ਬਿਨਾਂ ਟੀਕੇ ਲਾਏ ਜਾਰੀ ਕੀਤੇ ਸਰਟੀਫ਼ਿਕੇਟ, ਕਾਗਜ਼ਾਂ ’ਚ ਮ੍ਰਿਤਕਾਂ ਨੂੰ ਵੀ ਲਾ ਦਿੱਤੀ ਕੋਰੋਨਾ ਵੈਕਸੀਨ

Tuesday, Mar 08, 2022 - 04:36 PM (IST)

ਬਿਨਾਂ ਟੀਕੇ ਲਾਏ ਜਾਰੀ ਕੀਤੇ ਸਰਟੀਫ਼ਿਕੇਟ, ਕਾਗਜ਼ਾਂ ’ਚ ਮ੍ਰਿਤਕਾਂ ਨੂੰ ਵੀ ਲਾ ਦਿੱਤੀ ਕੋਰੋਨਾ ਵੈਕਸੀਨ

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਪੂਰੀ ਦੁਨੀਆ ’ਚ ਕੋਵਿਡ-19 ਨਾਲ ਲੱਖਾਂ ਦੀ ਗਿਣਤੀ ’ਚ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ ਅਤੇ ਦੁਨੀਆ ਦਾ ਹਰ ਵਰਗ ਇਸ ਨਾਲ ਪ੍ਰਭਾਵਿਤ ਹੋਇਆ ਹੈ। ਇਸ ਤੋਂ ਬਚਾਅ ਲਈ ਇਕੋ-ਇਕ ਤਰੀਕਾ ਟੀਕਾਕਰਨ ਹੈ, ਜਿਸ ਨਾਲ ਕੋਰੋਨਾ ਮਹਾਮਾਰੀ ਤੋਂ ਬਚਿਆ ਜਾ ਸਕਦਾ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਦੀ ਵੈਕਸੀਨ ਵਿਕਸਿਤ ਕੀਤੀ ਗਈ ਅਤੇ ਆਪਣੇ ਦੇਸ਼ਵਾਸੀਆਂ ਨੂੰ ਵੈਕਸੀਨ ਲਾ ਕੇ ਕੋਰੋਨਾ ਮਹਾਮਾਰੀ ਨਾਲ ਲੜਨ ਲਈ ਪ੍ਰੇਰਿਤ ਕੀਤਾ ਗਿਆ। ਇਸੇ ਕੜੀ ਵਿਚ ਭਾਰਤ ’ਚ ਵੀ ਕਰੋੜਾਂ ਲੋਕਾਂ ਨੂੰ ਵੈਕਸੀਨ ਲਾਈ ਗਈ ਤੇ ਕੋਰੋਨਾ ਮਹਾਮਾਰੀ ਨਾਲ ਲੜਨ ਦੀ ਸਮਰੱਥਾ ਵਧਾਈ ਗਈ। ਪਹਿਲੀ ਡੋਜ਼ ਦੇਸ਼ ਦੇ ਕਰੀਬ 96 ਕਰੋੜ ਲੋਕਾਂ ਦੇ ਲੱਗ ਚੁੱਕੀ ਹੈ, ਜਦਕਿ ਕਰੀਬ 80 ਕਰੋੜ ਲੋਕ ਦੂਜੀ ਡੋਜ਼ ਵੀ ਲਗਵਾ ਚੁੱਕੇ ਹਨ। ਕਈ ਸੂਬਿਆਂ ’ਚ ਦੋਵੇਂ ਡੋਜ਼ਾਂ 100 ਫੀਸਦੀ ਲੋਕਾਂ ਨੂੰ ਲੱਗ ਚੁੱਕੀਆਂ ਹਨ। ਪੰਜਾਬ ਸੂਬੇ ’ਚ ਪਹਿਲੀ ਡੋਜ਼ ਤਾਂ ਲੋਕਾਂ ਵੱਲੋਂ ਉਤਸ਼ਾਹ ਨਾਲ ਲਗਵਾ ਲਈ ਗਈ ਪਰ ਦੂਜੀ ਡੋਜ਼ ਦੀ ਰਫ਼ਤਾਰ ਸੁਸਤ ਸੀ ਕਿਉਂਕਿ ਪਹਿਲੀ ਡੋਜ਼ ਸਮੇਂ ਉਨ੍ਹਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ ਸੀ। ਗ਼ਰੀਬ ਲੋਕਾਂ ਨੂੰ ਆਪਣੀਆਂ ਕਈ ਦਿਹਾੜੀਆਂ ਵੀ ਛੱਡਣੀਆਂ ਪਈਆਂ ਸਨ। ਵਿਭਾਗ ਵੱਲੋਂ ਦੂਜੀ ਡੋਜ਼ ਲਗਵਾਉਣ ਲਈ ਲੋਕਾਂ ਨੂੰ ਫੋਨ ਵੀ ਕੀਤੇ ਗਏ। ਵਿਭਾਗ ਵੱਲੋਂ ਅੰਕੜੇ ਵਧਾਉਣ ਲਈ ਵੋਟਾਂ ਤੋਂ ਕਰੀਬ 15-20 ਦਿਨ ਪਹਿਲਾਂ ਲੋਕਾਂ ਦੇ ਬਿਨਾਂ ਦੂਜੀ ਡੋਜ਼ ਲਗਵਾਏ ਹੀ ਫੁਲੀ ਵੈਕਸੀਨੇਟਿਡ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ।

