ਸੈਟਿੰਗ ਨਾਲ ਕਾਂਗਰਸੀ ਨੇਤਾ ਨੇ 12 ਲੱਖ ’ਚ ਵੇਚਿਆ ਵਿੰਟੇਜ ਨੰਬਰ, ਵਿਜੀਲੈਂਸ ਜਾਂਚ ਸ਼ੁਰੂ

05/08/2023 4:44:56 PM

ਜਲੰਧਰ (ਮ੍ਰਿਦੁਲ)- ਵਿਜੀਲੈਂਸ ਅਧਿਕਾਰੀਆਂ ਨੇ ਆਰ. ਟੀ. ਏ. (ਰੀਜਨਲ ਟਰਾਂਸਪੋਰਟ ਅਥਾਰਿਟੀ) ਦਫ਼ਤਰ ’ਚ ਚੱਲ ਰਹੇ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਕਰ ਲਈਆਂ ਹਨ। ਇਹ ਗੱਲ ਉਸ ਸਮੇਂ ਸਾਹਮਣੇ ਆਈ ਜਦੋਂ ਪਿਛਲੇ ਦਿਨੀਂ ਜਲੰਧਰ ਆਰ. ਟੀ. ਏ. ਸਮੇਤ ਦੋ ਮੁਲਾਜ਼ਮਾਂ ਨੂੰ ਵਿਜੀਲੈਂਸ ਦਫ਼ਤਰ ’ਚ ਆਪਣੀ ਹਾਜ਼ਰੀ ਮਾਰਕ ਕਰਨੀ ਪਈ। ਕਾਰਨ ਇਹ ਹੈ ਕਿ ਆਰ. ਟੀ. ਏ. ਦਫ਼ਤਰ ’ਚ ਕਾਂਗਰਸੀ ਆਗੂ ਦੀ ਮਿਲੀਭੁਗਤ ਕਾਰਨ ਪਹਿਲਾਂ ਵਿੰਟੇਜ ਨੰਬਰ ਦੀ ਫਰਜ਼ੀ ਬੈਕਲਾਗ ਐਂਟਰੀ ਦਿੱਤੀ ਗਈ, ਬਾਅਦ ’ਚ ਜਲੰਧਰ ’ਚ ਫਰਜ਼ੀ ਐਡਰੈੱਸ ਪਰੂਫ਼ ਦੇ ਨਾਂ ’ਤੇ ਆਰ. ਸੀ. ਸਵੈਪ ਕਰਵਾ ਦਿੱਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਉਕਤ ਨੰਬਰ ਕਾਂਗਰਸੀ ਆਗੂ ਨੇ ਨੰਬਰ ਲੈਣ ਵਾਲੇ ਨੂੰ 12 ਲੱਖ ’ਚ ਵੇਚ ਦਿੱਤਾ ਹੈ, ਜਿਸ ਦਾ ਕੁਝ ਹਿੱਸਾ ਜਾਅਲੀ ਬੈਕਲਾਗ ਐਂਟਰੀ ਕਰਨ ਵਾਲੇ ਸਰਕਾਰੀ ਮੁਲਾਜ਼ਮ ਨੂੰ ਵੀ ਮਿਲਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜਦੋਂ ਵਿਜੀਲੈਂਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਆਰ. ਟੀ. ਏ. ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤੁਰੰਤ ਬੁਲਾਇਆ ਗਿਆ। ਦੱਸ ਦੇਈਏ ਕਿ ਵਿਜੀਲੈਂਸ ਐੱਮ.ਵੀ.ਆਈ. ਦਫ਼ਤਰ ’ਚ ਚੱਲ ਰਹੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੋਂ ਬਾਅਦ ਹੁਣ ਆਰ. ਟੀ. ਏ. ਦਫ਼ਤਰ ’ਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਇਸ ਖੇਡ ਨੂੰ ਖ਼ਤਮ ਕਰਨ ਦੀ ਤਿਆਰੀ ਕਰ ਰਹੀ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਵਿਜੀਲੈਂਸ ਨੂੰ ਵਿੰਟੇਜ ਨੰਬਰ ਪੀ. ਐੱਨ. ਕਿਊ 0001 ਵਾਹਨ ਨੰਬਰ ਸਬੰਧੀ ਸ਼ਿਕਾਇਤ ਮਿਲੀ ਹੈ।

