ਫਗਵਾੜਾ ’ਚ ਕਾਰ ਚੋਰੀ ਦੀ ਵਾਰਦਾਤ ਹੱਲ, ਮੁਲਜ਼ਮ ਗ੍ਰਿਫ਼ਤਾਰ

Wednesday, Dec 20, 2023 - 06:04 PM (IST)

ਫਗਵਾੜਾ ’ਚ ਕਾਰ ਚੋਰੀ ਦੀ ਵਾਰਦਾਤ ਹੱਲ, ਮੁਲਜ਼ਮ ਗ੍ਰਿਫ਼ਤਾਰ

ਕਪੂਰਥਲਾ/ਫਗਵਾੜਾ (ਮਹਾਜਨ/ਭੂਸ਼ਣ/ਜਲੋਟਾ/ਮੁਕੇਸ਼)-ਬੀਤੇ ਦਿਨੀਂ ਫਗਵਾੜਾ ਵਿਖੇ ਚੋਰੀ ਹੋਈ ਕਰੋਲਾ ਕਾਰ ਦੇ ਮਾਮਲੇ ਨੂੰ ਹੱਲ ਕਰਦਿਆਂ ਜ਼ਿਲ੍ਹਾ ਪੁਲਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਦਿਆਂ ਗੱਡੀ ਬਰਾਮਦ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਪੁਲਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਫਗਵਾੜਾ ਵਿਖੇ ਇਕ ਨਸ਼ਾ ਸਮੱਗਲਰ ਨੂੰ ਵੀ 38 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸ. ਐੱਸ. ਪੀ. ਵਤਸਲਾ ਗੁਪਤਾ ਨੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਦਸੰਬਰ ਦੀ ਰਾਤ ਨੂੰ ਕਰੀਬ ਸਾਢੇ 9 ਵਜੇ ਫਗਵਾੜਾ ਨਿਵਾਸੀ ਤਰਲੋਚਨ ਸਿੰਘ ਆਪਣੀ ਕਰੋਲਾ ਕਾਰ ਰਾਹੀਂ ਬਾਜ਼ਾਰ ’ਚ ਖ਼ਰੀਦੋ-ਫਰੋਖ਼ਤ ਲਈ ਗਿਆ ਸੀ। ਜਦੋਂ ਉਹ ਆਪਣੀ ਪਾਰਕ ਕੀਤੀ ਗੱਡੀ ਵਾਲੀ ਥਾਂ ’ਤੇ ਪਹੁੰਚਿਆ ਤਾਂ ਉਸ ਦੀ ਗੱਡੀ ਉਥੋਂ ਚੋਰੀ ਹੋ ਚੁੱਕੀ ਸੀ। ਇਸ ਸਬੰਧੀ ਥਾਣਾ ਸਿਟੀ ਫਗਵਾੜਾ ’ਚ ਮਾਮਲਾ ਦਰਜ ਕਰਕੇ ਐੱਸ. ਪੀ. ਫਗਵਾੜਾ ਗੁਰਪ੍ਰੀਤ ਸਿੰਘ, ਡੀ. ਐੱਸ. ਪੀ. ਜਸਪ੍ਰੀਤ ਸਿੰਘ, ਐੱਸ. ਐੱਚ. ਓ. ਗੌਰਵ ਧੀਰ ਅਤੇ ਨਾਰਕੋਟਿਕਸ ਸੈੱਲ ਦੇ ਬਿਸਮਨ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀਆਂ ਤਿਆਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ

ਐੱਸ. ਐੱਸ. ਪੀ. ਨੇ ਦੱਸਿਆ ਕਿ ਮਾਮਲੇ ਦੀ ਵੱਖ-ਵੱਖ ਤਕਨੀਕੀ ਅਤੇ ਵਿਗਿਆਨਿਕ ਪੱਖਾਂ ਤੋਂ ਜਾਂਚ ਦੌਰਾਨ ਪੁਲਸ ਨੂੰ ਉਸ ਵੇਲੇ ਸਫ਼ਲਤਾ ਮਿਲੀ, ਜਦੋਂ ਮੁਲਜ਼ਮ ਇੰਦਰਜੀਤ ਉਰਫ਼ ਇੰਦਰ ਵਾਸੀ ਰਾਮਪੁਰਾ ਥਾਣਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਹਾਲ ਵਾਸੀ ਮੁਹੱਲਾ ਭਗਤਪੁਰਾ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਕਾਬੂ ਕੀਤਾ ਗਿਆ। ਪੁਲਸ ਵੱਲੋਂ ਮੁਲਜ਼ਮ ਨੂੰ ਸਮੇਤ ਗੱਡੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇੰਦਰਜੀਤ ਨੇ ਮੁੱਢਲੀ ਤਫ਼ਤੀਸ਼ ’ਚ ਖ਼ੁਲਾਸਾ ਕੀਤਾ ਕਿ ਉਸ ਨੇ 15 ਦਸੰਬਰ ਨੂੰ ਬੱਸ ਸਟੈਂਡ ਦੇ ਸਾਹਮਣੇ ਫਲਾਈ ਓਵਰ ਦੇ ਥੱਲ੍ਹੇ ਖੜ੍ਹੀ ਗੱਡੀ ਸਵਿੱਫਟ ਦਾ ਸ਼ੀਸ਼ਾ ਤੋੜ ਕੇ 35,000 ਰੁਪਏ ਤੇ ਹੋਰ ਸਾਮਾਨ ਚੋਰੀ ਕੀਤਾ ਸੀ, ਜਿਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਥਾਣਾ ਸਿਟੀ ਫਗਵਾੜਾ ਦੇ ਏ. ਐੱਸ. ਆਈ. ਦਰਸ਼ਨ ਸਿੰਘ ਦੀ ਪੁਲਸ ਪਾਰਟੀ ਵੱਲੋਂ ਗਸ਼ਤ ਦੌਰਾਨ ਨੇੜੇ ਪਾਣੀ ਵਾਲੀ ਟੈਂਕੀ ਬਾਬਾ ਗਧੀਆ ਤੋਂ ਹਰਪ੍ਰੀਤ ਸਿੰਘ ਉਰਫ਼ ਸੀਟੂ ਵਾਸੀ ਖਲਵਾੜਾ ਗੇਟ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਸ ਦੇ ਕੋਲੋਂ 38 ਗ੍ਰਾਮ ਹੈਰੋਇਨ ਸਮੇਤ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਣ ’ਤੇ ਮੁਕੱਦਮਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਥਾਣਾ ਰਾਵਲਪਿੰਡੀ ਹੇਠ ਪੈਂਦੇ ਇਲਾਕੇ ’ਚ ਬਣੀ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਹੁਲੜਬਾਜ਼ੀ, ਝਗੜਾ ਆਦਿ ਕਰਨ ਦੇ ਦੋਸ਼ ’ਚ 9 ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਤੇ ਨਵਜੋਤ ਸਿੱਧੂ ਵਿਚਾਲੇ ਖੜਕੀ, ਵੱਖਰਾ ਅਖਾੜਾ ਨਾ ਲਗਾਉਣ ਵਾਲੇ ਬਿਆਨ 'ਤੇ ਸਿੱਧੂ ਦਾ ਮੋੜਵਾਂ ਜਵਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News