ਇਹ ਵੀ ਪੜ੍ਹੋ : ਐਗਜ਼ਿਟ ਪੋਲ ਰਿਪੋਰਟ : ਪੰਜਾਬ ’ਚ ਇਸ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ

ਸੂਤਰਾਂ ਅਨੁਸਾਰ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਸਵਰਗ ਸਿਧਾਰ ਗਏ ਲੋਕਾਂ ਦੇ ਵੀ ਦੂਜੀ ਡੋਜ਼ ਲੱਗਣ ਦੇ ਸਰਟੀਫਿਕੇਟ ਜਾਰੀ ਕਰ ਦਿੱਤੇ ਗਏ। ਇਹ ਸਭ ਕੁਝ ਵਿਭਾਗ ਵੱਲੋਂ ਵੈਕਸੀਨੇਸ਼ਨ ਦੇ ਅੰਕੜੇ ਵਧਾਉਣ ਲਈ ਕੀਤਾ ਗਿਆ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਕਾਗਜ਼ਾਂ ਵਿਚ ਜਿਸ ਵਿਅਕਤੀ ਦੇ ਦੂਜੀ ਡੋਜ਼ ਲੱਗ ਚੁੱਕੀ ਹੈ ਅਤੇ ਜੇਕਰ ਕੋਰੋਨਾ ਦਾ ਕੋਈ ਹੋਰ ਰੂਪ ਜਾਂ ਉਸ ਵਿਅਕਤੀ ਨੂੰ ਕੋਰੋਨਾ ਹੋ ਜਾਵੇ ਤਾਂ ਉਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੇ ਸਰਟੀਫਿਕੇਟ ਜਾਰੀ ਕੀਤੇ ਗਏ ਹਨ, ਕੀ ਉਹ ਟੀਕੇ ਵਿਭਾਗ ਵੱਲੋਂ ਖੁਰਦ-ਬੁਰਦ ਕੀਤੇ ਗਏ ਹੋਣਗੇ। ਜੇਕਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਵੱਡੀ ਮਾਤਰਾ ’ਚ ਲਗਾਈ ਗਈ ਵੈਕਸੀਨ ਦੀ ਜਾਂਚ ਕੀਤੀ ਜਾਵੇ ਤਾਂ ਇਕ ਵੱਡਾ ਸਕੈਂਡਲ ਸਾਹਮਣੇ ਆ ਸਕਦਾ ਹੈ।

ਐੱਸ. ਐੱਮ. ਓ. ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬੀਤੇ ਦਿਨੀਂ ਪੋਰਟਲ ਤੋਂ ਮਿਸ ਕੈਲਕੁਲੇਸ਼ਨ ਹੋਣ ਕਾਰਨ ਕੁਝ ਮੈਸੇਜ ਲੋਕਾਂ ਨੂੰ ਜ਼ਰੂਰ ਗਏ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਮੈਸੇਜ ਗਏ ਹਨ, ਉਹ ਲੋਕ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਾ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਸਬੰਧੀ ਐੱਸ. ਡੀ. ਐੱਮ. ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਨਾਲ ਮੋਬਾਇਲ ’ਤੇ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।


author

Manoj

Content Editor

Related News