ਇਹ ਵੀ ਪੜ੍ਹੋ : ਰੋਪੜ ਵਿਖੇ ਵਾਪਰਿਆ ਵੱਡਾ ਹਾਦਸਾ, ਸਤਲੁਜ ਦਰਿਆ 'ਚ ਪਲਟੀ ਕਿਸ਼ਤੀ, ਦੋ ਵਿਅਕਤੀ ਰੁੜੇ

ਉਕਤ ਗੱਡੀ ਦਾ ਨੰਬਰ ਨਵਾਂਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਦੇ ਨਾਂ 'ਤੇ ਹੈ। ਹੁਣ ਸਰਕਾਰੀ ਪ੍ਰਕਿਰਿਆ ਤਹਿਤ ਜਦੋਂ ਕਿਸੇ ਵਾਹਨ ਦੇ ਨੰਬਰ ਦੀ ਬੈਕਲਾਗ ਐਂਟਰੀ ਕਰਨੀ ਪੈਂਦੀ ਹੈ ਤਾਂ ਉਸ ਦਾ ਪੂਰਾ ਪੁਰਾਣਾ ਰਿਕਾਰਡ ਆਰ. ਟੀ. ਏ. ਦਫ਼ਤਰ ਦੇ ਸਰਕਾਰੀ ਰਜਿਸਟਰ ’ਚ ਹੋਣਾ ਚਾਹੀਦਾ ਹੈ ਪਰ ਜਦੋਂ ਪੀ. ਐੱਨ. ਕਿਊ. 0001 ਨੰਬਰ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਆਰ. ਟੀ. ਏ. ਦੇ ਅਧਿਕਾਰਤ ਰਜਿਸਟਰ ’ਚ ਇਸ ਨੰਬਰ ਦਾ ਪੰਨਾ ਗਾਇਬ ਸੀ ਪਰ ਪੀ. ਐੱਨ. ਕਿਊ 0002 ਤੋਂ 0009 ਤੱਕ ਦਾ ਸਾਰਾ ਰਿਕਾਰਡ ਰਜਿਸਟਰ ’ਚ ਸੀ। ਹੁਣ ਨਵਾਂਸ਼ਹਿਰ ਦੇ ਵਿਅਕਤੀ ਨੇ ਜਲੰਧਰ ਦੇ ਇਕ ਕਾਂਗਰਸੀ ਆਗੂ ਨੂੰ ਇਸ ਨੰਬਰ ਦੀ ਆਰਸੀ ਟਰਾਂਸਫਰ ਕਰਵਾ ਕੇ ਉਕਤ ਨੰਬਰ ਦੀ ਸਵੈਪ ਕਰਵਾਉਣ ਲਈ ਫੜ ਲਿਆ। ਆਰ. ਟੀ. ਏ. ਦਫ਼ਤਰ ’ਚ ਜੁਗਾੜ ਲਾ ਕੇ 2017 ’ਚ ਇਸ ਨੰਬਰ ਦੀ ਫ਼ਰਜ਼ੀ ਬੈਕਲਾਗ ਐਂਟਰੀ ਕਰਵਾਈ ਗਈ ਸੀ, ਜਦਕਿ ਕਾਨੂੰਨਨ ਇਹ ਨਹੀਂ ਹੋ ਸਕਦਾ।

