ਨਵ-ਜੰਮੇ ਬੱਚੇ ਦੀ ਮੌਤ ਨੂੰ ਲੈ ਕੇ ਸਿਵਲ ਹਸਪਤਾਲ ’ਚ ਹੰਗਾਮਾ

Wednesday, Dec 12, 2018 - 06:44 AM (IST)

ਨਵ-ਜੰਮੇ ਬੱਚੇ ਦੀ ਮੌਤ ਨੂੰ ਲੈ ਕੇ ਸਿਵਲ ਹਸਪਤਾਲ ’ਚ ਹੰਗਾਮਾ

ਜਲੰਧਰ, (ਸ਼ੋਰੀ)– ਸਿਵਲ ਹਸਪਤਾਲ  ’ਚ ਸਥਾਪਿਤ ਜੱਚਾ-ਬੱਚਾ ਬਿਲਡਿੰਗ ’ਚ ਇਕ ਔਰਤ ਦੀ ਡਲਿਵਰੀ ਦੌਰਾਨ ਉਸ ਦੇ ਨਵ-ਜੰਮੇ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਸਮਰਥਨ ਵਿਚ ਆਏ ਲੋਕਾਂ ਦਾ ਦੋਸ਼ ਸੀ ਕਿ ਡਾਕਟਰ ਅਤੇ ਸਟਾਫ ਦੀ ਲਾਪ੍ਰਵਾਹੀ ਕਾਰਨ ਇਸ ਤਰ੍ਹਾਂ ਹੋਇਆ ਹੈ। 
ਇਸ ਮਾਮਲੇ ਦੀ ਸ਼ਿਕਾਇਤ ਸਿਵਲ ਸਰਜਨ ਨੂੰ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਮਾਮਲੇ ਦੀ ਜਾਂਚ ਐੱਸ. ਐੱਮ. ਓ. ਡਾ. ਤਿਰਲੋਚਨ ਸਿੰਘ ਨੂੰ ਸੌਂਪੀ ਹੈ। ਪੀੜਤ ਪਵਨ ਵਾਸੀ ਲੰਮਾ ਪਿੰਡ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਾਰਤਾ ਨੂੰ ਗਰਭਵਤੀ ਹਾਲਤ ਵਿਚ ਬੀਤੀ ਸ਼ਾਮ ਸਿਵਲ ਹਸਪਤਾਲ ਡਲਿਵਰੀ ਲਈ ਲੈ ਕੇ ਆਇਆ  ਸੀ। ਬਾਹਰ ਤੋਂ ਪਤਾ ਲੱਗਾ ਸੀ ਕਿ ਸਰਕਾਰੀ ਹਸਪਤਾਲ ਵਿਚ ਪੂਰਾ ਇਲਾਜ ਫ੍ਰੀ ਅਤੇ ਵਧੀਆ ਹੋਵੇਗਾ ਪਰ ਪਤਨੀ ਦੀ ਦੇਖ-ਭਾਲ ਠੀਕ ਤਰੀਕੇ ਨਾਲ ਨਹੀਂ ਕੀਤੀ ਗਈ। ਅੱਜ ਪਤਨੀ ਬੈੱਡ ’ਤੇ ਲੇਟੀ ਸੀ ਅਤੇ ਪਰਸੂਤਾ  ਪੀੜ ਵਧਦੀ ਗਈ। ਵਾਰ-ਵਾਰ ਸਟਾਫ ਨੂੰ ਕਹਿਣ ’ਤੇ ਵੀ ਕੋਈ ਨਹੀਂ ਆਇਆ। ਨਤੀਜਾ ਪਤਨੀ ਨੇ ਖੁਦ ਹੀ ਬੈੱਡ ’ਤੇ  ਬੱਚੇ ਨੂੰ ਜਨਮ ਦੇ ਦਿੱਤਾ। ਸਟਾਫ ਨੂੰ ਦੱਸਿਆ ਤਾਂ ਇਕ  ਨਰਸ ਨਵ-ਜੰਮੇ ਬੱਚੇ ਨੂੰ ਚੁੱਕ ਕੇ ਤਾਪਮਾਨ ਨਿਯੰਤਰਨ ਕਰਨ ਵਾਲੀ ਮਸ਼ੀਨ ਵੱਲ ਲੈ ਕੇ ਜਾ ਰਹੀ ਸੀ, ਤੇ  ਫਿਰ ਉਹ ਝੱਟ ਬੋਲੀ ਕਿ ਬੱਚੇ ਦੀ ਮੌਤ ਹੋ ਗਈ  ਹੈ। ਪੀੜਤ ਨੇ ਕਿਹਾ ਕਿ ਪਤਨੀ ਦੀ ਦਵਾਈ ਵੀ ਬਾਹਰ ਤੋਂ 2000 ਰੁਪਏ ਦੀ ਖਰੀਦਣੀ ਪਈ ਅਤੇ 500 ਦਾ ਟੈਸਟ ਸਿਵਲ ਹਸਪਤਾਲ ਦੇ ਪਿਛਲੇ ਗੇਟ ’ਚ ਚੱਲ ਰਹੀ ਲੈਬਾਰਟਰੀ ਤੋਂ ਕਰਵਾਉਣਾ ਪਿਆ। 
ਕਿਸੇ ਦੀ ਲਾਪ੍ਰਵਾਹੀ ਨਾਲ ਨਹੀਂ ਹੋਈ ਨਵ-ਜੰਮੇ ਬੱਚੇ ਦੀ ਮੌਤ : ਐੱਸ. ਐੱਮ. ਓ.
ਉਥੇ ਹੀ ਐੱਸ. ਐੱਮ. ਓ. ਗਾਇਨੀ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਟਾਫ  ਅਤੇ ਡਾਕਟਰਾਂ ਨੇ ਮਰੀਜ਼ ਦੀ  ਹਾਲਤ ਬਾਰੇ ਦੱਸਿਆ ਕਿ ਮਰੀਜ਼ ਜਦੋਂ  ਹਸਪਤਾਲ ਪਹੁੰਚੀ ਸੀ, ਉਹ ਉਸੇ ਵੇਲੇ ਸੀਰੀਅਸ ਸੀ ਅਤੇ ਉਸ ਦਾ ਬੀ. ਪੀ. ਪੂਰੀ ਤਰ੍ਹਾਂ ਨਾਲ ਹਾਈ ਸੀ। ਮਰੀਜ਼ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ। ਬੱਚੇ ਦੇ ਦਿਲ ਦੀ ਧੜਕਣ ਵੀ ਘੱਟ ਸੀ ਅਤੇ ਡਲਿਵਰੀ ਤੋਂ ਤੁਰੰਤ ਬਾਅਦ ਹੀ ਉਸਦੀ ਮੌਤ ਹੋ ਗਈ। ਡਾ. ਕੁਲਵਿੰਦਰ ਸਿੰਘ ਨੇ ਦੱਸਿਆ  ਕਿ ਜੇਕਰ ਹਸਪਤਾਲ ਦੇ ਅੰਕੜਿਆਂ ’ਤੇ ਗੌਰ ਕੀਤਾ ਜਾਵੇ ਤਾਂ ਸਭ ਤੋਂ ਜ਼ਿਆਦਾ ਡਲਿਵਰੀਆਂ ਸਿਵਲ ਹਸਪਤਾਲ ਜਲੰਧਰ ਵਿਚ ਹੀ ਹੁੰਦੀਆਂ ਹਨ ਅਤੇ ਨਵ-ਜੰਮੇ ਬੱਚੇ ਆਪਣੀਆਂ ਮਾਵਾਂ ਨਾਲ ਸਹੀ-ਸਲਾਮਤ ਘਰਾਂ ਨੂੰ ਜਾਂਦੇ ਹਨ। 
 


Related News