ਵਿਆਹੁਤਾ ਮਹਿਲਾ ਨੇ ਲਾਇਆ ਸਿਵਲ ਹਸਪਤਾਲ ਦੇ ਇਕ ਡਾਕਟਰ ’ਤੇ ਦੁਰਵਿਵਹਾਰ ਦਾ ਦੋਸ਼

Thursday, Sep 13, 2018 - 04:03 AM (IST)

ਵਿਆਹੁਤਾ ਮਹਿਲਾ ਨੇ ਲਾਇਆ ਸਿਵਲ ਹਸਪਤਾਲ ਦੇ ਇਕ ਡਾਕਟਰ ’ਤੇ ਦੁਰਵਿਵਹਾਰ ਦਾ ਦੋਸ਼

ਰੂਪਨਗਰ,   (ਵਿਜੇ)-  ਇਕ ਵਿਆਹੁਤਾ ਮਹਿਲਾ ਨੇ ਸਿਵਲ ਹਸਪਤਾਲ ਰੂਪਨਗਰ ਦੀ ਐਮਰਜੈਂਸੀ ਵਾਰਡ ’ਚ ਤੈਨਾਤ ਇਕ ਡਾਕਟਰ ’ਤੇ ਦੁਰਵਿਵਹਾਰ ਦਾ ਗੰਭੀਰ ਦੋਸ਼  ਲਾਇਆ ਹੈ ਅਤੇ ਇਸ ਮਾਮਲੇ ’ਚ ਪੁਲਸ ਸ਼ਕਾਇਤ ਦੀ ਜਾਂਚ ਕਰ ਰਹੀ ਹੈ। ਪਤਾ ਚੱਲਿਆ ਹੈ ਕਿ ਬੀਤੀ ਰਾਤ ਰੂਪਨਗਰ ਦੇ ਨਾਲ ਲੱਗਦੇ ਇਕ ਪਿੰਡ ਦੀ ਇਕ ਵਿਆਹੁਤਾ ਬਲਵੰਤ ਕੌਰ (ਕਲਪਨਿਕ ਨਾਂ) ਆਪਣੇ ਪਤੀ ਅਤੇ ਛੋਟੇ ਬੱਚੇ ਨਾਲ ਸਿਵਲ ਹਸਪਤਾਲ ਦੇ ਰੂਪਨਗਰ ਦੇ ਐਮਰਜੈਂਸੀ ਵਾਰਡ ’ਚ ਆਈ। ਜੋ ਆਪਣੇ ਪੇਟ ’ਚ ਦਰਦ ਦੀ ਸ਼ਕਾਇਤ ਕਰ ਰਹੀ ਸੀ। ਡਿਊਟੀ ’ਤੇ ਤੈਨਾਤ ਡਾਕਟਰ ਮਹਿਲਾ ਨੂੰ ਜਾਂਚ ਲਈ ਇਕੱਲੇ ਸਾਇਡ ਰੂਮ ’ਚ ਲੈ ਗਿਆ ਅਤੇ ਕੁਝ ਸਮੇਂ ਦੇ ਬਾਅਦ ਜਦੋ ਮਹਿਲਾ ਕਮਰੇ ਤੋਂ ਬਾਹਰ ਆਈ ਤਾਂ ਉਸਨੇ ਆਪਣੇ ਪਤੀ ਨੂੰ ਡਾਕਟਰ ਦੀ ਸ਼ਕਾਇਤ ਕੀਤੀ ਕਿ ਉਸਨੇ ਉਸਦੇ ਨਾਲ ਦੁਰ ਵਿਵਹਾਰ ਕੀਤਾ। ਇਸਦੇ ਬਾਅਦ ਉਸਦੇ ਪਤੀ ਅਤੇ ਡਾਕਟਰ ’ਚ ਕਾਫੀ ਬਹਿਸ ਹੋ ਗਈ ਅਤੇ ਮਾਮਲਾ ਵਧਦਾ ਦੇਖ ਡਾਕਟਰ ਨੇ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਡਾਕਟਰ ਅਤੇ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੋਨਾਂ ਦੀ ਲਿਖਤੀ ਸ਼ਕਾਇਤਾਂ ਲੈ ਕੇ ਥਾਣੇ ਚਲੀ ਗਈ। ਅੱਜ ਸ਼ਾਮ ਤੱਕ ਪੁਲਸ ਨੇ ਕਿਸੇ ਦੇ ਵਿਰੁੱਧ ਕੋਈ ਕਾਰਵਾਈ ਨਹੀ ਕੀਤੀ। ਜਦੋ ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਤੋ ਮਾਮਲੇ ਸਬੰਧੀ ਪੁੱਛਿਆ ਗਿਆ ਤਾਂ ਉਨਾਂ ਦੱਸਿਆ ਕਿ ਪੁਲਸ ਦੁਆਰਾ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਿਸੇ ਦੇ ਵਿਰੁੱਧ ਹਾਲੇ ਕੋਈ ਕਾਰਵਾਈ ਨਹੀ ਕੀਤੀ ਗਈ।
ਮਹਿਲਾ ਨਾਲ ਕੋਈ ਦੁਰਵਿਵਹਾਰ ਨਹੀ ਕੀਤਾ : ਡਾਕਟਰ
 ਦੂਜੇ ਪਾਸੇ ਸਬੰਧਤ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਪਰਚੀ ਬਣਾਉਣ ਲਈ ਮਹਿਲਾ ਦਾ ਨਾਮ ਪੁੱਛਿਆ ਅਤੇ ਕਿਹਾ ਕਿ ਥੋਡ਼ੀ ਦੇਰ ਇੰਤਜਾਰ ਕਰਨ। ਉਸਦੇ ਬਾਅਦ ਉਨਾਂ ਨੂੰ ਦਵਾਈ ਦੱਸੀ ਜਾਵੇਗੀ। ਇਸ ਗੱਲ ਨੂੰ ਲੈ ਕੇ ਮਹਿਲਾ ਗੁੱਸੇ ’ਚ ਆ ਗਈ ਅਤੇ ਉਸਨੇ ਉਨਾਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਜਿਸਦੇ ਬਾਅਦ ਉਸਦਾ ਪਤੀ ਵੀ ਇਸ ’ਚ ਸ਼ਾਮਲ ਹੋ ਗਿਆ। ਇਸਦੇ ਬਾਅਦ ਉਨਾਂ ਪੁਲਸ ਨੂੰ ਸੂਚਤ ਕੀਤਾ ਅਤੇ ਪੁਲਸ ਮੌਕੇ ’ਤੇ ਆ ਗਈ। ਉਨ੍ਹਾਂ ਕਿਹਾ ਕਿ ਮਹਿਲਾ ਨਾਲ ਉਨਾਂ ਕੋਈ ਅਭੱਦਰ ਵਿਵਹਾਰ ਨਹੀ ਕੀਤਾ।
 


Related News