ਇਸ ਤੋਂ ਬਾਅਦ ਸਾਲ 2020 ’ਚ ਨਵਾਂਸ਼ਹਿਰ ਦੇ ਵਿਅਕਤੀ ਵੱਲੋਂ ਉਕਤ ਕਾਂਗਰਸੀ ਆਗੂ ਦੀ ਮਦਦ ਨਾਲ ਕੁਝ ਪੈਸਿਆਂ ਦਾ ਲਾਲਚ ਦੇ ਕੇ ਨੰਬਰ ਦੀ ਸਵੈਪਿੰਗ ਕਰਨ ਲਈ ਮਾਡਲ ਟਾਊਨ ਦੇ ਫਰਜ਼ੀ ਪਤੇ ’ਤੇ ਇਸ ਨੰਬਰ ਦੀ ਸਵੈਪਿੰਗ ਕਰਵਾਈ ਗਈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਰ. ਟੀ. ਏ ਦਫ਼ਤਰ ’ਚ ਕਿਸ ਵਿਅਕਤੀ ਨੇ ਕੁਝ ਪੈਸਿਆਂ ਦੇ ਲਾਲਚ ’ਚ ਇਹ ਐਂਟਰੀ ਕਰਵਾਈ? ਇਹ ਕੰਮ ਕਾਂਗਰਸੀ ਆਗੂ ਨੇ ਆਪਣਾ ਪ੍ਰਭਾਵ ਵਰਤ ਕੇ ਕਰਵਾ ਲਿਆ ਪਰ ਹੁਣ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਤੱਕ ਪਹੁੰਚ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਜਿਸ ਤਰ੍ਹਾਂ ਵਿਜੀਲੈਂਸ ਨੇ ਐੱਮ. ਵੀ. ਆਈ ਦਫ਼ਤਰ ’ਚ ਚੱਲ ਰਹੇ ਭ੍ਰਿਸ਼ਟਾਚਾਰ ’ਤੇ ਲਗਾਮ ਲਗਾਈ ਹੈ, ਕੀ ਵਿਜੀਲੈਂਸ ਆਰ. ਟੀ. ਏ. ਦਫ਼ਤਰ ’ਚ ਚੱਲ ਰਹੇ ਭ੍ਰਿਸ਼ਟਾਚਾਰ ਸਮੇਤ ਕਾਂਗਰਸੀ ਆਗੂ ’ਤੇ ਵੀ ਚੈਕਿੰਗ ਕਰੇਗੀ ਜਾਂ ਨਹੀਂ। ਇਹ ਇਕ ਵੱਡਾ ਸਵਾਲ ਹੈ। ਜ਼ਿਕਰਯੋਗ ਹੈ ਕਿ ਦਹੀਂ ਭੱਲਾ ਖਾਣ ਦਾ ਸ਼ੌਕੀਨ ਉਕਤ ਕਾਂਗਰਸੀ ਆਗੂ ਪੂਰੇ ਪੰਜਾਬ ਵਿਚ ਵਿੰਟੇਜ ਨੰਬਰਾਂ ਦਾ ਕਾਰੋਬਾਰ ਕਰਕੇ ਮੋਟੀ ਕਮਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ :ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੱਲੇ ਤੇਜ਼ਧਾਰ ਹਥਿਆਰ

ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਵੱਲੋਂ ਆਰ. ਟੀ. ਏ. ਸਮੇਤ 2 ਕਰਮਚਾਰੀਆਂ ਨੂੰ ਵਿੰਟੇਜ ਨੰਬਰ ਪੀ. ਐੱਨ. ਕਿਊ 0001 ਗੱਡੀ ਦਾ ਨੰਬਰ ਚੈੱਕ ਕਰਨ ਲਈ ਬੁਲਾਇਆ ਗਿਆ ਤਾਂ ਆਰ. ਟੀ. ਏ. ਦਫ਼ਤਰ ਦਾ ਇਕ ਅਧਿਕਾਰੀ ਸਟਾਫ਼ ਨੂੰ ਕਹਿੰਦਾ ਰਿਹਾ ਕਿ ਚੋਣਾਂ ਦਾ ਸਮਾਂ ਕਿਸੇ ਤਰ੍ਹਾਂ ਖ਼ਤਮ ਹੋਣ ਤੋਂ ਬਾਅਦ ਉਹ ਆਪ ਹੀ ਟਰਾਂਸਫ਼ਰ ਕਰਵਾ ਲਵੇਗਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਥਾਣੇਦਾਰ ਨਾਲ 2 ਵਿਅਕਤੀਆਂ ਨੇ ਕਰ ਦਿੱਤਾ ਕਾਂਡ, ਸੱਚ ਸਾਹਮਣੇ ਆਉਣ 'ਤੇ ਉੱਡੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


Anuradha

Content Editor

Related News