਰਵਾਈ ਕਰਦੇ ਹੋਏ ਜਬਰੀ ਰਿਟਾਇਰ ਕੀਤਾ ਗਿਆ। ਹੁਣ ਇਸ ਮਾਮਲੇ 'ਚ ਕਿਹੜਾ ਨਵਾਂ ਮੋੜ ਆਉਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਇਹ ਵੀ ਪੜ੍ਹੋ: ਰੂਪਨਗਰ 'ਚੋਂ ਇਕ ਹੋਰ ਕੋਰੋਨਾ ਦਾ ਪਾਜ਼ੇਟਿਵ ਕੇਸ ਆਇਆ ਸਾਹਮਣੇ