ਮਾਮਲਾ ASI ਦੀ ਪੈਸੇ ਲੈਣ ਦੀ ਵਾਇਰਲ ਵੀਡੀਓ ਦਾ, ਪੈਸੇ ਦੇਣ ਵਾਲੇ ਨੇ ਦੱਸੀ ਸੱਚਾਈ

05/12/2022 3:54:46 PM

ਜਲੰਧਰ (ਸ਼ੋਰੀ)-ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਵੀਡੀਓ, ਜਿਸ ’ਚ ਥਾਣਾ ਭਾਰਗੋ ਕੈਂਪ ’ਚ ਤਾਇਨਾਤ ਏ. ਐੱਸ. ਆਈ. ਗੋਪਾਲ ਸਿੰਘ ਕਿਸੇ ਤੋਂ ਪੈਸੇ ਲੈ ਰਿਹਾ ਹੈ ਤੇ ਉਸ ’ਤੇ ਦੋਸ਼ ਲੱਗਾ ਕਿ ਉਹ ਰਿਸ਼ਵਤ ਦੇ ਪੈਸੇ ਲੈ ਰਿਹਾ ਹੈ। ਇਸ ਮਾਮਲੇ ’ਚ ਕਹਾਣੀ ਨੇ ਨਵਾਂ ਮੋੜ ਲੈ ਲਿਆ, ਜਦੋਂ ਪੈਸੇ ਦੇਣ ਵਾਲਾ ਖ਼ੁਦ ਕਹਿ ਰਿਹਾ ਹੈ ਕਿ ਉਹ ਰਿਸ਼ਵਤ ਦੇ ਨਹੀਂ ਸਗੋਂ ਉਧਾਰੀ ਦਿੱਤੇ ਪੈਸੇ ਵਾਪਸ ਕਰ ਰਿਹਾ ਹੈ। ਦਰਅਸਲ, ਏ. ਐੱਸ. ਆਈ. ਗੋਪਾਲ ਸਿੰਘ ਨੂੰ ਪੈਸੇ ਦੇਣ ਵਾਲਾ ਅਸ਼ਵਨੀ ਪੁੱਤ ਬੰਦਾ ਰਾਮ ਨਿਵਾਸੀ ਭਾਰਗੋ ਕੈਂਪ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਹੈ ਕਿ ਉਸ ਦੇ ਖ਼ਿਲਾਫ਼ ਥਾਣਾ ਭਾਰਗੋ ਕੈਂਪ ’ਚ ਜੂਆ ਖੇਡਣ ਦਾ ਕੇਸ ਦਰਜ ਹੋਇਆ ਸੀ। ਇਸ ਮਾਮਲੇ ’ਚ ਅਦਾਲਤ ਨੇ ਉਸ ਨੂੰ ਜੁਰਮਾਨਾ ਕੀਤਾ ਤੇ ਉਸ ਕੋਲ ਉਸ ਸਮੇਂ ਪੈਸੇ ਨਹੀਂ ਸਨ ਤਾਂ ਉਸ ਨੇ ਏ. ਐੱਸ. ਆਈ. ਗੋਪਾਲ ਸਿੰਘ ਤੋਂ 1 ਹਜ਼ਾਰ ਰੁਪਏ ਉਧਾਰ ਲਏ, ਜੋ ਉਸ ਨੇ ਅਦਾਲਤ ’ਚ ਜਮ੍ਹਾ ਕਰਵਾਏ। ਉਸੇ ਦਿਨ ਦੇਰ ਸ਼ਾਮ ਉਸ ਨੇ ਏ. ਐੱਸ. ਆਈ. ਗੋਪਾਲ ਸਿੰਘ ਨੂੰ ਪੈਸੇ ਵਾਪਸ ਦੇਣ ਲਈ ਬੁਲਾਇਆ। ਪੈਸੇ ਵਾਪਸ ਕਰਦੇ ਸਮਾਂ ਗ਼ਲਤੀ ਨਾਲ ਬੱਚਿਆਂ ਨੇ ਮੋਬਾਇਲ ਫੋਨ ’ਤੇ ਵੀਡੀਓ ਬਣਾ ਲਈ, ਜਿਸ ਬਾਰੇ ਉਸ ਨੂੰ ਪਤਾ ਨਹੀਂ ਚੱਲਿਆ।

ਕੁਝ ਦਿਨ ਪਹਿਲਾਂ ਬੱਚਿਆਂ ਨੇ ਕਿਸੇ ਅਣਪਛਾਤੇ ਵਿਅਕਤੀ ਨੂੰ ਵੀਡੀਓ ਵਿਖਾਈ, ਜਿਸ ਨੇ ਵੀਡੀਓ ਨੂੰ ਆਪਣੇ ਮੋਬਾਇਲ ’ਤੇ ਪਾ ਕੇ ਵਾਇਰਲ ਕਰ ਦਿੱਤੀ। ਅਸ਼ਵਨੀ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਦੀ ਰਿਸ਼ਵਤ ਏ. ਐੱਸ. ਆਈ. ਨੂੰ ਨਹੀਂ ਦਿੱਤੀ ਹੈ। ਉੱਥੇ ਹੀ ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਬਲਜਿਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਾਫ਼ੀ ਗਹਿਰਾਈ ਨਾਲ ਕਰਨ ਤੋਂ ਬਾਅਦ ਉਨ੍ਹਾਂ ਨੇ ਪੈਸੇ ਦੇਣ ਵਾਲੇ ਨਾਲ ਖੁਦ ਗੱਲਬਾਤ ਕੀਤੀ ਤੇ ਪੂਰਾ ਮਾਮਲਾ ਸਾਫ਼ ਹੋਇਆ।


Manoj

Content Editor

Related News