ਸ੍ਰੀ ਕੀਰਤਪੁਰ ਸਾਹਿਬ ''ਚ ਵੱਡਾ ਹਾਦਸਾ, ਆਲਟੋ ਕਾਰ ਡਰਾਈਵਰ ਸਣੇ ਨਹਿਰ ''ਚ ਡਿੱਗੀ
Sunday, Jan 05, 2025 - 02:52 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਬਿਲਾਸਪੁਰ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ ’ਤੇ ਪਿੰਡ ਕਲਿਆਣਪੁਰ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਨੇੜੇ ਇਕ ਤੇਜ਼ ਰਫ਼ਤਾਰ ਟੈਂਪੂ ਟਰੈਵਲ ਦੇ ਡਰਾਈਵਰ ਵੱਲੋਂ ਇਕ ਆਲਟੋ ਕਾਰ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ ਗਈ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਜਾ ਡਿੱਗੀ, ਜਿਸ ਦੇ ਡਰਾਈਵਰ ਨੂੰ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਨਹਿਰ ਦੇ ਪਾਣੀ ਵਿਚ ਡਿੱਗੀ ਕਾਰ ਵਿਚੋਂ ਸਹੀ ਸਲਾਮਤ ਬਾਹਰ ਕੱਢ ਉਸ ਦੀ ਜਾਨ ਬਚਾ ਲਈ ਹੈ।
ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਉਰਫ਼ ਹੈਪੀ (27)ਪੁੱਤਰ ਧਰਮਪਾਲ ਵਾਸੀ ਪਿੰਡ ਭਗਵਾਲਾ ਵਾਰਡ ਨੰਬਰ 11 ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਆਪਣੀ ਅਲਟੋ ਕਾਰ ਵਿਚ ਪੈਟਰੋਲ ਪੰਪ ਤੋਂ ਤੇਲ ਪੁਆ ਕੇ ਪਿੰਡ ਮੱਸੇਵਾਲ ਦੀ ਸਾਈਡ ਤੋਂ ਵਾਪਸ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ, ਜਦੋਂ ਇਹ ਪਿੰਡ ਕਲਿਆਣਪੁਰ, ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਦੇ ਪੁਲ ਤੋਂ ਥੋੜਾ ਪਿੱਛੇ ਹੀ ਸੀ ਤਾਂ ਇਸ ਨੂੰ ,ਇਸ ਦੇ ਪਿੱਛੇ ਤੋਂ ਆ ਰਹੀ ਇਕ ਉੱਤਰ ਪ੍ਰਦੇਸ਼ ਨੰਬਰ ਦੀ ਟੈਂਪੂ ਟਰੈਵਲ ਵੱਲੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਅਲਟੋ ਕਾਰ ਡਰਾਈਵਰ ਸਮੇਤ ਨਹਿਰ ਦੀ ਸਾਈਡ ਅਤੇ ਬਣੀ ਹੋਈ ਕੰਧ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਜਦਕਿ ਟੈਂਪੂ ਟਰੈਵਲ ਦਾ ਚਾਲਕ ਆਪਣੀ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਖ਼ੁਦਕੁਸ਼ੀ ਮਾਮਲੇ ’ਚ ਨਵਾਂ ਮੋੜ, ਮੁਅੱਤਲ SHO ਨਵਦੀਪ ਤੇ ਹੋਰ ਮੁਲਾਜ਼ਮਾਂ ਨੂੰ ਹੁਕਮ ਜਾਰੀ
ਇਸ ਦੌਰਾਨ ਮੌਕੇ ਇਕੱਠੇ ਹੋਏ ਲੋਕਾਂ ਵੱਲੋਂ ਪਹਿਲਾਂ ਨਹਿਰ ਦੇ ਪਾਣੀ ਵਿਚ ਡੁੱਬ ਰਹੀ ਕਾਰ ਵਿਚੋਂ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਰੱਸਿਆਂ ਦੀ ਮਦਦ ਨਾਲ ਨਹਿਰ ਦੇ ਪਾਣੀ ਵਿਚੋਂ ਬਾਹਰ ਕੱਢ ਲਿਆ ਗਿਆ। ਹਾਦਸੇ ਦੌਰਾਨ ਨੌਜਵਾਨ ਦੇ ਮਾਮੂਲੀ ਸੱਟਾਂ ਲੱਗ ਗਈਆਂ, ਜਿਸ ਨੂੰ ਇਲਾਜ ਲਈ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ ਇਕ ਪੱਤਰਕਾਰ ਵੱਲੋਂ ਆਪਣੀ ਕਾਰ ਵਿਚ ਟੈਂਪੂ ਟਰੈਵਲ ਦਾ ਪਿੱਛਾ ਕਰਦੇ ਹੋਏ ਉਸ ਨੂੰ ਪਿੰਡ ਹਜ਼ਾਰਾਂ ਦੇ ਨਜ਼ਦੀਕ ਘੇਰ ਲਿਆ ਗਿਆ ਅਤੇ ਮੌਕੇ ’ਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਸੂਚਿਤ ਕਰ ਕੇ ਟੈਂਪੂ ਟਰੈਵਲ ਅਤੇ ਉਸ ਦੇ ਚਾਲਕ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਅਧਿਆਪਕਾ ਦਾ ਬੱਚੇ 'ਤੇ ਤਸ਼ਦੱਦ! ਵਾਇਰਲ ਹੋਈ ਵੀਡੀਓ ਨੇ ਉਡਾ 'ਤੇ ਸਭ ਦੇ ਹੋਸ਼
ਇਸ ਬਾਰੇ ਜਦੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਜਾਂਚ ਅਧਿਕਾਰੀ ਏ.ਐੱਸ.ਆਈ. ਖੁਸ਼ਹਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਸ ਵੱਲੋਂ ਟੈਂਪੂ ਟਰੈਵਲ ਅਤੇ ਉਸ ਦੇ ਡਰਾਈਵਰ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਲਟੋ ਕਾਰ ਚਾਲਕ ਹਰਜਿੰਦਰ ਸਿੰਘ ਨੇ ਪੁਲਸ ਨੂੰ ਕੋਈ ਬਿਆਨ ਦਰਜ ਨਹੀਂ ਕਰਵਾਇਆ ਹੈ, ਉਸ ਨੇ ਐਤਵਾਰ ਤੱਕ ਦਾ ਪੁਲਸ ਕੋਲੋਂ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਹਰਜਿੰਦਰ ਸਿੰਘ ਵੱਲੋਂ ਪੁਲਸ ਨੂੰ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਦੇ ਆਧਾਰ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਤੋਂ 3 ਦਿਨ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, PRTC ਤੇ ਪਨਬਸ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e