ਸਰਪੰਚੀ ਦੀ ਰੰਜਿਸ਼ ’ਚ ਸਾਬਕਾ ਸਰਪੰਚ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ

02/27/2023 5:59:32 PM

ਜਲੰਧਰ (ਜ.ਬ.) : ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਸ਼ੇਰਪੁਰ ਵਿਖੇ ਦੋ ਧੜਿਆਂ ਵਿਚਕਾਰ ਝਗੜੇ ਦੀ ਸ਼ਿਕਾਇਤ ਰਵੀ ਪਾਲ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਰਪੁਰ ਨੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਰਵੀ ਪਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ 21 ਫਰਵਰੀ ਨੂੰ ਉਹ ਆਪਣੇ ਮਾਮੇ ਸੁਰਿੰਦਰ ਪਾਲ ਦੇ ਘਰ ਵਿਚ ਬਿਜਲੀ ਦਾ ਕੰਮ ਕਰਨ ਲਈ ਰਾਤ ਲਗਭਗ 8.30 ਵਜੇ ਐਕਟਿਵਾ ’ਤੇ ਆਪਣੇ ਪਾਰਟਨਰ ਲਖਵਿੰਦਰ ਪਾਲ ਉਰਫ਼ ਕਾਕਾ ਨਿਵਾਸੀ ਸ਼ੇਰਪੁਰ ਨਾਲ ਨੂਰਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਗੁਰਮੀਤ ਲਾਲ ਪੁੱਤਰ ਮੁਨਸ਼ੀ ਲਾਲ ਨਿਵਾਸੀ ਸ਼ੇਰਪੁਰ ਦੇ ਘਰ ਅੱਗੇ ਗਲੀ ’ਚੋਂ ਨਿਕਲ ਰਿਹਾ ਸੀ ਤਾਂ ਉਥੇ ਗੁਰਮੀਤ ਲਾਲ, ਉਸ ਦਾ ਬੇਟਾ ਗੁਰਵਿੰਦਰ ਸਿੰਘ, ਪਤਨੀ ਸੁਰਿੰਦਰ ਕੌਰ, ਲੜਕੀ ਸੁਖਰਾਜਦੀਪ ਕੌਰ ਅਤੇ ਸੋਮਾ ਰਾਣੀ ਪਤਨੀ ਅਸ਼ਵਨੀ ਕੁਮਾਰ ਖੜ੍ਹੇ ਸਨ। ਸਾਰਿਆਂ ਨੇ ਰਸਤਾ ਰੋਕ ਕੇ ਉਸ ਦੀ ਐਕਟਿਵਾ ਨੂੰ ਰੋਕ ਲਿਆ ਅਤੇ ਉਸ ਨੂੰ ਧੱਕੇ ਨਾਲ ਆਪਣੇ ਘਰ ਦੇ ਅੰਦਰ ਲੈ ਗਏ ਅਤੇ ਇੰਨੇ ਵਿਚ ਅਸ਼ਵਨੀ ਕੁਮਾਰ ਪੁੱਤਰ ਚਰਨ ਦਾਸ ਵੀ ਉੱਥੇ ਆ ਗਿਆ ਅਤੇ ਸਾਰਿਆਂ ਨੇ ਉਸ ਨੂੰ ਜ਼ਬਰਦਸਤੀ ਕਮਰੇ ਅੰਦਰ ਬੰਦ ਕਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਗਲੇ ਵਿਚ ਪਹਿਨੀ ਹੋਈ 2 ਤੋਲੇ ਸੋਨੇ ਦੀ ਚੇਨ ਵੀ ਉਤਾਰ ਲਈ। ਫਿਰ ਲਖਵਿੰਦਰ ਪਾਲ ਉਰਫ਼ ਕਾਕਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਗੁਰਮੀਤ ਲਾਲ ਦੇ ਘਰੋਂ ਕੱਢਣ ਲਈ ਮਾਮਾ ਸੁਰਿੰਦਰ ਪਾਲ ਆਏ ਅਤੇ ਗੁਰਮੀਤ ਸਿੰਘ ਨੇ ਉਸ ਦੇ ਮਾਮੇ ਸੁਰਿੰਦਰ ਪਾਲ ਨੂੰ ਜ਼ਖਮੀ ਕਰ ਦਿੱਤਾ।
ਇਸ ਤੋਂ ਬਾਅਦ ਤਰਲੋਕ ਕੁਮਾਰ ਪੁੱਤਰ ਜਗਨਨਾਥ ਨਿਵਾਸੀ ਪਿੰਡ ਮੁਬਾਰਕਪੁਰ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾ ਰਿਹਾ ਸੀ ਤਾਂ ਰਸਤੇ ਵਿਚ ਸ਼ੇਰਪੁਰ ਨਹਿਰ ਦੇ ਨੇੜੇ ਸਾਬਕਾ ਸਰਪੰਚ ਅਤੇ ਨੰਬਰਦਾਰ ਰੂਪ ਚੰਦ ਨੇ ਉਨ੍ਹਾਂ ਸਾਰਿਆਂ ਨੂੰ ਫਿਰ ਤੋਂ ਰੋਕਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਹ ਬਚਾਅ ਕਰਦੇ ਹੋਏ ਸਿਵਲ ਹਸਪਤਾਲ ਪੁੱਜੇ।

