ਜਲੰਧਰ ''ਚ ਗੰਨ ਪੁਆਇੰਟ ’ਤੇ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਲੁੱਟੇ 2 ਲੱਖ ਰੁਪਏ

Friday, Feb 03, 2023 - 03:33 PM (IST)

ਜਲੰਧਰ (ਸੁਨੀਲ)- ਪਿੰਡ ਲਿੱਧੜਾਂ ਨੇੜੇ ਟਰੱਕ ਦੀ ਹਵਾ ਚੈੱਕ ਕਰਨ ਲਈ ਰੁਕੇ ਟਰੱਕ ਡਰਾਈਵਰ ਨੂੰ ਕਾਰ ’ਚ ਆਏ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਬੰਦੀ ਬਣਾ ਕੇ 2 ਲੱਖ 10 ਹਜ਼ਾਰ ਰੁਪਏ ਲੁੱਟ ਲਏ । ਟਰੱਕ ਡਰਾਈਵਰ ਨੇ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਚ ਦਿੱਤੀ, ਜਿਸ ਉਪਰੰਤ ਪੁਲਸ ਥਾਣਿਆਂ ਦੀ ਹੱਦਬੰਦੀ ਨੂੰ ਲੈ ਕੇ ਉਲਝਣ ’ਚ ਪੈ ਗਈ। ਆਖਰ ਥਾਣਾ ਮਕਸੂਦਾਂ ਦੀ ਪੁਲਸ ਨੇ ਇਸ ਮਾਮਲੇ ਦੀ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਟਰੱਕ ਚਾਲਕ ਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਟਾਲਾ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਤੋਂ ਲੋਹੇ ਦਾ ਸਾਮਾਨ ਲੈ ਕੇ ਬਟਾਲਾ ਵੱਲ ਜਾ ਰਿਹਾ ਸੀ, ਜਦੋਂ ਉਹ ਹਵਾ ਚੈੱਕ ਕਰਨ ਲਈ ਲਿੱਧੜਾਂ ਨੇੜੇ ਰੁਕਿਆ ਤਾਂ ਇਸੇ ਦੌਰਾਨ ਇਕ ਕਾਰ ’ਚ ਸਵਾਰ 2 ਨੌਜਵਾਨ ਉਸ ਕੋਲ ਰਸਤਾ ਪੁੱਛਣ ਆਏ । ਇਸ ਦੌਰਾਨ 2 ਨੌਜਵਾਨ ਪੈਦਲ ਉਸ ਕੋਲ ਆ ਗਏ, ਜਿਨ੍ਹਾਂ ਨੇ ਬੰਦੂਕ ਦੀ ਨੋਕ ’ਤੇ ਉਸ ਦੀ ਜੇਬ ’ਚੋਂ 10 ਹਜ਼ਾਰ ਰੁਪਏ ਕੱਢ ਲਏ ਅਤੇ ਫਿਰ ਉਸ ਨੂੰ ਟਰੱਕ ’ਚ ਬਿਠਾ ਕੇ ਬੰਦੀ ਬਣਾ ਲਿਆ।\

ਇਹ ਵੀ ਪੜ੍ਹੋ : ਸਾਡੀ ਨੀਅਤ ਤੇ ਦਿਲ ਸਾਫ਼, ਹਮੇਸ਼ਾ ਗ਼ਰੀਬਾਂ ਦੇ ਹੱਕਾਂ ਵਾਸਤੇ ਚੱਲਦਾ ਰਹੇਗਾ ਹਰਾ ਪੈੱਨ: ਭਗਵੰਤ ਮਾਨ

ਬੰਦੂਕ ਦੀ ਨੋਕ ’ਤੇ ਲੁਟੇਰਿਆਂ ਨੇ ਉਸ ਨੂੰ ਕੈਬਿਨ ਖੋਲ੍ਹਣ ਲਈ ਕਿਹਾ, ਜਿਸ ’ਚ ਵਪਾਰੀ ਵੱਲੋਂ ਦਿੱਤੇ 2 ਲੱਖ ਰੁਪਏ ਸਨ ਪਰ ਉਸ ਨੇ ਇਹ ਬਹਾਨਾ ਬਣਾ ਦਿੱਤਾ ਕਿ ਕੈਬਿਨ ਦੀ ਚਾਬੀ ਵਪਾਰੀ ਕੋਲ ਹੈ। ਲੁਟੇਰਿਆਂ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਤੇ ਗੋਲੀ ਮਾਰਨ ਦੀ ਧਮਕੀ ਦਿੱਤੀ, ਜਿਸ ਕਾਰਨ ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਕੈਬਿਨ ਖੋਲ੍ਹ ਦਿੱਤਾ। ਲੁਟੇਰਿਆਂ ਨੇ ਉਸ ’ਚ ਰੱਖੇ 2 ਲੱਖ ਰੁਪਏ ਦੀ ਨਕਦੀ ਵਾਲਾ ਪੈਕੇਟ ਵੀ ਲੁੱਟ ਲਿਆ ਤੇ ਫਰਾਰ ਹੋ ਗਏ। ਮਾਮਲਾ ਪੁਲਸ ਕੋਲ ਪਹੁੰਚਦਿਆਂ ਹੀ ਥਾਣਾ ਕਰਤਾਰਪੁਰ ਦੀ ਪੁਲਸ, ਥਾਣਾ ਇਕ ਅਤੇ ਥਾਣਾ ਮਕਸੂਦਾਂ ਦੀ ਪੁਲਸ ਹੱਦਬੰਦੀ ਨੂੰ ਲੈ ਕੇ ਉਲਝ ਗਈ।

ਅਖ਼ੀਰ ਥਾਣਾ ਮਕਸੂਦਾਂ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਜਦੋਂ ਬਟਾਲੇ ਦੇ ਵਪਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰਾਈਵਰ ਨੂੰ 2 ਲੱਖ 13 ਹਜ਼ਾਰ ਰੁਪਏ ਦੀ ਨਕਦੀ ਲੈਣ ਲਈ ਗੋਬਿੰਦਗੜ੍ਹ ਦੇ ਵਪਾਰੀ ਨੂੰ ਕਿਹਾ ਗਿਆ ਸੀ, ਪਰ ਜਦੋਂ ਇਸ ਸਬੰਧੀ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡਰਾਈਵਰ ਨੂੰ 10 ਲੱਖ ਰੁਪਏ ਦਿੱਤੇ ਗਏ ਸਨ ਪਰ 2 ਲੱਖ ਨਕਦ ਦੇਣ ਦੀ ਗੱਲ ਕਹਿਣ ’ਤੇ ਉਸ ਵਪਾਰੀ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ । ਪੁਲਸ ਦਾ ਕਹਿਣਾ ਹੈ ਕਿ ਮਾਮਲਾ ਕਿਤੇ ਨਾ ਕਿਤੇ ਸ਼ੱਕੀ ਹੈ ਪਰ ਸੱਚਾਈ ਸਾਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਪਹਿਲਾਂ ਵਿਖਾਏ ਅਮਰੀਕਾ ਦੇ ਸੁਫ਼ਨੇ ਫਿਰ ਸਾਜਿਸ਼ ਰਚ ਕੇ ਕੀਤੀ 40 ਲੱਖ ਦੀ ਠੱਗੀ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News