ਸਿਵਲ ਹਸਪਤਾਲ ''ਚ ਚੱਲ ਰਹੀ ਡੇਂਗੂ ਮੱਛਰਾਂ ਦੀ ਫੈਕਟਰੀ!
Saturday, Sep 22, 2018 - 09:03 AM (IST)

ਜਲੰਧਰ, (ਸ਼ੋਰੀ)—ਮਹਾਨਗਰ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਜੇਕਰ ਕਿਸੇ ਨੂੰ ਡੇਂਗੂ ਮੱਛਰ ਕੱਟ ਲਵੇ ਤਾਂ ਮਰੀਜ਼ ਦਾ ਇਲਾਜ ਕਰਵਾਉਣ ਲਈ ਲੋਕ ਸਿਵਲ ਹਸਪਤਾਲ ਲੈ ਕੇ ਆਉਂਦੇ ਹਨ ਤਾਂ ਜੋ ਉਸ ਦਾ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਠੀਕ ਕਰ ਕੇ ਘਰ ਲਿਜਾ ਸਕਣ ਪਰ ਹਾਲਾਤ ਇਹ ਬਣ ਚੁੱਕੇ ਹਨ ਕਿ ਸਿਵਲ ਹਸਪਤਾਲ ਦੇ ਕੰਪਲੈਕਸ ਵਿਚ ਡੇਂਗੂ ਮੱਛਰ ਦੀ ਫੈਕਟਰੀ ਚੱਲ ਰਹੀ ਹੈ ਇਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਹਸਪਤਾਲ ਪ੍ਰਸ਼ਾਸਨ ਨਾ ਜਾਗਿਆ ਤਾਂ ਵੱਡੀ ਮੁਸ਼ਕਲ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਹੱਡੀਆਂ ਵਾਲੇ ਵਾਰਡ ਵੱਲ ਜਾਂਦੇ ਰਾਹ ਵਿਚ ਸਥਿਤ ਮਿੰਨੀ ਲੈਬਾਰਟਰੀ ਦੇ ਕੋਲ ਸਥਿਤ ਕੰਟੀਨ ਦੇ ਬਾਹਰ ਸੀਵਰੇਜ ਜਾਮ ਹੋਇਆ ਪਿਆ ਹੈ। ਹਾਲਾਤ ਇਹ ਹਨ ਕਿ ਸੀਵਰੇਜ ਦੇ ਢੱਕਣਾਂ ਨਾਲ ਗੰਦਾ ਪਾਣੀ ਸੜਕਾਂ 'ਤੇ ਆਉਣ ਕਾਰਨ ਸੜਕਾਂ 'ਤੇ ਗੰਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ। ਦੋਪਹੀਆ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।
ਇੰਨਾ ਹੀ ਨਹੀਂ ਇਸ ਗੰਦੇ ਪਾਣੀ ਵਿਚ ਡੇਂਗੂ ਮੱਛਰ ਸਾਫ ਦੇਖੇ ਜਾ ਸਕਦੇ ਹਨ। ਇਕ ਸਟਾਫ ਨੇ ਦੱਸਿਆ ਕਿ ਹੱਡੀਆਂ ਵਾਲੇ ਵਾਰਡ, ਜੱਚਾ-ਬੱਚਾ ਹਸਪਤਾਲ ਆਦਿ ਦੇ ਸੀਵਰੇਜ ਦਾ ਗੰਦਾ ਪਾਣੀ ਇਨ੍ਹਾਂ ਵੱਡੇ ਗਟਰਾਂ ਵਿਚ ਆਉਂਦਾ ਹੈ ਜੋ ਕਿ ਭਰ ਚੁੱਕੇ ਹਨ।
ਹਾਲ ਵਿਚ ਹੀ ਡੇਂਗੂ ਮੱਛਰ ਜੋ ਕਿ ਇਸ ਗੰਦੇ ਪਾਣੀ ਵਿਚ ਭਿਨਭਿਨਾਉਂਦੇ ਹਨ। ਮੱਛਰ ਦੇ ਕੱਟਣ ਕਾਰਨ ਇਕ ਸਟਾਫ ਬੀਮਾਰ ਤੱਕ ਹੋ ਚੁੱਕਾ ਹੈ। ਉਥੇ ਸਿਵਲ ਹਸਪਤਾਲ ਦੇ ਕਾਰਜਕਾਰੀ ਮੈਡੀਕਲ ਸੁਪਰਡੈਂਟ ਡਾ. ਤ੍ਰਿਲੋਚਨ ਸਿੰਘ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਗਟਰ ਦੀ ਸਫਾਈ ਕਰਵਾਈ ਸੀ। ਇਸ ਬਾਬਤ ਉਹ ਦੁਬਾਰਾ ਤੋਂ ਡਿਊਟੀ ਲਗਵਾ ਦੇਣਗੇ ਅਤੇ ਮੱਛਰ ਮਾਰਨ ਲਈ ਦਵਾਈ ਦਾ ਛਿੜਕਾਅ ਵੀ ਕਰਵਾ ਦੇਣਗੇ।