ਕਾਂਗਰਸ ਤੇ ਗਾਂਧੀ ਪਰਿਵਾਰ ਹੱਤਿਆਰਿਆਂ ਨੂੰ ਬਚਾਉਂਦਾ ਰਿਹਾ ਤੇ ਪੰਜਾਬ ਕਾਂਗਰਸ ਦੇ ਨੇਤਾ ਸੱਤਾ ਦੇ ਲਾਲਚ ’ਚ ਚੁੱਪ ਬੈਠੇ ਰਹੇ: ਚੁਘ
Tuesday, Aug 08, 2023 - 04:39 PM (IST)

ਜਲੰਧਰ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਦਿੱਲੀ ਦੰਗਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਜਗਦੀਸ਼ ਟਾਈਟਲਰ ਦਾ ਭਾਸ਼ਣ ਗਾਂਧੀ ਪਰਿਵਾਰ ਦੇ ਹੁਕਮ ’ਤੇ ਅਤੇ ਯੋਜਨਾਬੱਧ ਸਾਜ਼ਿਸ਼ ਦੇ ਤਹਿਤ ਸੀ।
ਉਨਾਂ ਕਿਹਾ ਕਿ 1984 ਦੇ ਸਿੱਖ ਹੱਤਿਆਕਾਂਡ ਨੂੰ ਲਗਾਤਾਰ 30 ਸਾਲ ਦਬਾਉਣ ਦਾ ਭਰਪੂਰ ਤੇ ਯੋਜਨਾਬੱਧ ਯਤਨ ਕਾਂਗਰਸ ਤੇ ਗਾਂਧੀ ਪਰਿਵਾਰ ਵਲੋਂ ਕੀਤਾ ਜਾਂਦਾ ਰਿਹਾ ਹੈ।
ਆਪਣੇ ਕਥਿਤ ਵਫਾਦਾਰ ਹੱਤਿਆਰਿਆਂ ਨੂੰ ਬਚਾਉਣ ਲਈ ਕਾਂਗਰਸ ਵਲੋਂ ਉਨ੍ਹਾਂ ਦੀ ਮਹਿਮਾ ਗਾਈ ਤੇ ਸਨਮਾਨਤ ਕੀਤਾ ਗਿਆ। 2014 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ’ਚ ਹੋਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਉਣ ਲਈ 30 ਸਾਲਾਂ ਤੋਂ ਪੁਲਸ ਥਾਣਿਆਂ ਵਿਚ ਧੂੜ ਫੱਕ ਰਹੀਆਂ ਫਾਈਲਾਂ ਕਢਵਾਈਆਂ ਗਈਆਂ ਅਤੇ ਅਦਾਲਤ ਨੇ ਮਾਮਲੇ ’ਚ ਇਨਸਾਫ ਦੇਣਾ ਸ਼ੁਰੂ ਕੀਤਾ, ਜਿਸ ਦੇ ਨਤੀਜੇ ਵਜੋਂ ਸੱਜਣ ਕੁਮਾਰ ਵਰਗੇ ਨੇਤਾ ਜੇਲ ਪਹੁੰਚੇ ਹਨ ਅਤੇ ਜਗਦੀਸ਼ ਟਾਈਟਲਰ ਵਰਗੇ ਲੋਕਾਂ ’ਤੇ ਮੁਕੱਦਮਿਆਂ ਦੀ ਕਾਰਵਾਈ ਤੇਜ਼ ਹੋਈ ਹੈ।
ਚੁਘ ਨੇ ਕਿਹਾ ਕਿ 1984 ’ਚ ਦੇਸ਼ ਭਰ ’ਚ ਲਗਭਗ 50 ਸ਼ਹਿਰਾਂ ਵਿਚ ਇੰਨੇ ਵੱਡੇ ਯੋਜਨਾਬੱਧ ਹੱਤਿਆਕਾਂਡਾਂ ਤੋਂ ਬਾਅਦ ਵੀ ਪੰਜਾਬ ਸੂਬਾ ਕਾਂਗਰਸ ਦੇ ਨੇਤਾ ਚੁੱਪ ਹਨ ਅਤੇ ਸੱਤਾ ਦੇ ਲਾਲਚ ਕਾਰਨ ਗਾਂਧੀ ਪਰਿਵਾਰ ਦੀ ਗੁਲਾਮੀ ਕਰ ਰਹੇ ਹਨ। ਉਨ੍ਹਾਂ ਸੱਤਾ ਦੇ ਲਾਲਚ ’ਚ ਆਪਣੀ ਨੈਤਿਕਤਾ, ਪੰਜਾਬੀਅਤ ਤੇ ਇਨਸਾਨੀਅਤ ਨੂੰ ਮਾਰ ਦਿੱਤਾ ਹੈ।