ਇਹ ਵੀ ਪੜ੍ਹੋ : ਆਰ. ਪੀ. ਜੀ. ਅਟੈਕ ਦਾ ਮਾਮਲਾ : ਸਖ਼ਤ ਸੁਰੱਖਿਆ ਵਿਵਸਥਾ ’ਚ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਕੀਤਾ ਪੇਸ਼

ਰਵੀ ਪਾਲ ਨੇ ਸ਼ਿਕਾਇਤ ’ਚ ਲਿਖਿਆ ਕਿ ਰੂਪ ਚੰਦ ਸਾਬਕਾ ਸਰਪੰਚ ਅਤੇ ਸਾਬਕਾ ਨੰਬਰਦਾਰ ਸੀ, ਜਿਹੜਾ ਧੋਖਾਧੜੀ ਦੇ ਮਾਮਲੇ ’ਚ ਸਜ਼ਾ ਹੋਣ ਕਾਰਨ ਸਰਪੰਚੀ ਅਤੇ ਨੰਬਰਦਾਰੀ ਤੋਂ ਡਿਸਮਿਸ ਹੋ ਗਿਆ ਸੀ ਅਤੇ ਸਰਪੰਚੀ ਉਸ ਦੇ ਮਾਮੇ ਦੇ ਪੁੱਤਰ ਜਸਵਿੰਦਰ ਕੁਮਾਰ ਤੇ ਨੰਬਰਦਾਰੀ ਜਤਿੰਦਰ ਕੁਮਾਰ ਨੂੰ ਮਿਲਣ ਕਾਰਨ ਰੰਜਿਸ਼ ਰੱਖਣ ਲੱਗਾ। ਉਸ ਨੇ ਸਾਜ਼ਿਸ਼ ਅਧੀਨ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਦਾ ਮਾਮਾ ਕਿਸੇ ਟਾਈਲਾਂ ਵਾਲੇ ਵਿਅਕਤੀ ਨੂੰ ਆਪਣੇ ਘਰ ਦਾ ਪਤਾ ਦੱਸਣ ਲਈ ਫੋਨ ’ਤੇ ਗੱਲ ਕਰਦੇ ਹੋਏ ਗੁਰਮੀਤ ਲਾਲ ਦੇ ਘਰ ਨੇੜੇ ਪੁੱਜਾ ਤਾਂ ਉਸ ਨੇ ਉਸ ਦੇ ਮਾਮੇ ਨਾਲ ਗਾਲੀ-ਗਲੋਚ ਵੀ ਕੀਤਾ ਸੀ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ ਧਾਰਾ 341, 342, 323, 379, 148, 149, 506, 120-ਬੀ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਪਿਛਲੇ ਦਿਨੀਂ ਸੁਰਿੰਦਰ ਪਾਲ, ਜਸਵਿੰਦਰ ਅਤੇ ਜਤਿੰਦਰ ਕੁਮਾਰ ਪੁੱਤਰ ਸ਼ਿੰਗਾਰਾ ਲਾਲ ਤੋਂ ਇਲਾਵਾ ਕਈ ਲੋਕਾਂ ਖ਼ਿਲਾਫ਼ ਵੀ ਗੁਰਮੀਤ ਲਾਲ ਨੇ ਬਿਆਨ ਦੇ ਕੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਵਾਇਆ ਸੀ। ਨੰਬਰਦਾਰ ਜਤਿੰਦਰ ਕੁਮਾਰ ਪੁੱਤਰ ਸ਼ਿੰਗਾਰਾ ਲਾਲ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਇਹ ਲੜਾਈ ਹੋਈ ਸੀ ਤਾਂ ਉਹ ਮੌਕੇ ’ਤੇ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦਾ ਨਾਂ ਜਾਣਬੁੱਝ ਕੇ ਪੁਆਇਆ ਗਿਆ ਸੀ।

ਇਹ ਵੀ ਪੜ੍ਹੋ : ਨੌਜਵਾਨ ਦੀਆਂ ਉਗਲੀਆਂ ਕੱਟਣ ਦਾ ਮਾਮਲਾ, ਮੁਲਜ਼ਮ ਤਰੁਣ ਨੂੰ 6 ਮਾਰਚ ਤੱਕ ਪੁਲਸ ਰਿਮਾਂਡ ’ਤੇ ਭੇਜਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News