ਵਿਆਹ ''ਚ ਬੈਗ ਚੋਰੀ ਕਰਕੇ ਦੇਣ ਵਾਲਾ ਇਕ ਨਾਬਾਲਗ ਗ੍ਰਿਫਤਾਰ

02/11/2020 6:08:46 PM

ਜਲੰਧਰ (ਮ੍ਰਿਦੁਲ)— ਬੀਤੇ ਦਿਨੀਂ ਇੰਪੀਰੀਅਲ ਮੈਨੋਰ ਰਿਜ਼ਾਰਟ 'ਚ ਕੁੜੀ ਦੇ ਵਿਆਹ ਦੌਰਾਨ ਬਜ਼ੁਰਗ ਔਰਤ ਨੂੰ ਚਕਮਾ ਦੇ ਕੇ ਕੈਸ਼ ਅਤੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਨ ਦੇ ਮਾਮਲੇ 'ਚ ਪੁਲਸ ਨੇ ਇਕ ਨਾਬਾਲਗ ਨੂੰ ਫੜਿਆ ਹੈ। ਹਾਲਾਂਕਿ ਪੁਲਸ ਕੋਈ ਵੀ ਠੋਸ ਜਾਂਚ ਨਹੀਂ ਕਰ ਪਾਈ ਹੈ ਕਿਉਂਕਿ ਦੋਸ਼ੀ ਨਾਬਾਲਗ ਹੋਣ ਕਾਰਨ ਪੁਲਸ ਨੂੰ ਜਾਂਚ ਵਿਚ ਕਾਫੀ ਦਿੱਕਤ ਆ ਰਹੀ ਹੈ। ਜਾਂਚ 'ਚ ਸਿਰਫ ਇੰਨਾ ਖੁਲਾਸਾ ਹੋਇਆ ਹੈ ਕਿ ਵਾਰਦਾਤ 'ਚ 3 ਲੋਕ ਸ਼ਾਮਲ ਸਨ। ਇੰਨਾ ਹੀ ਨਹੀਂ, ਪੀੜਤਾ ਨੂੰ ਆਸ ਸੀ ਕਿ ਉਨ੍ਹਾਂ ਦੇ ਚੋਰੀ ਹੋਏ ਕੈਸ਼ ਅਤੇ ਗਹਿਣਿਆਂ ਦੀ ਬਰਾਮਦਗੀ ਹੋ ਜਾਵੇਗੀ ਪਰ ਪੁਲਸ ਕੋਲ ਹੁਣ ਤੱਕ ਠੋਸ ਸਬੂਤ ਨਹੀਂ ਮਿਲਿਆ ਹੈ।

ਐੱਸ. ਐੱਚ. ਓ. ਸੁਲੱਖਣ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਉਮਰ 16 ਸਾਲ ਹੈ ਅਤੇ ਉਹ ਚੋਰੀ ਕਰਨ ਵਾਲੇ ਗਰੁੱਪ ਦੇ ਨਾਲ ਕੁਝ ਮਹੀਨੇ ਪਹਿਲਾਂ ਹੀ ਜੁੜਿਆ ਸੀ। ਉਸ ਦਾ ਕੰਮ ਬੈਗ ਨੂੰ ਚੋਰੀ ਕਰਕੇ ਰਿਜ਼ਾਰਟ ਤੋਂ ਬਾਹਰ ਜਾ ਕੇ ਮੁੱਖ ਮੁਲਜ਼ਮ ਨੂੰ ਫੜਾਉਣਾ ਸੀ। ਇਸ ਲਈ ਉਸਨੂੰ 5 ਹਜ਼ਾਰ ਰੁਪਏ ਮਿਲਦੇ ਸਨ। ਉਸਨੂੰ ਨਹੀਂ ਪਤਾ ਸੀ ਕਿ ਕੈਸ਼ ਕਿਥੇ ਹੈ ਕਿਉਂਕਿ ਬੈਗ ਚੋਰੀ ਕਰਨ ਦੇ ਬਾਅਦ ਉਸ ਨੇ ਅੱਗੇ ਬੈਗ ਫੜਾ ਦਿੱਤਾ ਸੀ ਅਤੇ ਬਾਅਦ ਵਿਚ ਕਾਰ ਵਿਚ ਬੈਠ ਕੇ ਨਿਕਲ ਗਿਆ ਸੀ।

ਪੀੜਤ ਪਰਮਿੰਦਰ ਬੋਲਿਆ-ਬੇਟੀ ਦੇ ਵਿਆਹ ਲਈ ਬਣਾ ਕੇ ਰੱਖੇ ਸਨ ਸੋਨੇ ਦੇ ਗਹਿਣੇ, ਸੋਚਿਆ ਸੀ ਗਿਫਟ ਦੇਵਾਂਗਾ
ਪੀੜਤ ਪਰਮਿੰਦਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ ਬੇਟੀ ਦੇ ਵਿਆਹ ਲਈ ਮਿਹਨਤ ਕਰ ਕੇ ਗਹਿਣੇ ਬਣਾਏ ਸਨ ਅਤੇ ਵਿਆਹ ਵਿਚ ਗਿਫਟ ਕਰਨ ਲਈ ਉਹ ਕਾਫੀ ਖੁਸ਼ ਸੀ ਪਰ ਹੁਣ ਚੋਰੀ ਹੋਣ ਕਾਰਣ ਕਾਫੀ ਦਰਦ ਪੁੱਜਿਆ ਹੈ। ਉਥੇ ਹੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਦੋਸ਼ੀ ਨਾਬਾਲਗ ਹੈ ਤਾਂ ਉਨ੍ਹਾਂ ਨੂੰ ਹੋਰ ਦੁਖ ਹੋਇਆ ਕਿਉਂਕਿ ਪੁਲਸ ਹੁਣ ਤੱਕ ਕੋਈ ਵੀ ਬਰਾਮਦਗੀ ਨਹੀਂ ਕਰਵਾ ਪਾਈ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਮੁੱਖ ਮੁਲਜ਼ਮ ਨੂੰ ਫੜ ਕੇ ਗ੍ਰਿਫਤਾਰ ਕਰ ਕੇ ਉਨ੍ਹਾਂ ਨੂੰ ਗਹਿਣੇ ਅਤੇ ਕੈਸ਼ ਬਰਾਮਦ ਕਰਵਾਏ।


Related News