ਕੈਂਸਰ ਰੋਗੀ ਦੀ ਪਤਨੀ ਦਾ ਦੋਸ਼, ਸਿਵਲ ਹਸਪਤਾਲ ''ਚ ਡਾਕਟਰ ਨੇ ਕੀਤੀ ਬਦਤਮੀਜ਼ੀ

11/14/2019 11:36:30 AM

ਜਲੰਧਰ (ਸ਼ੋਰੀ)— ਬੁੱਧਵਾਰ ਦਾ ਦਿਨ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਭਾਰੂ ਰਿਹਾ। ਦੁਪਹਿਰ ਦੇ ਸਮੇਂ ਕੈਂਸਰ ਰੋਗੀ ਦੀ ਪਤਨੀ ਨੇ ਜਿੱਥੇ ਮੈਡੀਕਲ ਸੁਪਰਿੰਟੈਂਡੈਂਟ ਅਤੇ ਥਾਣਾ ਨੰਬਰ 4 ਦੀ ਪੁਲਸ ਨੂੰ ਸ਼ਿਕਾਇਤ ਕਰਦੇ ਦੋਸ਼ ਲਾਏ ਕਿ ਡਾ. ਮਹਿੰਦਰ ਪ੍ਰਤਾਪ ਸਿੰਘ ਨੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਉਸ ਦੇ ਪਤੀ ਦੀ ਰਿਪੋਰਟ ਵੀ ਗਲਤ ਦੇ ਦਿੱਤੀ। ਉਥੇ ਹੀ ਦੇਰ ਸ਼ਾਮ ਐਮਰਜੈਂਸੀ ਵਾਰਡ 'ਚ ਤਾਇਨਾਤ ਡਾ. ਰਾਜ ਕੁਮਾਰ ਨਾਲ ਕੁਝ ਲੋਕਾਂ ਨੇ ਵਿਵਾਦ ਕੀਤਾ।

PunjabKesari

ਮਾਮਲੇ 'ਚ ਮੈਡੀਕਲ ਸੁਪਰਿੰਟੈਂਡੈਂਟ ਨੇ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਦੀ ਜਾਂਚ ਸੀਨੀਅਰ ਮੈਡੀਕਲ ਆਫਿਸਰ ਡਾ. ਚਰਨਜੀਵ ਸਿੰਘ ਕਰ ਰਹੇ ਹਨ। ਜਾਣਕਾਰੀ ਦਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਪੰਜਾਬ ਦੇ ਬੁਲਾਰੇ ਐੱਚ. ਐੱਸ. ਵਾਲੀਆ ਨੇ ਦੱਸਿਆ ਕਿ ਉਨ੍ਹਾਂ ਕੋਲ ਭਾਰਗੋ ਕੈਂਪ ਵਾਸੀ ਮਮਤਾ ਨਾਂ ਦੀ ਔਰਤ ਆਈ, ਜਿਸ ਦੇ ਪਤੀ ਰਾਜ ਕੁਮਾਰ ਨੂੰ ਕੈਂਸਰ ਦੀ ਬੀਮਾਰੀ ਹੈ ਅਤੇ ਡੇਢ ਸਾਲ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਰਾਜ ਕੁਮਾਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ 7 ਤਰੀਕ ਨੂੰ ਰੇਡੀਓਗ੍ਰਾਫਰ ਡਾ. ਮਹਿੰਦਰ ਪ੍ਰਤਾਪ ਸਿੰਘ ਨੇ ਮਰੀਜ਼ ਦੇ ਪੇਟ ਦੀ ਅਲਟਰਾਸਾਊਂਡ ਕੀਤੀ ਅਤੇ ਰਿਪੋਰਟ ਨਾਰਮਲ ਲਿਖ ਕੇ ਉਸ ਦੀ ਪਤਨੀ ਦੇ ਹਵਾਲੇ ਕਰ ਦਿੱਤੀ। 9 ਤਰੀਕ ਨੂੰ ਰਾਜ ਕੁਮਾਰ ਦੀ ਪ੍ਰਾਈਵੇਟ ਹਸਪਤਾਲ ਤੋਂ ਅਲਟਰਾਸਾਊਂਡ ਕਰਵਾਈ ਗਈ ਤਾਂ ਉਸ ਦੇ ਪੇਟ 'ਚ ਕੈਂਸਰ ਨਿਕਲਿਆ। ਜਦੋਂ ਮਮਤਾ ਉਹ ਰਿਪੋਰਟ ਲੈ ਕੇ ਡਾ. ਮਹਿੰਦਰ ਸਿੰਘ ਕੋਲ ਗਈ ਤਾਂ ਡਾਕਟਰ ਨੇ ਉਲਟਾ ਉਸ ਨੂੰ ਹੀ ਝਿੜਕਦਿਆਂ ਕਿਹਾ ਕਿ ਤੂੰ ਡਾਕਟਰ ਹੈ ਜਾਂ ਮੈਂ ਅਤੇ ਬਾਂਹ ਫੜ ਕੇ ਉਸ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੱਤਾ।

ਵਾਲੀਆ ਨੇ ਦੱਸਿਆ ਕਿ ਇਸ ਬਾਰੇ ਸੀਨੀਅਰ ਮੈਡੀਕਲ ਅਧਿਕਾਰੀਆਂ ਅਤੇ ਥਾਣਾ ਨੰਬਰ 4 'ਚ ਵੀ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜੇਕਰ ਡਾਕਟਰ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਮਾਮਲੇ ਨੂੰ ਸੈਂਟਰਲ ਸਰਕਾਰ ਤੱਕ ਪਹੁੰਚਾਉਣਗੇ। ਉਥੇ ਡਾ. ਮਹਿੰਦਰ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ। ਦੂਜੇ ਪਾਸੇ ਮੈਡੀਕਲ ਸੁਪਰਿੰਟੈਂਡੈਂਟ ਡਾ. ਮਨਦੀਪ ਕੌਰ ਦਾ ਕਹਿਣਾ ਹੈ ਕਿ ਮਾਮਲੇ ਵਿਚ ਜੇਕਰ ਡਾਕਟਰ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।


shivani attri

Content Editor

Related News