ਕੇਂਦਰੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ ''ਤੇ ਥਾਣਾ ਕੋਤਵਾਲੀ ਲਿਆਂਦੇ ਗਏ ਤਿੰਨੋਂ ਮੁਲਜ਼ਮ

Sunday, Feb 16, 2020 - 04:11 PM (IST)

ਕੇਂਦਰੀ ਜੇਲ ਤੋਂ ਪ੍ਰੋਡਕਸ਼ਨ ਵਾਰੰਟ ''ਤੇ ਥਾਣਾ ਕੋਤਵਾਲੀ ਲਿਆਂਦੇ ਗਏ ਤਿੰਨੋਂ ਮੁਲਜ਼ਮ

ਕਪੂਰਥਲਾ (ਭੂਸ਼ਣ)— ਬੀਤੇ ਦਿਨੀਂ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ 40 ਗ੍ਰਾਮ ਹੈਰੋਇਨ ਦੀ ਖੇਪ ਨਾਲ ਫੜੇ ਗਏ ਤਿੰਨਾਂ ਹਵਾਲਾਤੀਆਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਥਾਣਾ ਕੋਤਵਾਲੀ ਲੈ ਆਈ। ਗ੍ਰਿਫਤਾਰ ਮੁਲਜ਼ਮਾਂ ਨੂੰੰ ਅਦਾਲਤ ਨੇ 3 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਜੇਲ ਕਪੂਰਥਲਾ ਅਤੇ ਜਲੰਧਰ 'ਚ 11 ਫਰਵਰੀ 2020 ਦੀ ਰਾਤ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ ਦੇ ਦੌਰਾਨ ਸੀ. ਆਰ. ਪੀ. ਐੱਫ. ਅਤੇ ਪੁਲਸ ਟੀਮਾਂ ਨੇ ਸਾਂਝੇ ਤੌਰ 'ਤੇ ਕਾਰਵਾਈ ਕਰਦੇ ਹੋਏ ਹਵਾਲਾਤੀ ਸੁਖਦੀਪ ਸਿੰਘ ਉਰਫ ਦੀਪਾ ਪੁੱਤਰ ਬਲਬੀਰ ਸਿੰਘ ਵਾਸੀ ਬੁਰਾਈ ਖਾਲਾਸਾ ਥਾਣਾ ਗੋਰਾਇਆ ਜ਼ਿਲਾ ਜਲੰਧਰ, ਕੈਦੀ ਹਰਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਨੰਦਨਪੁਰ ਕਾਲੋਨੀ ਥਾਣਾ ਮਕਸੂਦਾਂ ਜ਼ਿਲਾ ਜਲੰਧਰ ਅਤੇ ਕੈਦੀ ਜਸਪਾਲ ਸਿੰਘ ਉਰਫ ਸੋਨੂ ਪੁੱਤਰ ਚਰਨਜੀਤ ਸਿੰਘ ਵਾਸੀ ਨਿਊ ਗਾਰਡਨ ਕਾਲੋਨੀ ਫਤਹਿਗੜ੍ਹ ਚੂੜੀਆਂ ਜ਼ਿਲਾ ਗੁਰਦਾਸਪੁਰ ਤੋਂ 40 ਗ੍ਰਾਮ ਹੈਰੋਇਨ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਸਨ।

ਹੈਰੋਇਨ ਬਰਾਮਦਗੀ ਨੂੰ ਲੈ ਕੇ ਹਰਕਤ 'ਚ ਆਈ ਥਾਣਾ ਕੋਤਵਾਲੀ ਦੀ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਲਈ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਐੱਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ 'ਚ ਤਿੰਨਾਂ ਮੁਲਜ਼ਮਾਂ ਨੂੰ ਕੇਂਦਰੀ ਜੇਲ ਤੋਂ ਗ੍ਰਿਫਤਾਰ ਕਰ ਲਿਆ। ਜਿਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਨੇ 3 ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ।

ਪੁੱਛਗਿੱਛ ਦੌਰਾਨ ਜੇਲ ਕਰਮਚਾਰੀ ਅਤੇ ਹੋਰ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਆਈ ਸਾਹਮਣੇ
ਜਦੋਂ ਤਿੰਨਾਂ ਮੁਲਜ਼ਮਾਂ ਤੋਂ ਦੇਰ ਸ਼ਾਮ ਤਕ ਪੁੱਛਗਿਛ ਕੀਤੀ ਗਈ ਤਾਂ ਮੁਲਜ਼ਮਾਂ ਨੇ ਕਈ ਸਨਸਨੀਖੇਜ਼ ਖੁਲਾਸੇ ਕੀਤੇ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਜੇਲ ਕੰੰਪਲੈਕਸ 'ਚ ਹੈਰੋਇਨ ਦੀ ਖੇਪ ਪਹੁੰਚਾਉਣ 'ਚ ਇਕ ਜੇਲ ਕਰਮਚਾਰੀ ਸਣੇ ਕੁਝ ਲੋਕ ਸ਼ਾਮਲ ਸਨ, ਜੋ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਾਲ ਜੁੜੇ ਹੋਏ ਸਨ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕੇਂਦਰੀ ਜੇਲ 'ਚ ਬੰਦ ਕਈ ਹੋਰ ਹਵਾਲਾਤੀਆਂ ਤੇ ਕੈਦੀਆਂ ਦੇ ਬਾਹਰਲੀ ਦੁਨੀਆ 'ਚ ਸਰਗਰਮ ਲੋਕਾਂ ਨਾਲ ਸੰਪਰਕ ਹੈ ਅਤੇ ਇਸ 'ਚ ਕੁਝ ਸ਼ੱਕੀ ਜੇਲ ਕਰਮਚਾਰੀ ਉਨ੍ਹਾਂ ਦੀ ਮਦਦ ਕਰਦੇ ਹਨ। ਤਿੰਨਾਂ ਮੁਲਜ਼ਮਾਂ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਹਰਕਤ 'ਚ ਆਈ ਥਾਣਾ ਕੋਤਵਾਲੀ ਦੀ ਪੁਲਸ ਨੇ ਸ਼ਨੀਵਾਰ ਦੀ ਰਾਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਇਸ ਪੂਰੇ ਮਾਮਲੇ 'ਚ ਪੁਲਸ ਨੇ ਪੁੱਛਗਿੱਛ ਲਈ ਕਈ ਸ਼ੱਕੀ ਲੋਕਾਂ ਨੂੰ ਰਾਊਂਡਅਪ ਕੀਤਾ ਹੈ । ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਇਸ ਪੂਰੇ ਮਾਮਲੇ 'ਚ ਆਉਣ ਵਾਲੇ ਦਿਨਾਂ 'ਚ ਕਈ ਅਹਿਮ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਆਖਰੀ ਸਮਾਚਾਰ ਮਿਲਣ ਤਕ ਕੋਤਵਾਲੀ ਪੁਲਸ ਵੱਲੋਂ ਕੇਂਦਰੀ ਜੇਲ ਤੋਂ ਲਿਆਂਦੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਸੀ।


author

shivani attri

Content Editor

Related News